ਸਾਲ ’ਚ 4 ਸਿਲੰਡਰ ਭਰਵਾਉਣ ਤੋਂ ਵੀ ਅਸਮਰੱਥ ਹਨ ਗਰੀਬ ਔਰਤਾਂ

Tuesday, May 17, 2022 - 11:30 AM (IST)

ਸਾਲ ’ਚ 4 ਸਿਲੰਡਰ ਭਰਵਾਉਣ ਤੋਂ ਵੀ ਅਸਮਰੱਥ ਹਨ ਗਰੀਬ ਔਰਤਾਂ

ਨਵੀਂ ਦਿੱਲੀ– ਸਾਲ ਵਿਚ ਪ੍ਰਤੀ ਖਪਤਕਾਰ ਚਾਰ ਸਿਲੰਡਰਾਂ ਤੋਂ ਘੱਟ ਐੱਲ. ਪੀ. ਜੀ. ਦੀ ਵਰਤੋਂ ਹੋ ਰਹੀ ਹੈ। ਭਾਵ ਇਸ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੀਆਂ ਲਾਭਪਾਤਰੀ ਔਰਤਾਂ ਇਕ ਸਾਲ ਵਿਚ 4 ਤੋਂ ਘੱਟ ਐੱਲ. ਪੀ. ਜੀ. ਸਿਲੰਡਰ ਮੁੜ ਭਰ ਕੇ ਪ੍ਰਾਪਤ ਕਰ ਰਹੀਆਂ ਹਨ। ਇਨ੍ਹਾਂ ’ਚੋਂ ਇਕ ਕਰੋੜ ਸੱਤ ਲੱਖ ਲਾਭਪਾਤਰੀ ਔਰਤਾਂ ਅਜਿਹੀਆਂ ਵੀ ਹਨ, ਜਿਨ੍ਹਾਂ ਨੇ ਪੂਰੇ ਸਾਲ (2021-22) ਵਿਚ ਸਿਰਫ਼ ਇਕ ਵਾਰ ਸਿਲੰਡਰ ਮੁੜ ਭਰਵਾਇਆ ਹੈ।

ਲਗਭਗ 90 ਲੱਖ ਔਰਤਾਂ ਨੇ ਇਕ ਸਾਲ ’ਚ ਇਕ ਸਿਲੰਡਰ ਵੀ ਨਹੀਂ ਭਰਵਾਇਆ ਹੈ। ਕੇਂਦਰ ਸਰਕਾਰ ਦੀਆਂ 3 ਕੰਪਨੀਆਂ ਹਿੰਦੁਸਤਾਨ ਪੈਟਰੋਲੀਅਮ, ਭਾਰਤ ਪੈਟਰੋਲੀਅਮ ਅਤੇ ਇੰਡੀਅਨ ਆਇਲ ਨੇ ਇਕ ਆਰ. ਟੀ. ਆਈ. ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ ਹੈ।

ਹਿੰਦੁਸਤਾਨ ਪੈਟਰੋਲੀਅਮ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਵਿੱਤੀ ਸਾਲ 2021-22 ’ਚ ਪ੍ਰਤੀ ਖਪਤਕਾਰ 3.70 ਸਿਲੰਡਰ ਦੀ ਖਪਤ ਹੋਈ। ਇਸੇ ਤਰ੍ਹਾਂ ਆਈ. ਓ. ਸੀ. ਲਾਭਪਾਤਰੀ ਔਰਤਾਂ ਨੇ ਇਕ ਸਾਲ ’ਚ 3.6 ਸਿਲੰਡਰ ਅਤੇ ਬੀ. ਪੀ. ਐੱਲ. ਲਾਭਪਾਤਰੀ ਔਰਤਾਂ ਨੇ 3.92 ਸਿਲੰਡਰ ਭਰਵਾਏ ਹਨ।

ਇਕ ਸਿਲੰਡਰ ਭਰਨਾ ਵੀ ਮੁਸ਼ਕਿਲ
ਜਾਣਕਾਰੀ ਅਨੁਸਾਰ ਐੱਚ. ਪੀ. ਸੀ. ਐੱਲ. ਦੀਆਂ 27.58 ਲੱਖ ਲਾਭਪਾਤਰੀ ਔਰਤਾਂ ਨੇ ਪਿਛਲੇ ਵਿੱਤੀ ਸਾਲ ’ਚ ਇਕ ਵਾਰ ਹੀ ਐੱਲ. ਪੀ. ਜੀ. ਸਿਲੰਡਰ ਭਰਿਆ ਹੈ। ਆਈ. ਓ. ਸੀ. ਦੀਆਂ 52 ਲੱਖ ਔਰਤਾਂ ਅਤੇ ਬੀ. ਪੀ. ਸੀ. ਐੱਲ. ਦੀਆਂ 28.56 ਔਰਤਾਂ ਨੇ ਸਿਰਫ਼ ਇਕ ਵਾਰ ਸਿਲੰਡਰ ਭਰਿਆ ਹੈ। ਪੂਰੇ ਸਾਲ ’ਚ ਇਕ ਵੀ ਸਿਲੰਡਰ ਨਾ ਭਰਨ ਦੇ ਮਾਮਲੇ ’ਚ ਐੱਚ. ਪੀ. ਸੀ. ਐੱਲ. ਦੀਆਂ 9 ਲੱਖ ਤੋਂ ਵੱਧ, ਆਈ. ਓ. ਸੀ. ਦੀਆਂ 65 ਲੱਖ ਅਤੇ ਬੀ. ਪੀ. ਸੀ. ਐੱਲ. ਦੀਆਂ 15.96 ਲੱਖ ਔਰਤਾਂ ਸ਼ਾਮਿਲ ਹਨ।

