ਔਰਤਾਂ ਨੂੰ ਜਲਦ ਮਿਲਣਗੇ 2100 ਰੁਪਏ, CM ਨੇ ਕੀਤਾ ਇਹ ਐਲਾਨ
Friday, Jan 24, 2025 - 10:58 AM (IST)
ਚੰਡੀਗੜ੍ਹ- 'ਲਾਡੋ ਲਕਸ਼ਮੀ ਯੋਜਨਾ' ਤਹਿਤ ਔਰਤਾਂ ਨੂੰ ਜਲਦੀ ਹੀ 2100 ਰੁਪਏ ਮਿਲਣਗੇ। 18 ਤੋਂ 60 ਸਾਲ ਤੱਕ ਦੀਆਂ ਔਰਤਾਂ ਇਸ ਯੋਜਨਾ ਦਾ ਲਾਭ ਲੈ ਸਕਣਗੀਆਂ। ਬਿਨੈਕਾਰ ਔਰਤਾਂ ਕੋਲ BPL-AAY ਕਾਰਡ ਹੋਣਾ ਜ਼ਰੂਰੀ ਹੈ। ਇਸ ਯੋਜਨਾ ਦਾ ਲਾਭ ਹਰਿਆਣਾ ਸਰਕਾਰ ਵਲੋਂ ਦਿੱਤਾ ਜਾਵੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ 'ਲਾਡੋ ਲਕਸ਼ਮੀ ਯੋਜਨਾ' ਨੂੰ ਬਜਟ ਸੈਸ਼ਨ ਵਿਚ ਲਿਆਂਦਾ ਜਾਵੇਗਾ। ਦੱਸ ਦੇਈਏ ਕਿ ਹਰਿਆਣਾ ਦਾ ਬਜਟ ਸੈਸ਼ਨ ਫਰਵਰੀ ਦੇ ਦੂਜੇ ਹਫ਼ਤੇ ਹੋਵੇਗਾ, ਜਿਸ 'ਚ ਇਸ ਯੋਜਨਾ 'ਤੇ ਮੋਹਰ ਲੱਗੇਗੀ।
ਵੀਰਵਾਰ ਨੂੰ ਚੰਡੀਗੜ੍ਹ ਵਿਚ ਹਰਿਆਣਾ ਕੈਬਨਿਟ ਦੀ ਬੈਠਕ ਹੋਈ, ਜਿਸ ਵਿਚ ਇਸ ਯੋਜਨਾ ਬਾਰੇ ਮੀਟਿੰਗ ਹੋਈ। ਕੈਬਨਿਟ ਦੀ ਬੈਠਕ ਮਗਰੋਂ ਮੁੱਖ ਮੰਤਰੀ ਨਾਇਬ ਸੈਣੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਬਜਟ ਵਿਚ ਇਸ ਦੀ ਵਿਵਸਥਾ ਕੀਤੀ ਜਾਵੇਗੀ। ਹੁਣ ਲਾਡੋ ਲਕਸ਼ਮੀ ਯੋਜਨਾ ਬਜਟ ਸੈਸ਼ਨ ਮਗਰੋਂ ਹੀ ਲਾਗੂ ਹੋ ਸਕੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮੈਨੀਫੈਸਟੋ ਦੇ ਇਕ-ਇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।
ਦੱਸ ਦੇਈਏ ਕਿ ਅਕਤੂਬਰ 2024 ਦੀਆਂ ਹਰਿਆਣਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਸਾਰੀਆਂ ਔਰਤਾਂ ਨੂੰ 2100 ਰੁਪਏ ਮਹੀਨੇਵਾਰ ਵਿੱਤੀ ਮਦਦ ਦੇਣ ਦਾ ਵਾਅਦਾ ਕੀਤਾ ਸੀ। ਭਾਜਪਾ ਲਗਾਤਾਰ ਤੀਜੀ ਵਾਰ ਸੂਬੇ ਦੀ ਸੱਤਾ ਵਿਚ ਪਰਤੀ ਹੈ। ਲਾਡੋ ਲਕਸ਼ਮੀ ਯੋਜਨਾ ਤਹਿਤ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਮਿਲਣਗੇ। ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਪੂਰੀ ਯੋਜਨਾ ਬਣਾ ਲਈ ਹੈ।