ਮਹਿਲਾ ਵੋਟਰਾਂ ਨੇ ਯੋਗੀ ਸਰਕਾਰ ਲਈ ਕੀਤਾ ਚਮਤਕਾਰ, ਮਰਦਾਂ ਦੇ ਮੁਕਾਬਲੇ ਔਰਤਾਂ ਨੇ ਭਾਜਪਾ ਨੂੰ ਵਧੇਰੇ ਪਾਈਆਂ ਵੋਟਾਂ

Sunday, Mar 13, 2022 - 04:00 PM (IST)

ਮਹਿਲਾ ਵੋਟਰਾਂ ਨੇ ਯੋਗੀ ਸਰਕਾਰ ਲਈ ਕੀਤਾ ਚਮਤਕਾਰ, ਮਰਦਾਂ ਦੇ ਮੁਕਾਬਲੇ ਔਰਤਾਂ ਨੇ ਭਾਜਪਾ ਨੂੰ ਵਧੇਰੇ ਪਾਈਆਂ ਵੋਟਾਂ

ਨਵੀਂ ਦਿੱਲੀ (ਵਿਸ਼ੇਸ਼)- ਸਰਕਾਰੀ ਯੋਜਨਾਵਾਂ ਲਈ ਲਾਭ ਹਾਸਲ ਕਰਨ ਵਾਲਿਆਂ ਦੀ ਹਮਾਇਤ ਨੇ ਮਜ਼ਬੂਤ ਜਾਤੀ ਸਮੀਕਰਨਾਂ ਦੇ ਬਾਵਜੂਦ ਭਾਜਪਾ ਨੂੰ ਜਿਤਾਉਣ ’ਚ ਮਦਦ ਕੀਤੀ ਹੈ। ਕਿਸਾਨਾਂ ਅਤੇ ਔਰਤਾਂ ਨੂੰ ਮੁਫ਼ਤ ਰਾਸ਼ਨ, ਮੁਫ਼ਤ ਇਲਾਜ ਅਤੇ ਨਕਦ ਰਕਮ ਤਬਦੀਲ ਕਰਨ ਦੇ ਵਾਅਦਿਆਂ ਨੇ ਇਕ ਵਾਰ ਮੁੜ ਪਾਰਟੀ ਲਈ ਚਮਤਕਾਰ ਕੀਤਾ। ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਸੂਬੇ ’ਚ ਉਕਤ ਯੋਜਨਾਵਾਂ ਦੇ ਲਗਭਗ 15 ਕਰੋੜ ਲਾਭ ਹਾਸਲ ਕਰਨ ਵਾਲੇ ਵਿਅਕਤੀ ਹਨ। ਕਿਸੇ ਨਾ ਕਿਸੇ ਰੂਪ ’ਚ ਇਸ ਨੇ ਵੱਡੀ ਗਿਣਤੀ ’ਚ ਲੋਕਾਂ ’ਤੇ ਅਸਰ ਕੀਤਾ। ਭਾਜਪਾ ਮੁਤਾਬਕ ਪੀ. ਐੱਮ. ਆਵਾਸ, ਪੀ. ਐੱਮ. ਕਿਸਾਨ, ਉਜੱਵਲਾ, ਕਰੰਸੀ ਕਰਜ਼ਾ, ਆਯੁਸ਼ਮਾਨ ਭਾਰਤ, ਰਾਜ ਪੈਨਸ਼ਨ ਯੋਜਨਾ ਵਰਗੀਆਂ ਵੱਖ-ਵੱਖ ਸਰਕਾਰੀ ਯੋਜਨਾਵਾਂ ਰਾਹੀਂ ਹਰ ਪਰਿਵਾਰ ਨੂੰ ਪਿਛਲੇ 5 ਸਾਲਾਂ ’ਚ ਲਗਭਗ 3-3 ਲੱਖ ਰੁਪਏ ਮਿਲੇ। ਯੂ. ਪੀ. ਭਾਜਪਾ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਮੰਤਰ ਦੀ ਪਾਲਣਾ ਕੀਤੀ ਅਤੇ ਲਾਭ ਹਾਸਲ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਹੱਕ ਮਿਲਿਆ। ਇਹ ਹੱਕ ਹਰ ਜਾਤੀ ਅਤੇ ਹਰ ਧਰਮ ਨਾਲ ਸਬੰਧਤ ਲੋਕਾਂ ਨੂੰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਚੋਣ ਭਾਸ਼ਣ ਦੌਰਾਨ ਪਿਛਲੀਆਂ ਸਰਕਾਰਾਂ ਸਮੇਂ ਅਸਲ ਲਾਭ ਹਾਸਲ ਕਰਨ ਵਾਲਿਆਂ ਤੱਕ ਪੈਸਾ ਨਾ ਪਹੁੰਚਣ ਦਾ ਮੁੱਦਾ ਉਠਾਇਆ। ਚੋਣਾਂ ਤੋਂ ਠੀਕ ਪਹਿਲਾਂ ਵਿਦਿਆਰਥੀਆਂ ਦਰਮਿਆਨ 1 ਕਰੋੜ ਟੈਬਲੇਟ ਦੀ ਵੰਡ ਨੇ ਵੀ ਪਾਰਟੀ ਨੂੰ ਆਪਣੇ ਨੌਜਵਾਨ ਵੋਟ ਬੈਂਕ ਨੂੰ ਮਜ਼ਬੂਤ ਕਰਨ ’ਚ ਮਦਦ ਕੀਤੀ।

ਇਹ ਵੀ ਪੜ੍ਹੋ : ਔਰਤ ਨੇ ਪਤੀ ਦਾ ਸਿਰ ਵੱਢ ਕੇ ਮੰਦਰ ’ਚ ਰੱਖਿਆ, ਪੁੱਤਰ ਬੋਲਿਆ- ਮਾਂ ਸ਼ਾਕਾਹਾਰੀ ਸੀ, ਪਹਿਲੀ ਵਾਰ ਚਿਕਨ ਖਾਧਾ

ਭਾਜਪਾ ਲਈ ਔਰਤਾਂ ਦੀ ਹਮਾਇਤ
ਉੱਤਰ ਪ੍ਰਦੇਸ਼ ’ਚ ਪਾਰਟੀ ਦੇ ਚੋਣ ਪ੍ਰਬੰਧਨ ਦਾ ਹਿੱਸਾ ਰਹੇ ਕਈ ਚੋਟੀ ਦੇ ਅਹੁਦੇਦਾਰਾਂ ਮੁਤਾਬਕ ਮਹਿਲਾ ਵੋਟਰਾਂ ਦੀ ਹਮਾਇਤ ਭਾਜਪਾ ਲਈ ਅਹਿਮ ਸੀ। ਭਾਜਪਾ ਲਈ ਆਪਣੇ ਅਨੁਮਾਨ ਮੁਤਾਬਕ ਮਰਦਾਂ ਦੀ ਤੁਲਨਾ ’ਚ ਲੱਗਭਗ 18 ਫੀਸਦੀ ਔਰਤਾਂ ਨੇ ਪਾਰਟੀ ਨੂੰ ਵੋਟ ਦਿੱਤੀ। ਪਾਰਟੀ ਦੇ ਇਕ ਸੀਨੀਅਰ ਅਹੁਦੇਦਾਰ ਨੇ ਕਿਹਾ ਕਿ ਪਾਰਟੀ ਦੇ ਅੰਦਰੂਨੀ ਅਧਿਐਨ ਤੋਂ ਪਤਾ ਲੱਗਾ ਹੈ ਕਿ ਹੋਰਨਾਂ ਪੱਛੜੇ ਵਰਗਾਂ ਦੀਆਂ ਔਰਤਾਂ ਅਤੇ ਦਲਿਤ ਭਾਈਚਾਰੇ ਨੇ ਵੀ ਭਾਜਪਾ ਨੂੰ ਵੋਟ ਪਾਈ ਹੈ। ਔਰਤਾਂ ਦੇ ਨਾਂ ’ਤੇ ਘਰ ਅਤੇ ਟਾਇਲਟ ਬਣਾਉਣ ਦੇ ਨਾਲ-ਨਾਲ ਭਾਜਪਾ ਨੇ ਪੈਨਸ਼ਨ 1500 ਰੁਪਏ ਪ੍ਰਤੀ ਮਹੀਨਾ ਕਰਨ, ਗੈਸ ਦੇ ਦੋ ਸਿਲੰਡਰ ਵਾਧੂ ਦੇਣ, ਗੁਲਾਬੀ ਕਮਿਊਨਿਟੀ ਟਾਇਲਟਾਂ ਬਣਾਉਣ ਅਤੇ ਕਾਰੋਬਾਰ ਸ਼ੁਰੂ ਕਰਨ ਵਾਲੀਆਂ ਔਰਤਾਂ ਨੂੰ ਵਿੱਤੀ ਮਦਦ ਦੇਣ ਦਾ ਵੀ ਵਾਅਦਾ ਕੀਤਾ ਸੀ। ਮੁਫਤ ਰਾਸ਼ਨ ਅਤੇ ਸੁਰੱਖਿਆ ਦਾ ਵਾਅਦਾ, ਪਾਰਟੀ ਦੀ ਮੁਹਿੰਮ ਦੇ 2 ਪ੍ਰਮੁੱਖ ਵਿਸ਼ੇ ਵੀ ਔਰਤਾਂ ’ਤੇ ਆਧਾਰਤ ਸਨ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਹਿਲਾ ਵੋਟਰ ਹੁਣ ਪਹਿਲਾਂ ਤੋਂ ਕਿਤੇ ਵਧ ਵੱਡੀ ਭੂਮਿਕਾ ਨਿਭਾਅ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਔਰਤਾਂ ਨੂੰ ਭਾਵਨਾਤਮਕ ਢੰਗ ਨਾਲ ਕੀਤੀ ਗਈ ਅਪੀਲ ਦਾ ਅਸਰ ਮਹਿਲਾ ਵੋਟਰਾਂ ’ਤੇ ਪੈਂਦਾ ਨਜ਼ਰ ਆਇਆ ਹੈ। 2014 ਪਿਛੋਂ ਖਾਸ ਤੌਰ ’ਤੇ ਭਾਜਪਾ ਨੂੰ ਔਰਤਾਂ ਦੀ ਵਧੇਰੇ ਹਮਾਇਤ ਮਿਲ ਰਹੀ ਹੈ। ਇਸ ਵਾਰ ਇਹ ਸਪੱਸ਼ਟ ਹੈ ਕਿ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ ਮਰਦਾਂ ਦੇ ਮੁਕਾਬਲੇ ਔਰਤਾਂ ਨੇ ਭਾਜਪਾ ਨੂੰ ਵਧੇਰੇ ਵੋਟਾਂ ਪਾਈਆਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News