ਜੰਮੂ ਦੇ ਕਾਰੋਬਾਰੀ ਦੇ ਦਿਲ ’ਚ ਲਾਇਆ ਗਿਆ ‘ਕੈਪਸੂਲ ਦੇ ਆਕਾਰ’ ਦਾ ਦੁਨੀਆ ਦਾ ਸਭ ਤੋਂ ਛੋਟਾ ਪੇਸਮੇਕਰ

Thursday, Jul 29, 2021 - 11:34 AM (IST)

ਜੰਮੂ ਦੇ ਕਾਰੋਬਾਰੀ ਦੇ ਦਿਲ ’ਚ ਲਾਇਆ ਗਿਆ ‘ਕੈਪਸੂਲ ਦੇ ਆਕਾਰ’ ਦਾ ਦੁਨੀਆ ਦਾ ਸਭ ਤੋਂ ਛੋਟਾ ਪੇਸਮੇਕਰ

ਨਵੀਂ ਦਿੱਲੀ (ਭਾਸ਼ਾ)— ਜੰਮੂ ਵਾਸੀ 52 ਸਾਲਾ ਕਾਰੋਬਾਰੀ ਦੀ ਦਿਲ ਦੀ ਧੜਕਣ ਸਬੰਧੀ ਪਰੇਸ਼ਾਨੀ ਦਾ ਇਲਾਜ ਕਰਨ ਲਈ ਉਨ੍ਹਾਂ ਦੇ ਦਿਲ ਵਿਚ ‘ਕੈਪਸੂਲ ਦੇ ਆਕਾਰ’ ਦਾ ਪੇਸਮੇਕਰ ਲਾਇਆ ਗਿਆ ਹੈ। ਆਪਰੇਸ਼ਨ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦੇ ਇਕ ਮੁੱਖ ਨਿੱਜੀ ਹਸਪਤਾਲ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਮਰੀਜ਼ ਨੂੰ ਲਾਇਆ ਗਿਆ ਇਹ ਪੇਸਮੇਕਰ ‘ਦੁਨੀਆ ਦਾ ਸਭ ਤੋਂ ਛੋਟਾ ਪੇਸਮੇਕਰ’ ਹੈ। ਡਾਕਟਰਾਂ ਨੇ ਇਕ ਬਿਆਨ ਵਿਚ ਦੱਸਿਆ ਕਿ 52 ਸਾਲਾ ਸੁਭਾਸ਼ ਚੰਦਰ ਸ਼ਰਮਾ ਦੇ ਦਿਲ ’ਚ ਲਾਇਆ ਗਿਆ ਕੈਪਸੂਲ ਦੇ ਆਕਾਰ ਦਾ ਇਹ ਪੇਸਮੇਕਰ ਆਮ ਤੌਰ ’ਤੇ ਇਸਤੇਮਾਲ ਹੋਣ ਵਾਲੇ ਪੇਸਮੇਕਰ ਦੀ ਤੁਲਨਾ ਵਿਚ 93 ਫ਼ੀਸਦੀ ਤੱਕ ਛੋਟਾ ਹੁੰਦਾ ਹੈ ਅਤੇ ਇਸ ਵਿਚ ਬੇਹੱਦ ਛੋਟਾ ਚੀਰਾ ਲਾਉਣ ਦੀ ਲੋੜ ਪੈਂਦੀ ਹੈ।
ਬਿਆਨ ਮੁਤਾਬਕ ਜੰਮੂ ਦੇ ਰਹਿਣ ਵਾਲੇ ਸ਼ਰਮਾ ਨੇ ਆਪਣੇ ਬੱਚਿਆਂ ਨਾਲ ਖੇਡਦੇ ਸਮੇਂ ਆਪਣੀ ਦਿਲ ਦੀ ਧੜਕਣ ’ਚ ਅਚਾਨਕ ਵਾਧੇ ਦਾ ਅਨੁਭਵ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਜਿਹਾ ਲੱਗਾ ਮੰਨੋ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹਨ੍ਹੇਰਾ ਛਾ ਗਿਆ ਹੋਵੇ। ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਨ੍ਹਾਂ ਨੇ ਸਥਾਨਕ ਡਾਕਟਰ ਤੋਂ ਸਲਾਹ ਲਈ ਅਤੇ ਫਿਰ ਡਾ. ਸਿੰਘ ਨਾਲ ਸੰਪਰਕ ਕੀਤਾ।

ਇਸ ਸਥਿਤੀ ‘ਬ੍ਰੈਡੀਕਾਰਡੀਆ’ ਕਿਹਾ ਜਾਂਦਾ ਹੈ—
ਡਾ. ਸਿੰਘ ਨੇ ਉਨ੍ਹਾਂ ਨੂੰ ਕੁਝ ਜਾਂਚ ਕਰਾਉਣ ਦੀ ਸਲਾਹ ਦਿੱਤੀ। ਉਸ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਦਿਲ ਦੀ ਧੜਕਣ ਧੀਮੀ ਅਤੇ ਅਨਿਯਮਿਤ ਹੈ। ਇਸ ਸਥਿਤੀ ‘ਬ੍ਰੈਡੀਕਾਰਡੀਆ’ ਕਿਹਾ ਜਾਂਦਾ ਹੈ, ਜਿਸ ’ਚ ਇਨਸਾਨ ਦਾ ਦਿਲ ਆਮ ਤੋਂ ਧੀਮੀ ਰਫ਼ਤਾਰ ਨਾਲ ਧੜਕਦਾ ਹੈ। ਪੇਸਮੇਕਰ ਦੀ ਮਦਦ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਜੋ  ਧੜਕਣ ਨੂੰ ਆਮ ਸਥਿਤੀ ’ਚ ਲਿਆਉਣ ਲਈ ਦਿਲ ਨੂੰ ਇਲੈਕਟ੍ਰਿਕ ਸਿਗਨਲ ਭੇਜਦਾ ਹੈ। 

