ਵਿਸ਼ੇਸ਼ ਸੈਸ਼ਨ ''ਚ ਲੋਕ ਸਭਾ ਅਤੇ ਰਾਜ ਸਭਾ ''ਚ ਤੈਅ ਸਮੇਂ ਤੋਂ ਵੱਧ ਦੇਰ ਤੱਕ ਹੋਇਆ ਕੰਮ
Saturday, Sep 23, 2023 - 11:11 AM (IST)
ਨਵੀਂ ਦਿੱਲੀ (ਭਾਸ਼ਾ)- ਸੰਸਦ ਦੇ ਵੀਰਵਾਰ ਨੂੰ ਖ਼ਤਮ ਹੋਏ ਵਿਸ਼ੇਸ਼ ਸੈਸ਼ਨ ਵਿਚ ਲੋਕ ਸਭਾ ਅਤੇ ਰਾਜ ਸਭਾ ਦੋਹਾਂ ਵਿਚ ਤੈਅ ਸਮੇਂ ਤੋਂ ਜ਼ਿਆਦਾ ਕੰਮ ਹੋਇਆ। ਪੀਆਰਐਸ ਲੈਜਿਸਲੇਟਿਵ ਰਿਸਰਚ ਦੇ ਅੰਕੜਿਆਂ ਅਨੁਸਾਰ, 17ਵੀਂ ਲੋਕ ਸਭਾ 'ਚ ਹੁਣ ਤੱਕ ਸਿਰਫ਼ ਇਹੀ ਸੈਸ਼ਨ ਰਿਹਾ, ਜਿਸ 'ਚ ਕਾਰਵਾਈ ਮੁਲਤਵੀ ਹੋਣ ਕਾਰਨ ਕੰਮਕਾਜ ਵਿਚ ਵਿਘਨ ਨਹੀਂ ਪਿਆ। ਸੰਸਦ ਦੇ ਵਿਸ਼ੇਸ਼ ਸੈਸ਼ਨ ਵਿਚ ਦੋਵਾਂ ਸਦਨਾਂ ਵਿਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ ਗਿਆ, ਜੋ ਇਸ ਸੈਸ਼ਨ ਵਿਚ ਪਾਸ ਕੀਤਾ ਗਿਆ ਇਕਮਾਤਰ ਬਿੱਲ ਹੈ। ਇਸ ਤੋਂ ਇਲਾਵਾ ਸੰਸਦ ਦੇ 75 ਸਾਲਾਂ ਦੇ ਸਫ਼ਰ ਅਤੇ ਚੰਦਰਯਾਨ-3 ਦੀ ਸਫ਼ਲਤਾ 'ਤੇ ਵੀ ਦੋਹਾਂ ਸਦਨਾਂ 'ਚ ਚਰਚਾ ਹੋਈ। ਪੀਆਰਐਸ ਲੈਜਿਸਲੇਟਿਵ ਰਿਸਰਚ ਦੇ ਅੰਕੜਿਆਂ ਅਨੁਸਾਰ, ਲੋਕ ਸਭਾ ਦੀ ਮੀਟਿੰਗ ਕੁੱਲ 31 ਘੰਟੇ ਤੋਂ ਵੱਧ ਚੱਲੀ, ਜੋ ਕਿ 22 ਘੰਟੇ 45 ਮਿੰਟ ਦੇ ਨਿਰਧਾਰਤ ਸਮੇਂ ਤੋਂ ਲਗਭਗ 8 ਘੰਟੇ ਵੱਧ ਹੈ। ਇਸ ਕਾਰਨ ਲੋਕ ਸਭਾ ਵਿਚ ਨਿਰਧਾਰਤ ਸਮੇਂ ਨਾਲੋਂ ਕਰੀਬ 137 ਫੀਸਦੀ ਵੱਧ ਕੰਮ ਹੋਇਆ।
ਇਹ ਵੀ ਪੜ੍ਹੋ : Breaking News: ਰਾਜ ਸਭਾ 'ਚ ਮਹਿਲਾ ਰਾਖਵਾਂਕਰਨ ਬਿੱਲ ਸਰਬਸੰਮਤੀ ਨਾਲ ਪਾਸ, ਹੱਕ 'ਚ ਪਈਆਂ 215 ਵੋਟਾਂ
