ਹਾਂ, ਮੈਂ ਚਾਹ ਵੇਚੀ ਪਰ ਦੇਸ਼ ਨਹੀਂ : ਮੋਦੀ

Tuesday, Nov 28, 2017 - 12:23 AM (IST)

ਹਾਂ, ਮੈਂ ਚਾਹ ਵੇਚੀ ਪਰ ਦੇਸ਼ ਨਹੀਂ : ਮੋਦੀ

ਭੁਜ (ਯੂ. ਐੱਨ. ਆਈ.)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਉਸ ਦੇ ਉਪ ਪ੍ਰਧਾਨ ਰਾਹੁਲ 'ਤੇ ਚਾਰੇ ਪਾਸਿਓਂ ਜ਼ੋਰਦਾਰ ਹਮਲੇ ਬੋਲਦਿਆਂ ਸੋਮਵਾਰ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਹਾਫਿਜ਼ ਸਈਦ ਦੇ ਰਿਹਾਅ ਹੋਣ 'ਤੇ ਕਾਂਗਰਸੀ ਕਿਸ ਲਈ ਤਾੜੀਆਂ ਵਜਾ ਰਹੇ ਹਨ।
ਆਪਣੇ ਗ੍ਰਹਿ ਸੂਬੇ ਗੁਜਰਾਤ 'ਚ ਚੋਣ ਮੁਹਿੰਮ ਦੀ ਬਕਾਇਦਾ ਸ਼ੁਰੂਆਤ ਕਰਦਿਆਂ ਕੱਛ ਦੇ ਜ਼ਿਲਾ ਹੈੱਡ ਕੁਆਰਟਰ ਭੁਜ ਵਿਖੇ ਆਪਣੇ ਪਹਿਲੇ ਚੋਣ ਜਲਸੇ 'ਚ ਬੋਲਦਿਆਂ ਮੋਦੀ ਨੇ ਡੋਕਲਾਮ ਮੁੱਦੇ ਅਤੇ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਵੀ ਕਾਂਗਰਸ 'ਤੇ ਸ਼ਰੇਆਮ ਹਮਲੇ ਕੀਤੇ।
ਰਾਹੁਲ ਵੱਲੋਂ ਸਈਦ ਦੀ ਰਿਹਾਈ 'ਤੇ ਕੀਤੀ ਗਈ ਟਿੱਪਣੀ ਅਤੇ ਡੋਕਲਾਮ ਮੁੱਦੇ ਸਮੇਂ ਚੀਨੀ ਰਾਜਦੂਤ ਨਾਲ ਮੁਲਾਕਾਤ ਕਰਨ ਅਤੇ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਣ ਵੱਲ ਇਸ਼ਾਰਾ ਕਰਦਿਆਂ ਮੋਦੀ ਨੇ ਕਿਹਾ ਕਿ ਪਾਕਿਸਤਾਨ ਦੀ ਇਕ ਅਦਾਲਤ ਦੇ ਹੁਕਮ 'ਤੇ ਹਾਫਿਜ਼ ਸਈਦ ਰਿਹਾਅ ਹੋਇਆ ਹੈ। ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਕਾਂਗਰਸ ਕਿਸ ਲਈ ਤਾੜੀਆਂ ਵਜਾ ਰਹੀ ਹੈ। ਹੁਣ ਇਹ ਗੱਲ ਸਮਝ 'ਚ ਆਉਂਦੀ ਹੈ ਕਿ ਜਦੋਂ ਫੌਜ ਦੇ ਜਵਾਨ ਸਿਫਰ ਡਿਗਰੀ ਤੋਂ ਵੀ ਘੱਟ ਤਾਪਮਾਨ 'ਚ ਡੋਕਲਾਮ ਵਿਖੇ 70 ਦਿਨ ਤੱਕ ਚੀਨੀ ਫੌਜ ਦੇ ਸਾਹਮਣੇ ਡਟੇ ਰਹੇ ਸਨ ਤਾਂ ਰਾਹੁਲ ਚੀਨ ਦੇ ਭਾਰਤ 'ਚ ਸਥਿਤ ਰਾਜਦੂਤ ਨੂੰ ਕਿਉਂ ਗਲੇ ਮਿਲ ਰਹੇ ਸਨ। ਇਹ ਸਭ ਕੁਝ ਕਿਸ ਦੇ ਲਾਭ ਲਈ ਹੋਇਆ?
ਉਨ੍ਹਾਂ ਕਿਹਾ ਕਿ ਸਾਡੇ 'ਤੇ ਚਿੱਕੜ ਸੁੱਟਣ ਵਾਲਿਆਂ ਦਾ ਧੰਨਵਾਦ ਕਿਉਂਕਿ ਉਨ੍ਹਾਂ ਵੱਲੋਂ ਚਿੱਕੜ ਸੁੱਟਣ ਕਾਰਨ ਕਮਲ ਨੂੰ ਖਿੜਣ 'ਚ ਆਸਾਨੀ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਚਾਹ ਜ਼ਰੂਰ ਵੇਚੀ ਹੈ ਪਰ ਦੇਸ਼ ਨਹੀਂ ਵੇਚਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੰਬਈ 'ਚ 26 ਨਵੰਬਰ 2008 ਨੂੰ ਅੱਤਵਾਦੀ ਹਮਲਾ ਹੋਇਆ। ਉੜੀ 'ਚ ਵੀ ਅਜਿਹਾ ਹੀ ਹਮਲਾ ਹੋਇਆ ਸੀ। ਸਰਕਾਰ-ਸਰਕਾਰ ਅਤੇ ਨੇਤਾ-ਨੇਤਾ 'ਚ ਫਰਕ ਕੀ ਹੁੰਦਾ ਹੈ। ਇਹ ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਉੜੀ ਦੇ ਹਮਲੇ ਪਿੱਛੋਂ ਸਾਡੇ ਜਵਾਨਾਂ ਨੇ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ 'ਚ ਜਾ ਕੇ ਮਾਰਿਆ। ਇਕ ਪ੍ਰਮੁੱਖ ਅਖਬਾਰ ਨੇ ਸਰਜੀਕਲ ਸਟ੍ਰਾਈਕ ਪਿੱਛੋਂ ਟਰੱਕਾਂ 'ਚ ਲਾਸ਼ਾਂ ਭਰ ਕੇ ਲਿਜਾਣ ਦੀ ਖਬਰ ਛਾਪੀ ਸੀ ਪਰ ਗਰੀਬਾਂ ਦੇ ਘਰ 'ਚ ਭੋਜਨ ਕਰਨ ਦਾ ਨਾਟਕ ਕਰਨ ਦੀ ਫੋਟੋ ਛਪਵਾਉਣ ਵਾਲੇ ਲੋਕ ਲਾਸ਼ਾਂ ਵਾਲੇ ਟਰੱਕਾਂ ਦੀ ਵੀਡੀਓ ਜਾਂ ਤਸਵੀਰਾਂ ਮੰਗ ਰਹੇ ਸਨ। ਮੋਦੀ ਨੇ ਪੁੱਛਿਆ ਕਿ ਕੀ ਫੌਜ ਦੇ ਜਵਾਨ ਉਥੇ ਫਿਲਮ ਬਣਾਉਣ ਲਈ ਗਏ ਸਨ?


Related News