ਚਿੱਠੀ ਲਿਖੀ, ਭੁੱਖ ਹੜਤਾਲ ਕੀਤੀ, ਨਹੀਂ ਸੁਣਿਆ ਇਸ ਲਈ ਉਤਰਿਆ ਸੜਕਾਂ ’ਤੇ : ਸਚਿਨ ਪਾਇਲਟ
Sunday, May 14, 2023 - 03:33 PM (IST)
ਨੈਸ਼ਨਲ ਡੈਸਕ- ਰਾਜਸਥਾਨ ਕਾਂਗਰਸ ’ਚ ਸਿਆਸੀ ਘਟਨਾਚੱਕਰ ਡੂੰਘਾ ਹੁੰਦਾ ਜਾ ਰਿਹਾ ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਉਪ-ਮੁੱਖ ਮੰਤਰੀ ਸਚਿਨ ਪਾਇਲਟ ਆਪਣੀ ਹੀ ਸਰਕਾਰ ਖਿਲਾਫ ਸੜਕ ’ਤੇ ਜਨ ਸੰਘਰਸ਼ ਯਾਤਰਾ ਕੱਢ ਰਹੇ ਹਨ। ਇਸ ਯਾਤਰਾ ਦੌਰਾਨ ਪਾਇਲਟ ਨਾਲ ‘ਜਗ ਬਾਣੀ’ ਨੇ ਐਕਸਕਲੂਸਿਵ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮਨ ਨੂੰ ਟਟੋਲਣ ਦੀ ਕੋਸ਼ਿਸ਼ ਕੀਤੀ। ਪੇਸ਼ ਹਨ ‘ਜਗ ਬਾਣੀ’ ਦੇ ਰਾਹੁਲ ਯਾਦਵ ਨਾਲ ਸਚਿਨ ਪਾਇਲਟ ਦੀ ਗੱਲਬਾਤ ਦੇ ਅੰਸ਼–
ਮੇਰਾ ਵਿਰੋਧ ਨਿੱਜੀ ਨਹੀਂ, ਮੁੱਦਿਆਂ ਨਾਲ ਜੁੜਿਆ
ਸਵਾਲ- ਤੁਸੀਂ ਆਪਣੇ ਭਾਸ਼ਣਾਂ ’ਚ ਪੀ. ਐੱਮ. ਮੋਦੀ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਰਿਸ਼ਤਿਆਂ ’ਤੇ ਤੰਜ ਕੱਸਦੇ ਰਹਿੰਦੇ ਹੋ। ਹੁਣੇ ਜਿਹੇ ਮੋਦੀ ਰਾਜਸਥਾਨ ਆਏ ਸਨ। ਤੁਹਾਡਾ ਕੀ ਕਹਿਣਾ ਹੈ?
ਜਵਾਬ- ਉਹ ਪ੍ਰੋਗਰਾਮ ਸਰਕਾਰੀ ਸੀ, ਜਿਸ ਵਿਚ ਸਿਆਸੀ ਪ੍ਰੋਟੋਕੋਲ ਸੀ। ਸਿਆਸਤ ਵਿਚ ਲੋਕਾਂ ਨੂੰ ਮਿਲਣਾ ਹੀ ਪੈਂਦਾ ਹੈ। ਉਨ੍ਹਾਂ ਵਿਚ ਕੋਈ ਵੱਖਰੀ ਗੱਲ ਨਹੀਂ। ਮੇਰਾ ਵਿਰੋਧ ਨਿੱਜੀ ਨਹੀਂ, ਮੁੱਦਿਆਂ ਨਾਲ ਜੁੜਿਆ ਹੋਇਆ ਹੈ।
ਸਵਾਲ- ਤੁਸੀਂ ਆਪਣੇ ਸਮਰਥਕਾਂ ਨਾਲ ਯਾਤਰਾ ਕੱਢ ਰਹੇ ਹੋ, ਇਸ ਵਿਚ ਤੁਹਾਡਾ ਕੀ ਸੁਨੇਹਾ ਹੈ?
