ਜਦੋਂ ਲੇਖਿਕਾ ਬਚਿੰਤ ਕੌਰ ਨੇ ਸਿੱਧੇ ਕਾਲਜ ਦੀ ਜਮਾਤ ''ਚ ਪੁੱਜ ਕੇ ਕੀਤਾ ਵਿਦਿਆਰਥੀਆਂ ਨੂੰ ਹੈਰਾਨ
Saturday, Feb 02, 2019 - 02:06 PM (IST)
ਨਵੀਂ ਦਿੱਲੀ (ਸੁਰਿੰਦਰ ਪਾਲ ਸੈਣੀ)- ਉਹ ਲਮਹਾਂ ਵਿਦਿਆਰਥੀਆਂ ਲਈ ਬੜਾ ਹੀ ਹੈਰਾਨੀ ਭਰਿਆ ਹੋਵੇਗਾ ਜਦ ਉਹ ਕਿਸੇ ਪ੍ਰਸਿੱਧ ਲੇਖਕ ਦੀ ਰਚਨਾ ਆਪਣੀ ਜਮਾਤ 'ਚ ਪੜ੍ਹ ਰਹੇ ਹੋਣ ਤੇ ਉਹ ਲੇਖਕ ਜਾਂ ਲੇਖਿਕਾ ਅਚਾਨਕ ਕਲਾਸ ਵਿਚ ਆ ਕੇ ਬੱਚਿਆਂ ਦੇ ਰੂ-ਬ-ਰੂ ਪੇਸ਼ ਹੋ ਜਾਵੇ। ਦਿੱਲੀ ਦੇ ਦਿਆਲ ਸਿੰਘ ਕਾਲਜ (ਸ਼ਾਮ) 'ਚ ਇਹੋ ਜਿਹਾ ਹੀ ਵਾਕਿਆ ਪੇਸ਼ ਹੋਇਆ। ਦਿੱਲੀ ਯੂਨੀਵਰਸਿਟੀ ਦੇ ਬੀ. ਏ. ਦੇ ਚੌਥੇ ਸੈਮਸਟਰ 'ਚ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਬਚਿੰਤ ਕੌਰ ਦੀ ਸਵੈਜੀਵਨੀ 'ਪਗਡੰਡੀਆਂ' ਪੜਾਈ ਜਾ ਰਹੀ ਹੈ, ਪਹਿਲੇ ਮਿੱਥੀ ਵਿਉਂਤ ਅਨੁਸਾਰ ਡਾ: ਪ੍ਰਿਥਵੀ ਰਾਜ ਥਾਪਰ ਵਿਦਿਆਰਥੀਆਂ ਨੂੰ ਬਚਿੰਤ ਕੌਰ ਦੀ ਸਵੈਜੀਵਨੀ ਪੱਗਡੰਡੀਆਂ ਪੜ੍ਹਾ ਰਹੇ ਸਨ ਕਿ ਅਚਾਨਕ ਕਾਲਜ ਦੀ ਪ੍ਰੋਫ਼ਸਰ ਸੁਮਿਤਾ ਪੁਰੀ ਲੇਖਿਕਾ ਬਚਿੰਤ ਕੌਰ ਨੂੰ ਲੈ ਕੇ ਜਮਾਤ 'ਚ ਹਾਜ਼ਰ ਹੋ ਗਏ| ਵਿਦਿਆਰਥੀ ਪਗਡੰਡੀਆਂ ਦੀ ਲੇਖਿਕਾ ਨੂੰ ਆਪਣੇ 'ਚ ਮੌਜ਼ੂਦ ਦੇਖ ਕੇ ਹੈਰਾਨ ਹੋ ਗਏ। ਬਚਿੰਤ ਕੌਰ ਨੇ ਜਮਾਤ ਵਿਚ ਆਉਂਦੇ ਹੀ ਵਿਦਿਆਰਥੀਆਂ ਨਾਲ ਆਪਣੀ ਜਾਣ-ਪਛਾਣ ਕਰਾਈ। ਇਕ ਦਮ ਜਮਾਤ ਦੇ ਬਲੈਕ ਬੋਰਡ ਨੂੰ ਹੀ ਬੈਨਰ ਦਾ ਰੂਪ ਦੇ ਦਿੱਤਾ ਗਿਆ ਤੇ ਡਾ: ਥਾਪਰ ਮੰਚ ਸੰਚਾਲਕ ਦੀ ਭੂਮਿਕਾ 'ਚ ਆ ਗਏ, ਉਨ੍ਹਾਂ ਨੇ ਬਚਿੰਤ ਕੌਰ ਦੀ ਸਾਹਿਤਕਾਰੀ ਉਪਰ ਰੌਸ਼ਨੀ ਪਾਈ। ਉਨ੍ਹਾਂ ਨੇ ਲੇਖਿਕਾ ਦੀਆਂ ਪ੍ਰਸਿੱਧ ਰਚਨਾਵਾਂ ਮੁਕਲਾਵੇ ਵਾਲੀ ਰਾਤ, ਪੈੜਾਂ ਤੇ ਝਰੋਖੇ, ਪਰੀਆਂ ਦਾ ਸ਼ਹਿਰ, ਚਿਲਮਨ ਦੇ ਓਹਲੇ ਆਦਿ ਬਾਰੇ ਚਰਚਾ ਕੀਤੀ। ਬਚਿੰਤ ਕੌਰ ਦੀ ਕੋਰਸ ਵਿਚ ਲੱਗੀ ਸਵੈ-ਜੀਵਨੀ ਪਗਡੰਡੀਆਂ ਬਾਰੇ ਚਰਚਾ ਕਰਦੇ ਡਾ: ਥਾਪਰ ਨੇ ਦੱਸਿਆ ਕਿ ਇਹ ਉਹਨਾਂ ਦੀ ਸ਼ਾਹਕਾਰ ਰਚਨਾ ਹੈ, ਜਿਸਦਾ ਅਨੁਵਾਦ ਹਿੰਦੀ, ਉਰਦੂ, ਅੰਗਰੇਜ਼ੀ ਅਤੇ ਯੂਗੋਸਾਲਾਵ ਭਾਸ਼ਾ ਵਿਚ ਵੀ ਹੋ ਚੁੱਕਿਆ ਹੈ।

ਪਗਡੰਡੀਆਂ 'ਚ ਦਿਲਚਸਪੀ ਲੈਂਦੇ ਵਿਦਿਆਰਥੀਆਂ ਨੇ ਕਈ ਸਵਾਲ-ਜਵਾਬ ਬਚਿੰਤ ਕੌਰ ਨਾਲ ਕੀਤੇ। ਬਚਿੰਤ ਕੌਰ ਨੇ ਦੱਸਿਆ ਕਿ ਪਗਡੰਡੀਆਂ ਬਾਰੇ ਪਾਠਕਾਂ ਦੀਆਂ ਲਗਭਗ ਤੇਰਾਂ ਹਾਜ਼ਰ ਚਿੱਠੀਆਂ ਆਈਆਂ ਸਨ। ਉਹਨਾਂ ਦੱਸਿਆ ਕਿ ਆਪਣੀ ਮਿਹਨਤ ਸਦਕਾ ਉਨਾਂ ਨੇ ਜ਼ਿੰਦਗੀ ਵਿਚ ਮਨ-ਚਾਹਿਆ ਮੁਕਾਮ ਹਾਸਲ ਕੀਤਾ ਹੈ, ਪਗਡੰਡੀਆਂ ਉਨ੍ਹਾਂ ਦੀ ਸੰਘਰਸ਼ ਭਰਪੂਰ ਰਚਨਾ ਹੈ।|ਡਾ: ਸੁਮੀਤ ਪੁਰੀ ਨੇ ਬਚਿੰਤ ਕੌਰ ਦੇ ਜੀਵਨ ਤੋਂ ਪ੍ਰਭਾਵਿਤ ਹੁੰਦਿਆਂ ਟਿੱਪਣੀ ਕੀਤੀ ਕਿ ਬਚਿੰਤ ਕੌਰ ਨੇ ਸੰਘਰਸ਼ ਰਾਹੀਂ ਭਾਰਤ ਤੋਂ ਅਮਰੀਕਾ ਤਕ ਜਿੰਦਗੀ ਜੀਅ ਕੇ ਇਕ ਮਿਸਾਲ ਪੇਸ਼ ਕੀਤੀ ਹੈ।
ਕਾਲਜ ਦੇ ਪ੍ਰਿੰਸੀਪਲ ਡਾ: ਪਵਨ ਕੁਮਾਰ ਸ਼ਰਮਾ ਨੇ ਬਚਿੰਤ ਕੌਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਕ ਮਹਾਨ ਸਾਹਿਤਕਾਰ ਵਿਦਿਆਰਥੀਆਂ ਨਾਲ ਰੂ-ਬ-ਰੂ ਹੋਈ ਹੈ। ਬਚਿੰਤ ਕੌਰ ਨੇ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਜਮਾਤ 'ਚ ਵਿਦਿਆਰਥੀਆਂ ਨਾਲ ਬੈਠ ਕੇ ਉਨ੍ਹਾਂ ਦੇ ਮਨ ਨੂੰ ਬੜੀ ਤਸੱਲੀ ਹੋਈ ਹੈ। ਕਾਲਜ ਦੇ ਵਿਦਿਆਰਥੀਆਂ ਨੂੰ ਇਸ ਅੰਦਾਜ਼ 'ਚ ਆਪਣੇ ਕੋਰਸ 'ਚ ਪੜਾਏ ਜਾ ਰਹੀ ਪ੍ਰਸਿੱਧ ਲੇਖਿਕਾ ਨਾਲ ਰੂ-ਬ-ਰੂ ਹੋਣਾ ਵਾਕਈ ਯਾਦਗਾਰੀ ਰਹੇਗਾ
