ਬਜ਼ੁਰਗ ਨੇ ਰਾਹੁਲ ਨੂੰ ਕਿਹਾ- ਕਰਜ਼ ਮੁਆਫ਼ੀ ਦਾ ਵਾਅਦਾ ਕਰੋ, ਕਾਂਗਰਸ ਦੀ ਸਰਕਾਰ ਬਣ ਜਾਵੇਗੀ
Thursday, Nov 24, 2022 - 01:56 PM (IST)
ਰੂਸਤਮਪੁਰ- ਕੇਂਦਰ ਅਤੇ ਮੱਧ ਪ੍ਰਦੇਸ਼, ਦੋਹਾਂ ਹੀ ਥਾਵਾਂ ’ਤੇ ਸੱਤਾ ਤੋਂ ਦੂਰ ਕਾਂਗਰਸ ਭਾਵੇਂ ਹੀ ਦਾਅਵਾ ਕਰ ਰਹੀ ਹੋਵੇ ਕਿ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ਦਾ ਚੁਣਾਵੀ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਭਾਜਪਾ ਸ਼ਾਸਿਤ ਸੂਬੇ ਦੇ ਕਈ ਵੋਟਰ ਇਸ ਨੂੰ ਚੋਣਾਂ ਨਾਲ ਜੋੜ ਕੇ ਵੇਖ ਰਹੇ ਹਨ। ‘ਭਾਰਤ ਜੋੜੋ ਯਾਤਰਾ’ ਵੀਰਵਾਰ ਯਾਨੀ ਕਿ ਅੱਜ ਸਵੇਰੇ ਜਦੋਂ ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਰੂਸਤਮਪੁਰ ਪਿੰਡ ਤੋਂ ਲੰਘੀ, ਉਦੋਂ ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਇਕ ਬਜ਼ੁਰਗ ਔਰਤ ਨੇ ਰਾਹੁਲ ਨੂੰ ਸੁਝਾਅ ਦਿੱਤਾ ਕਿ ਜੇਕਰ ਉਹ ਚਾਹੁੰਦੇ ਹਨ ਕਿ ਸੂਬੇ ’ਚ ਸਾਲ ਭਰ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਸਰਕਾਰ ਬਣੇ ਤਾਂ ਉਨ੍ਹਾਂ ਨੂੰ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦਾ ਐਲਾਨ ਕਰ ਦੇਣਾ ਚਾਹੀਦਾ ਹੈ।
63 ਸਾਲਾ ਅਨੀਤਾ ਮਹਾਜਨ ਨੇ ਦੱਸਿਆ ਕਿ ਮੈਂ ਰਾਹੁਲ ਗਾਂਧੀ ਨੂੰ ਕਿਹਾ ਕਿ ਜੇਕਰ ਉਹ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦਾ ਐਲਾਨ ਕਰਦੇ ਹਨ ਤਾਂ ਸੂਬੇ ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਿਲਕੁਲ ਬਣੇਗੀ। ਮਹਾਜਨ ਨੇ ਰਾਹੁਲ ਨੂੰ ਰਸਾਇਣਕ ਖਾਦ ਅਤੇ ਰਸੋਈ ਗੈਸ ਦੀਆਂ ਕੀਮਤਾਂ ਘਟਾਉਣ ਦੇ ਨਾਲ ਵਿਧਵਾਵਾਂ ਦੀ ਸਰਕਾਰੀ ਪੈਨਸ਼ਨ ਵਧਾਉਣ ਦੀ ਕੋਸ਼ਿਸ਼ ਕਰਨ ਦਾ ਸੁਝਾਅ ਵੀ ਦਿੱਤਾ।
ਜ਼ਿਕਰਯੋਗ ਹੈ ਕਿ ਸਾਲ 2018 ’ਚ ਮੱਧ ਪ੍ਰਦੇਸ਼ ’ਚ ਹੋਈਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਨੇ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ’ਤੇ 10 ਦਿਨ ਦੇ ਅੰਦਰ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਇਸ ਐਲਾਨ ਦਾ ਕਿਸਾਨ ਵੋਟਰਾਂ ਵਿਚਾਲੇ ਖ਼ਾਸਾ ਅਸਰ ਵੇਖਿਆ ਗਿਆ ਸੀ ਅਤੇ ਕਾਂਗਰਸ 15 ਸਾਲ ਦੇ ਲੰਬੇ ਵਕਫ਼ੇ ਮਗਰੋਂ ਸੂਬੇ ਦੀ ਸੱਤਾ ’ਚ ਪਰਤੀ ਸੀ।
ਹਾਲਾਂਕਿ ਜੋਤੀਰਾਦਿਤਿਆ ਸਿੰਧੀਆ ਦੀ ਸਰਪ੍ਰਸਤੀ ’ਚ ਕਾਂਗਰਸ ਦੇ 22 ਬਾਗੀ ਵਿਧਾਇਕਾਂ ਦੇ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਕੇ ਭਾਜਪਾ ’ਚ ਸ਼ਾਮਲ ਹੋਣ ਕਾਰਨ ਕਮਲਨਾਥ ਅਗਵਾਈ ’ਚ ਕਾਂਗਰਸ ਸਰਕਾਰ ਦਾ 20 ਮਾਰਚ 2020 ਨੂੰ ਪਤਨ ਹੋ ਗਿਆ ਸੀ। ਕਮਲਨਾਥ ਸਰਕਾਰ ਦੇ ਡਿੱਗਣ ਮਗਰੋਂ ਭਾਜਪਾ ਨੇ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਿਚ 23 ਮਾਰਚ 2020 ਨੂੰ ਸੂਬੇ ’ਚ ਇਕ ਵਾਰ ਫਿਰ ਸਰਕਾਰ ਬਣਾਈ ਸੀ।