1 ਕਰੋੜ ਨਵੇਂ ਐੱਲ. ਪੀ. ਜੀ. ਕੁਨੈਕਸ਼ਨ 
ਆਰ. ਟੀ. ਆਈ. ਦੇ ਜਵਾਬ ’ਚ ਦੱਸਿਆ ਗਿਆ ਕਿ ਤਿੰਨ ਪੈਟਰੋਲੀਅਮ ਕੰਪਨੀਆਂ ਨੇ ਪਿਛਲੇ ਵਿੱਤੀ ਸਾਲ ’ਚ ਪੀ. ਐੱਮ. ਯੂ. ਵਾਈ ਤਹਿਤ ਕੁੱਲ ਇਕ ਕਰੋੜ ਨਵੇਂ ਐੱਲ. ਪੀ. ਜੀ. ਕੁਨੈਕਸ਼ਨ ਜਾਰੀ ਕੀਤੇ ਹਨ।

ਇਸ ’ਚ ਐੱਚ. ਪੀ. ਸੀ. ਐੱਲ. ਨੇ 25 ਲੱਖ, ਆਈ. ਓ. ਸੀ. ਨੇ 50 ਲੱਖ ਅਤੇ ਬੀ. ਪੀ. ਸੀ. ਐੱਲ. ਨੇ 25 ਲੱਖ ਨਵੇਂ ਕੁਨੈਕਸ਼ਨ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਦਿੱਤੇ। ਪਹਿਲੀ ਅਪ੍ਰੈਲ 2022 ਤੱਕ ਐੱਚ. ਪੀ. ਸੀ. ਐੱਲ. ਕੋਲ 2.40 ਕਰੋੜ ਕੁਨੈਕਸ਼ਨ ਹਨ। ਆਈ. ਓ. ਸੀ. ਕੋਲ 4.24 ਕਰੋੜ ਅਤੇ ਬੀ. ਪੀ. ਸੀ. ਐੱਲ. ਕੋਲ 2.35 ਕਰੋੜ ਕੁਨੈਕਸ਼ਨ ਹਨ। ਦੇਸ਼ ’ਚ ਪੀ. ਐੱਮ. ਯੂ. ਵਾਈ ਤਹਿਤ ਕੁੱਲ 8.99 ਕਰੋੜ ਲਾਭਪਾਤਰੀ ਔਰਤਾਂ ਹਨ।

98,713 ਕਰੋੜ ਦੀ ਸਬਸਿਡੀ
ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ 2016-17 ਤੋਂ ਦਸੰਬਰ 2021-22 ਤੱਕ ਪੀ. ਐੱਮ. ਯੂ. ਵਾਈ. ਤਹਿਤ ਗਰੀਬ ਪਰਿਵਾਰਾਂ ਨੂੰ ਐੱਲ. ਪੀ. ਜੀ. ਕੁਨੈਕਸ਼ਨ ਦੇਣ ਦੇ ਬਦਲੇ 98,713 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦਿੱਤੀ ਹੈ। ਇਸ ’ਚ ਬੀ. ਪੀ. ਸੀ. ਐੱਲ. ਨੇ 2016-17 ਤੋਂ 2021-22 ਤੱਕ 28,417.79 ਕਰੋੜ ਦੀ ਸਬਸਿਡੀ ਦਿੱਤੀ ਹੈ ਜਦੋਂ ਕਿ ਐੱਚ. ਪੀ. ਸੀ. ਐੱਲ. ਨੇ ਲਾਭਪਾਤਰੀਆਂ ਨੂੰ 2017-18 ਤੋਂ ਦਸੰਬਰ 2021-22 ਦੌਰਾਨ 24,445 ਕਰੋੜ ਰੁਪਏ ਅਤੇ ਓ. ਵਾਈ. ਸੀ. ਨੇ 45,851 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ।


author

Rakesh

Content Editor

Related News