ਰਾਜ ਸਭਾ 'ਚ 21 ਘੰਟੇ 45 ਮਿੰਟ ਦੇ ਤੈਅ ਸਮੇਂ ਦੀ ਤੁਲਨਾ 'ਚ 27 ਘੰਟੇ 44 ਮਿੰਟ ਕੰਮਕਾਜ ਹੋਇਆ। ਇਸ ਤਰ੍ਹਾਂ ਉੱਚ ਸਦਨ 'ਚ ਇਸ ਦੇ ਤੈਅ ਸਮੇਂ ਦਾ 128 ਫ਼ੀਸਦੀ ਕੰਮਕਾਜ ਹੋਇਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀਰਵਾਰ ਰਾਤ ਸਦਨ ਦੀ ਬੈਠਕ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਸੈਸ਼ਨ ਲਈ ਹੇਠਲੇ ਸਦਨ ਦੀ ਕੰਮ ਦੀ ਉਤਪਾਦਕਤਾ 132 ਫ਼ੀਸਦੀ ਰਹੀ। ਬਾਅਦ 'ਚ ਲੋਕ ਸਭਾ ਸਕੱਤਰੇਤ ਨੇ ਹੇਠਲੇ ਸਦਨ 'ਚ 160 ਫ਼ੀਸਦੀ ਕੰਮਕਾਜ ਹੋਣ ਦੀ ਗੱਲ ਕਹੀ। ਲੋਕ ਸਭਾ 'ਚ ਇਸ ਵਾਰ ਕਾਰਵਾਈ ਮੁਲਤਵੀ ਹੋਣ ਕਾਰਨ ਕਰੀਬ ਡੇਢ ਘੰਟੇ ਦਾ ਨੁਕਸਾਨ ਹੋਇਆ। ਅੰਕੜੇ ਦੱਸਦੇ ਹਨ ਕਿ ਇਸ ਸੈਸ਼ਨ 'ਚ ਹੁਣ ਤੱਕ ਦੂਜੀ ਸਭ ਤੋਂ ਵੱਧ ਕੰਮ ਦੀ ਉਤਪਾਦਕਤਾ ਰਹੀ। ਇਸ ਤੋਂ ਪਹਿਲਾਂ 2020 ਦੇ ਮਾਨਸੂਨ ਸੈਸ਼ਨ 'ਚ ਲੋਕ ਸਭਾ ਨੇ ਆਪਣੇ ਤੈਅ ਸਮੇਂ ਦਾ 145 ਫ਼ੀਸਦੀ ਕੰਮ ਕੀਤਾ ਸੀ। ਪੀਆਰਐੱਸ ਦੀ ਰਿਪੋਰਟ ਅਨੁਸਾਰ, ਲੋਕ ਸਭਾ ਨੇ ਵਿਸ਼ੇਸ਼ ਸੈਸ਼ਨ 'ਚ ਆਪਣਾ 64 ਫੀਸਦੀ ਸਮੇਂ ਚਰਚਾਵਾਂ 'ਚ ਅਤੇ 33 ਫੀਸਦੀ ਸਮਾਂ ਵਿਧਾਨਕ ਕੰਮਕਾਜ 'ਚ ਲਗਾਇਆ। ਉੱਥੇ ਹੀ ਰਾਜ ਸਭਾ ਨੇ ਚਰਚਾਵਾਂ 'ਤੇ 51 ਫ਼ੀਸਦੀ ਅਤੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਉਣ 'ਚ 45 ਫੀਸਦੀ ਸਮਾਂ ਲਗਾਇਆ। ਸੈਸ਼ਨ ਦੀ ਕਾਰਜ ਸੂਚੀ 'ਚ 5 ਬਿੱਲ ਵਿਚਾਰ ਕਰਨ ਅਤੇ ਪਾਸ ਕਰਨ ਲਈ ਸੂਚੀਬੱਧ ਸਨ, ਜਿਨ੍ਹਾਂ 'ਚੋਂ ਇਕ ਵੀ ਇਸ ਵਾਰ ਨਹੀਂ ਲਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8