ਜਵਾਬ- ਮੈਂ ਆਪਣੇ ਵਰਕਰਾਂ ਨੂੰ ਕਿਹਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸੰਘਰਸ਼ ਕਰ ਰਹੇ ਹਾਂ। ਅਸੀਂ ਸਾਰੇ ਨੌਜਵਾਨਾਂ ਲਈ ਸੰਘਰਸ਼ ਕਰੀਏ। ਉਨ੍ਹਾਂ ਦੇ ਭਵਿੱਖ ਨੂੰ ਬਿਹਤਰ ਬਣਾਈਏ ਅਤੇ ਜੋ ਕਰੱਪਸ਼ਨ ਸਿਉਂਕ ਵਾਂਗ ਸਮਾਜ ਨੂੰ ਖਾ ਰਿਹਾ ਹੈ, ਉਸ ਵਿਰੁੱਧ ਆਵਾਜ਼ ਉਠਾਈਏ।
ਸਵਾਲ- ਤੁਹਾਡੀ ਯਾਤਰਾ ਦਾ ਮਕਸਦ ਕੀ ਹੈ–ਵਿਵਸਥਾਵਾਂ ’ਚ ਸੁਧਾਰ ਜਾਂ ਫਿਰ ਲੀਡਰਸ਼ਿਪ ’ਚ ਤਬਦੀਲੀ?
ਜਵਾਬ- ਅਸੀਂ ਚਾਹੁੰਦੇ ਹਾਂ ਕਿ ਰਾਜਸਥਾਨ ਦੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਰਹੇ। ਅਸੀਂ ਚੋਣਾਂ ਵਿਚ ਮੁੱਦਾ ਬਣਾਇਆ ਸੀ ਕਿ ਪਿਛਲੀ ਸਰਕਾਰ ਦੇ ਕਰੱਪਸ਼ਨ ਦੇ ਮਾਮਲਿਆਂ ਦੀ ਜਾਂਚ ਕਰਾਂਗੇ। ਉਸ ’ਤੇ ਕੁਝ ਨਹੀਂ ਹੋ ਰਿਹਾ, ਜਦੋਂਕਿ ਸਾਨੂੰ ਉਸ ਖਿਲਾਫ ਕਾਰਵਾਈ ਕਰਨ ਦੀ ਲੋੜ ਹੈ। ਮੈਂ ਕਈ ਚਿੱਠੀਆਂ ਵੀ ਲਿਖੀਆਂ ਸਨ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਮੈਂ ਇਸੇ ਮੰਗ ਨੂੰ ਲੈ ਕੇ ਭੁੱਖ ਹੜਤਾਲ ਕੀਤੀ ਪਰ ਇਸ ਦੇ ਬਾਵਜੂਦ ਰਾਜਸਥਾਨ ਸਰਕਾਰ ਨਾ ਤਾਂ ਕੋਈ ਭਰੋਸਾ ਦੇ ਰਹੀ ਹੈ ਅਤੇ ਨਾ ਹੀ ਕਾਰਵਾਈ ਕੀਤੀ ਜਾ ਰਹੀ ਹੈ। ਮੈਨੂੰ ਲੱਗਦਾ ਹੈ ਕਿ ਚੋਣਾਂ ’ਚ ਜੋ ਵਾਅਦਾ ਅਸੀਂ ਰਾਜਸਥਾਨ ਵਾਸੀਆਂ ਨਾਲ ਕੀਤਾ ਸੀ, ਉਹ ਪੂਰਾ ਕਰਨਾ ਹੀ ਚਾਹੀਦਾ ਹੈ। ਜਨਤਾ ਨੇ ਸਾਨੂੰ ਸੁਣ ਕੇ, ਦੇਖ ਕੇ ਵੋਟ ਪਾਈ ਅਤੇ ਸਾਡੇ ’ਤੇ ਭਰੋਸਾ ਕੀਤਾ ਪਰ ਲਗਭਗ ਪੂਰਾ ਕਾਰਜਕਾਲ ਲੰਘ ਜਾਣ ਤੋਂ ਬਾਅਦ ਵੀ ਸਾਡੇ ਆਪਣੇ ਵਾਅਦਿਆਂ ਦਾ ਪੂਰਾ ਨਾ ਹੋਣਾ ਕਈ ਸਵਾਲ ਪੈਦਾ ਕਰਦਾ ਹੈ। ਜਨਤਾ ਨਾਲ ਵਾਅਦੇ ਕਰਨ ਵਾਲੇ ਨੇਤਾਵਾਂ ਦੀ ਟੀਮ ਵਿਚ ਮੈਂ ਵੀ ਸੀ ਅਤੇ ਇਸੇ ਲਈ ਜਨਤਾ ਵਿਚਾਲੇ ਆਇਆ ਹਾਂ ਤਾਂ ਜੋ ਆਪਣੀ ਗੱਲ ਸਾਰਿਆਂ ਦੇ ਸਾਹਮਣੇ ਰੱਖ ਸਕਾਂ। ਨੌਜਵਾਨਾਂ ਦੇ ਭਵਿੱਖ ਲਈ ਅਤੇ ਕਰੱਪਸ਼ਨ ਨੂੰ ਖਤਮ ਕਰਨ ਲਈ ਅਸੀਂ ਇਹ ਯਾਤਰਾ ਕੱਢ ਰਹੇ ਹਾਂ। ਜਨਸੰਘਰਸ਼ ਯਾਤਰਾ ਕਿਸੇ ਦੇ ਖਿਲਾਫ ਨਹੀਂ ਹੈ ਅਤੇ ਨਾ ਹੀ ਕਿਸੇ ਦੇ ਵਿਰੋਧ ’ਚ ਹੈ। ਇਹ ਸਿਰਫ ਕਰੱਪਸ਼ਨ ਦੇ ਵਿਰੋਧ ’ਚ ਹੈ ਅਤੇ ਨੌਜਵਾਨਾਂ ਦੇ ਹਿੱਤ ਵਿਚ ਹੈ।
ਸਵਾਲ-ਤੁਹਾਡਾ ਇਹ ਅੰਦੋਲਨ ਭਾਜਪਾ ਦੇ ਖਿਲਾਫ ਹੈ ਜਾਂ ਫਿਰ ਗਹਿਲੋਤ ਸਰਕਾਰ ਦੇ ਖਿਲਾਫ?
