Yes Bank 'ਚ ਰੱਖੇ ਹਨ ਭਗਵਾਨ ਸ਼੍ਰੀ ਜਗਨਨਾਥ ਦੇ 545 ਕਰੋੜ ਰੁਪਏ
Friday, Mar 13, 2020 - 09:07 AM (IST)
ਭੁਵਨੇਸ਼ਵਰ — ਭਗਵਾਨ ਸ਼੍ਰੀ ਜਗਨਨਾਥ ਜੀ ਦੇ 545 ਕਰੋੜ ਰੁਪਏ ਯੈੱਸ ਬੈਂਕ ਵਿਚ ਰੱਖੇ ਗਏ ਸਨ। ਇਹ ਗੱਲ ਓਡੀਸ਼ਾ ਦੇ ਵਿੱਤ ਮੰਤਰੀ ਨਿਰੰਜਨ ਪੁਜਾਰੀ ਨੇ ਬਜਟ ਸੈਸ਼ਨ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਦੱਸੀ। ਵਿੱਤ ਮੰਤਰੀ ਨਿਰੰਜਨ ਪੁਜਾਰੀ ਨੇ ਚਰਚਾ ਦੌਰਾਨ ਦੱਸਿਆ ਕਿ ਕਿਉਂ ਸ਼੍ਰੀ ਮੰਦਿਰ ਪ੍ਰਸ਼ਾਸਨ ਨੇ ਇਸ ਬੈਂਕ ਦੀ ਚੋਣ ਕੀਤੀ ਸੀ।
ਇਸ ਲਈ ਕੀਤੀ ਯੈੱਸ ਬੈਂਕ ਦੀ ਚੋਣ
ਸ਼੍ਰੀ ਮੰਦਿਰ ਪ੍ਰਸ਼ਾਸਨ ਨੇ ਕੋਟੇਸ਼ਨ ਦੇ ਆਧਾਰ 'ਤੇ ਸ਼ਡਿਊਲ ਬੈਂਕਾਂ ਤੋਂ ਪ੍ਰਸਤਾਵ ਮੰਗਵਾਇਆ ਸੀ। ਇਸ ਲਈ ਕੁੱਲ 12 ਬੈਂਕਾਂ ਨੇ ਕੋਟੇਸ਼ਨ ਪਾਈ ਸੀ। 12 ਬੈਂਕਾਂ ਵਿਚੋਂ ਯੈੱਸ ਬੈਂਕ ਨੇ ਸਾਰਿਆਂ ਤੋਂ ਵਧ 8.61 ਫੀਸਦੀ ਵਿਆਜ ਦੇਣ ਦਾ ਭਰੋਸਾ ਦਿੱਤਾ ਸੀ। ਇਸ ਕਾਰਨ ਸ਼੍ਰੀ ਮੰਦਿਰ ਪ੍ਰਸ਼ਾਸਨ ਨੇ ਯੈੱਸ ਬੈਂਕ ਵਿਚ ਪੈਸਾ ਰੱਖਿਆ ਸੀ। ਕੁੱਲ ਜਮ੍ਹਾਂ ਰਾਸ਼ੀ ਇਕ ਸਾਲ ਲਈ ਯੈੱਸ ਬੈਂਕ ਵਿਚ ਰੱਖੀ ਗਈ ਸੀ।
ਜ਼ਿਕਰਯੋਗ ਹੈ ਕਿ ਮਹਾਂਪ੍ਰਭੂ ਸ਼੍ਰੀ ਜਗਨਨਾਥ ਦੇ 545 ਕਰੋੜ ਰੁਪਏ ਯੈੱਸ ਬੈਂਕ ਵਿਚ ਰੱਖੇ ਜਾਣ ਨੂੰ ਲੈ ਕੇ ਵਿਰੋਧੀ ਪਾਰਟੀ ਨੇ ਵਿਧਾਨ ਸਭਾ 'ਚ ਭਾਰੀ ਹੰਗਾਮਾ ਕੀਤਾ ਸੀ। ਮਹਾਂ ਪ੍ਰਭੂ ਦੇ ਪੈਸੇ ਹੜੱਪਣ ਦੀ ਸਾਜਿਸ਼ ਦੱਸਦੇ ਹੋਏ ਵਿਰੋਧੀ ਧਿਰ ਨੇ ਕਾਰਵਾਈ 'ਚ ਰੁਕਾਵਟ ਪਾਈ ਸੀ। ਵਿਧਾਨ ਸਭਾ ਸਪੀਕਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਮੰਗ ਕੀਤੇ ਜਾਣ ਦੇ ਬਾਅਦ ਵਿਚਾਰ-ਵਟਾਂਦਰੇ ਲਈ ਇਜਾਜ਼ਤ ਦੇ ਦਿੱਤੀ ਸੀ।
ਵਿੱਤ ਮੰਤਰੀ ਨਾਲ ਕੀਤੀ ਗਈ ਮੁਲਾਕਾਤ
ਯੈੱਸ ਬੈਂਕ ਵਿਚ ਜਮ੍ਹਾ ਸ਼੍ਰੀ ਜਗਨਨਾਥ ਮੰਦਰ ਦੇ 545 ਕਰੋੜ ਰੁਪਏ ਵਾਪਸ ਲਿਆਉਣ ਲਈ ਬੀਜਦ ਵੱਲੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬੁੱਧਵਾਰ ਨੂੰ ਬੀਜਦ ਦੇ ਇੱਕ ਸੰਸਦੀ ਵਫਦ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ। ਬੀਜਦ ਦੇ ਨੁਮਾਇੰਦਿਆਂ ਨੇ ਕੇਂਦਰੀ ਵਿੱਤ ਮੰਤਰੀ ਨੂੰ ਸ਼੍ਰੀ ਜਗਨਾਥ ਮੰਦਿਰ ਦੇ ਯੈੱਸ ਬੈਂਕ ਵਿਚ ਜਮ੍ਹਾ ਰੁਪਏ ਵਾਪਸ ਕਰਵਾਉਣ ਦੀ ਅਪੀਲ ਕੀਤੀ। ਜਗਨਨਾਥ ਮੰਦਿਰ ਸਨਾਤਨ ਸੱਭਿਆਚਾਰ ਦੇ ਚਾਰ ਧਾਮਾਂ ਵਿਚੋਂ ਇਕ ਹੈ।