ਅਤਿਆਧੁਨਿਕ ਪੇਸਮੇਕਰ ਨੂੰ ਪੈਰ ਦੀ ਨਸ ਜ਼ਰੀਏ ਦਿਲ ਦੇ ਅੰਦਰ ਰੱਖਿਆ ਜਾਂਦਾ ਹੈ—
ਡਾ. ਸਿੰਘ ਨੇ ਕਿਹਾ ਕਿ ਮੈਂ ਕਿਸੇ ਵੀ ਤਰ੍ਹਾਂ ਦੀ ਜ਼ੋਖਮ ਨੂੰ ਘੱਟ ਕਰਨ ਲਈ ਸ਼ਰਮਾ ਨੂੰ ਪੇਸਮੇਕਰ ਦੀ ਸਰਜਰੀ ਕਰਾਉਣ ਦਾ ਸੁਝਾਅ ਦਿੱਤਾ, ਕਿਉਂਕਿ ਉਨ੍ਹਾਂ ਦੇ ਖੂਨ ’ਚ ਸ਼ੂਗਰ ਦੀ ਮਾਤਰਾ ਅਤੇ ਬਲੱਡ ਪ੍ਰੈੱਸ਼ਰ ਕਾਫੀ ਵਧਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਮੇਰੇ ਕੁਝ ਮਰੀਜ਼ਾਂ ਨੂੰ ਰਿਵਾਇਤੀ ਪੇਸਮੇਕਰ ਨਾਲ ਥੋੜ੍ਹੀ ਅਸੁਵਿਧਾ ਮਹਿਸੂਸ ਹੋਈ, ਜਿਸ ਨੂੰ ਮਰੀਜ਼ ਦੇ ਸੀਨੇ ਵਿਚ ਚਮੜੀ ਦੇ ਅੰਦਰ ਲਾਇਆ ਜਾਂਦਾ ਹੈ। ਇਸ ਅਤਿਆਧੁਨਿਕ ਪੇਸਮੇਕਰ ਨੂੰ ਪੈਰ ਦੀ ਨਸ ਜ਼ਰੀਏ ਦਿਲ ਦੇ ਅੰਦਰ ਰੱਖਿਆ ਜਾਂਦਾ ਹੈ, ਇਸ ਲਈ ਮਰੀਜ਼ ਦੇ ਸੀਨੇ ਵਿਚ ਚੀਰਾ ਨਹੀਂ ਲਾਇਆ ਜਾਂਦਾ ਹੈ। ਇਸ ਤਰ੍ਹਾਂ ਚਮੜੀ ’ਤੇ  ਕੋਈ ਨਿਸ਼ਾਨ ਜਾਂ ਗੰਢ ਨਹੀਂ ਬਣਦੀ ਹੈ। ਡਾਕਟਰਾਂ ਦੀ ਟੀਮ ਦੇ ਬੁਲਾਰੇ ਨੇ ਦੱਸਿਆ ਕਿ ਸਰਜਰੀ 29 ਮਈ ਨੂੰ ਹੋਈ ਸੀ ਅਤੇ ਇਸ ਛੋਟੇ ਪੇਸਮੇਕਰ ਨੂੰ ਲਾਉਣ ਦੀ ਲਾਗਤ ਔਸਤਨ 14 ਲੱਖ ਰੁਪਏ ਆਉਂਦੀ ਹੈ।

ਕੀ ਹੁੰਦਾ ਹੈ ਪੇਸਮੇਕਰ—
ਜਦੋਂ ਇਨਸਾਨ ਦਾ ਦਿਲ ਆਮ ਤੋਂ ਧੀਮੀ ਰਫ਼ਤਾਰ ਨਾਲ ਧੜਕਦਾ ਹੈ ਤਾਂ ਪੇਸਮੇਕਰ ਦੀ ਮਦਦ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਪੇਸਮੇਕਰ ਧੜਕਣਾਂ ਨੂੰ ਆਮ ਸਥਿਤੀ ਵਿਚ ਲਿਆਉਣ ਲਈ ਦਿਲ ਨੂੰ ਇਲੈਕਟ੍ਰਿਕ ਸਿਗਨਲ ਭੇਜਦਾ ਹੈ। ਇਸ ਨਾਲ ਇਨਸਾਨ ਦਾ ਦਿਲ ਆਮ ਰੂਪ ਨਾਲ ਧੜਕਣ ਲੱਗਦਾ ਹੈ।


author

Tanu

Content Editor

Related News