ਜਵਾਬ- ਮੈਂ ਕਿਹਾ ਨਾ ਕਿ ਇਹ ਯਾਤਰਾ ਕਿਸੇ ਦੇ ਖਿਲਾਫ ਨਹੀਂ ਹੈ, ਸਿਰਫ ਕਰੱਪਸ਼ਨ ਦੇ ਖਿਲਾਫ ਹੈ। ਰਾਜਸਥਾਨ ਦੀ ਜਨਤਾ ਚਾਹੁੰਦੀ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਹੋਵੇ। ਜਿਨ੍ਹਾਂ ਨੇ ਸਾਨੂੰ ਵੋਟ ਪਾਈ, ਸੱਤਾ ਵਿਚ ਲਿਆਏ, ਸਰਕਾਰ ਬਣਾਈ, ਉਨ੍ਹਾਂ ਦੇ ਮੁੱਦਿਆਂ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ? ਇਸੇ ਲਈ ਮੇਰਾ ਅੰਦੋਲਨ ਨਾ ਤਾਂ ਗਹਿਲੋਤ ਸਰਕਾਰ ਦੇ ਖਿਲਾਫ ਹੈ ਅਤੇ ਨਾ ਹੀ ਭਾਜਪਾ ਦੇ ਖਿਲਾਫ। ਮੈਂ ਸਿਰਫ ਉਨ੍ਹਾਂ ਮੁੱਦਿਆਂ ਨੂੰ ਉਠਾ ਰਿਹਾ ਹਾਂ ਜਿਨ੍ਹਾਂ ਤੋਂ ਜਨਤਾ ਪੀੜਤ ਹੈ। ਜਿਹੜੇ ਮੈਨੂੰ ਸਵਾਲ ਪੁੱਛਦੇ ਹਨ, ਮੈਂ ਉਨ੍ਹਾਂ ਨੂੰ ਪੁੱਛ ਰਿਹਾ ਹਾਂ ਕਿ ਕੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ?
ਸਵਾਲ-ਤੁਸੀਂ ਆਪਣੀ ਯਾਤਰਾ ਅਜਮੇਰ ਤੋਂ ਹੀ ਕਿਉਂ ਸ਼ੁਰੂ ਕੀਤੀ, ਕੋਈ ਖਾਸ ਕਾਰਨ?
