ਵੋਟ ਪਾ ਕੇ ਬਾਹਰ ਆਉਂਦਿਆਂ ਹੀ ਔਰਤ ਨੂੰ ਲੈ ਗਿਆ ਕਾਲ਼ ! ਪੱਛਮੀ ਬੰਗਾਲ ''ਚ ਚੋਣਾਂ ਦੌਰਾਨ ਮੰਦਭਾਗੀ ਖ਼ਬਰ

Thursday, Apr 23, 2026 - 04:51 PM (IST)

ਵੋਟ ਪਾ ਕੇ ਬਾਹਰ ਆਉਂਦਿਆਂ ਹੀ ਔਰਤ ਨੂੰ ਲੈ ਗਿਆ ਕਾਲ਼ ! ਪੱਛਮੀ ਬੰਗਾਲ ''ਚ ਚੋਣਾਂ ਦੌਰਾਨ ਮੰਦਭਾਗੀ ਖ਼ਬਰ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਪੱਛਮੀ ਮੇਦਨੀਪੁਰ ਜ਼ਿਲ੍ਹੇ ਦੇ ਕੇਸ਼ਪੁਰ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ 55 ਸਾਲਾ ਔਰਤ, ਇਸ਼ਰਤਨ ਬੀਬੀ, ਦੀ ਵੋਟ ਪਾਉਣ ਤੋਂ ਤੁਰੰਤ ਬਾਅਦ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੀ ਵੋਟ ਪਾ ਕੇ ਪੋਲਿੰਗ ਸਟੇਸ਼ਨ ਤੋਂ ਬਾਹਰ ਆ ਰਹੀ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਇਸ਼ਰਤਨ ਬੀਬੀ ਆਪਣੇ ਪਤੀ ਨਾਲ ਵੋਟ ਪਾਉਣ ਗਈ ਸੀ। ਵੋਟ ਪਾ ਕੇ ਜਿਵੇਂ ਹੀ ਉਹ ਪੋਲਿੰਗ ਸਟੇਸ਼ਨ ਤੋਂ ਬਾਹਰ ਨਿਕਲੀ, ਉਸ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ਼ਰਤਨ ਬੀਬੀ ਦੇ ਪਤੀ ਨੇ ਦੱਸਿਆ ਕਿ ਉਹ ਬੜੇ ਚਾਅ ਨਾਲ ਆਪਣੀ ਪਤਨੀ ਨੂੰ ਵੋਟ ਪੁਆਉਣ ਲੈ ਕੇ ਗਏ ਸਨ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਸਨ, ਜਿਸ ਕਾਰਨ ਸਿਰਫ਼ ਇਸ਼ਰਤਨ ਬੀਬੀ ਹੀ ਆਪਣੀ ਵੋਟ ਪਾ ਸਕੀ ਸੀ।

ਇਸ ਮਾਮਲੇ ਮਗਰੋਂ ਸਥਾਨਕ ਪ੍ਰਸ਼ਾਸਨ ਅਤੇ ਚੋਣ ਅਧਿਕਾਰੀਆਂ ਨੇ ਘਟਨਾ ਦਾ ਨੋਟਿਸ ਲਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮੌਤ ਦਾ ਕਾਰਨ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਹੈ, ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਕੇਸ਼ਪੁਰ ਖੇਤਰ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਹਿਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਵੋਟਰ ਸੂਚੀ ਵਿੱਚੋਂ ਨਾਂ ਗਾਇਬ ਹੋਣ ਦੇ ਮੁੱਦੇ 'ਤੇ ਇੱਕ ਵਾਰ ਫਿਰ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਹੋ ਰਹੇ ਹਨ।


author

Harpreet SIngh

Content Editor

Related News