ਜੰਮੂ-ਕਸ਼ਮੀਰ ''ਚ ਕੋਰੋਨਾ ਪੀੜਤ ਔਰਤ ਦੀ ਮੌਤ, ਮਰੀਜ਼ਾਂ ਦੀ ਗਿਣਤੀ 1300 ਤੋਂ ਪਾਰ
Thursday, May 21, 2020 - 03:41 PM (IST)

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲੇ ਦੀ ਰਹਿਣ ਵਾਲੀ ਇਕ ਔਰਤ ਕੋਰੋਨਾ ਵਾਇਰਸ 'ਕੋਵਿਡ-19' ਨਾਲ ਪੀੜਤ ਸੀ, ਜਿਸ ਦੀ ਸ਼੍ਰੀਨਗਰ ਦੇ ਇਕ ਹਸਪਤਾਲ 'ਚ ਵੀਰਵਾਰ ਭਾਵ ਅੱਜ ਮੌਤ ਹੋ ਗਈ ਹੈ। ਔਰਤ ਦੀ ਮੌਤ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਮ੍ਰਿਤਕਾਂ ਦੀ ਗਿਣਤੀ 19 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੱਧ ਕਸ਼ਮੀਰ ਦੇ ਬੜਗਾਮ ਜ਼ਿਲੇ ਦੇ ਪਰਿਸਾਬਾਦ ਦੀ ਵਸਨੀਕ ਔਰਤ ਦੀ ਅੱਜ ਦੁਪਹਿਰ ਹਸਪਤਾਲ ਵਿਚ ਮੌਤ ਹੋ ਗਈ।
ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਔਰਤ ਨੂੰ 15 ਮਈ ਨੂੰ ਐੱਸ. ਐੱਮ. ਐੱਚ. ਐੱਸ. ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਪਰ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਉਸ ਨੂੰ 18 ਮਈ ਨੂੰ ਛਾਤੀ ਦੇ ਰੋਗ ਹਸਪਤਾਲ 'ਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਔਰਤ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਦੇ ਆਈ. ਸੀ. ਯੂ. ਵਿਚ ਭਰਤੀ ਕਰਵਾਇਆ ਗਿਆ ਸੀ। ਔਰਤ ਦੇ ਮੌਤ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਕੋਰੋਨਾ ਨਾਲ ਸਬੰਧਤ ਮੌਤਾਂ ਦਾ ਅੰਕੜਾ 19 ਹੋ ਗਿਆ ਹੈ। ਹੁਣ ਤੱਕ 1,390 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।