ਜਵਾਬ-ਪੇਪਰ ਲੀਕ ਦਾ ਮਾਮਲਾ ਮੈਂ ਉਠਾਇਆ ਹੈ। ਅਜਮੇਰ ਵਿਚ ਆਰ. ਪੀ. ਐੱਸ. ਸੀ. ਦਾ ਹੈੱਡਕੁਆਰਟਰ ਹੈ। ਉੱਥੋਂ ਸਾਰੇ ਪੇਪਰ ਆਦਿ ਬਣਦੇ ਹਨ ਅਤੇ ਇੰਟਰਵਿਊਜ਼ ਹੁੰਦੀਆਂ ਹਨ। ਉੱਥੇ ਹੀ ਕਈ ਵਾਰ ਪੇਪਰ ਲੀਕ ਹੋਏ ਹਨ। ਇਸ ਕਾਰਨ ਸੂਬੇ ਭਰ ਦੇ ਲੋਕ ਬਹੁਤ ਦੁਖੀ ਹਨ ਕਿਉਂਕਿ ਉਹ ਸਿੱਖਿਆ ਦਾ ਕੇਂਦਰ ਹੈ। ਇਸੇ ਲਈ ਇੱਥੋਂ ਹੀ ਅੰਦੋਲਨ ਸ਼ੁਰੂ ਕਰਨਾ ਸਹੀ ਸੀ ਤਾਂ ਜੋ ਭ੍ਰਿਸ਼ਟਾਚਾਰ ਕਰਨ ਵਾਲਿਆਂ ਵਿਚ, ਆਮ ਜਨਤਾ ਵਿਚ ਸਾਡੇ ਅੰਦੋਲਨ ਦਾ ਮੈਸੇਜ ਜਾਵੇ। ਇਹ ਸਿਆਸਤ ਦੀ ਨਹੀਂ, ਸਗੋਂ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਖਿਲਾਫ ਲੜਾਈ ਹੈ ਅਤੇ ਅਸੀਂ ਰਾਜਸਥਾਨ ਸਰਕਾਰ ਕੋਲ ਇਨ੍ਹਾਂ ਮਾਮਲਿਆਂ ਦੀ ਜਾਂਚ ਤੇ ਕਾਰਵਾਈ ਦੀ ਮੰਗ ਕਰ ਰਹੇ ਹਾਂ।
ਸਵਾਲ-11 ਜੂਨ ਨੂੰ ਰਾਜੇਸ਼ ਪਾਇਲਟ ਦੀ ਬਰਸੀ ਹੈ। ਤੁਹਾਡੇ ਸਮਰਥਕ ਕਹਿ ਰਹੇ ਹਨ ਕਿ 11 ਜੂਨ ਦੀ ਉਡੀਕ ਕਰੋ, ਕੁਝ ਵੱਡਾ ਹੋਣ ਵਾਲਾ ਹੈ। ਤੁਸੀਂ ਖੁਦ ਹੀ ਦੱਸੋ ਕਿ ਸਥਿਤੀਆਂ ਕੀ ਹਨ?
ਜਵਾਬ- ਇਹ ਜੋ ਸਾਰੇ ਅਨੁਮਾਨ ਹਨ, ਇਹ ਸਭ ਤੁਹਾਡਾ ਕੰਮ ਹੈ। ਤੁਸੀਂ ਕਹਿੰਦੇ ਰਹੇ, ਚਰਚਾ ਕਰਦੇ ਰਹੋ। ਮੈਂ ਤਾਂ ਪਬਲਿਕ ’ਚ ਘੁੰਮ ਰਿਹਾ ਹਾਂ, ਗਰਮੀ ਵਿਚ, ਧੁੱਪ ਵਿਚ ਜਨਤਾ ਦੇ ਨਾਲ ਉਨ੍ਹਾਂ ਦੀ ਆਵਾਜ਼ ਬਣਨ ਲਈ। ਮੇਰਾ ਮਕਸਦ, ਮੇਰਾ ਮਿਸ਼ਨ ਸਪਸ਼ਟ ਹੈ।
ਸਵਾਲ-ਕੀ ਤੁਸੀਂ ਕਾਂਗਰਸ ਹਾਈਕਮਾਨ ਦੀ ਭੂਮਿਕਾ ਤੋਂ ਸੰਤੁਸ਼ਟ ਹੋ?
ਜਵਾਬ- ਕਾਂਗਰਸ ਹਾਈਕਮਾਨ ਕੋਲ ਪੂਰੇ ਮਾਮਲੇ ਦੀ ਜਾਣਕਾਰੀ ਹੈ ਪਰ ਜੋ ਕਾਰਵਾਈ ਕਰਨੀ ਹੈ, ਉਹ ਰਾਜਸਥਾਨ ਸਰਕਾਰ ਨੇ ਕਰਨੀ ਹੈ। ਇਸੇ ਲਈ ਮੇਰੀ ਬੇਨਤੀ ਰਾਜਸਥਾਨ ਸਰਕਾਰ ਨੂੰ ਹੈ। ਰਾਜਸਥਾਨ ਸਰਕਾਰ ਸਾਡੇ ਲਾਏ ਗਏ ਪਹਿਲਾਂ ਦੇ ਦੋਸ਼ਾਂ ਦੀ ਜਾਂਚ ਕਰੇ, ਭ੍ਰਿਸ਼ਟਾਚਾਰੀਆਂ ਖਿਲਾਫ ਕਾਰਵਾਈ ਹੋਵੇ, ਅਸੀਂ ਇਹੀ ਚਾਹੁੰਦੇ ਹਾਂ। ਇਸੇ ਲਈ ਯਾਤਰਾ ਕੱਢ ਰਹੇ ਹਾਂ। ਏ. ਆਈ. ਸੀ. ਸੀ. ਦੀ ਭੂਮਿਕਾ ਨਾਲ ਜੁੜੀ ਕੋਈ ਗੱਲ ਹੀ ਨਹੀਂ ਹੈ ਇਸ ਵਿਚ।