ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ, 16 ਬਿੱਲ ਲਿਆਉਣ ਦੀ ਤਿਆਰੀ ''ਚ ਸਰਕਾਰ

Monday, Nov 25, 2024 - 10:01 AM (IST)

ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ, 16 ਬਿੱਲ ਲਿਆਉਣ ਦੀ ਤਿਆਰੀ ''ਚ ਸਰਕਾਰ

ਨਵੀਂ ਦਿੱਲੀ- ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਯਾਨੀ ਕਿ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ, ਇਸ ਸੈਸ਼ਨ ਲਈ ਵਕਫ ਸੋਧ ਬਿੱਲ ਸਮੇਤ 16 ਬਿੱਲ ਸੂਚੀਬੱਧ ਕੀਤੇ ਗਏ ਹਨ। ਜਿਸ ਨੂੰ ਸਰਕਾਰ ਪਾਸ ਕਰਵਾਉਣ ਦੀ ਤਿਆਰੀ ਵਿਚ ਹੈ। ਵਿਰੋਧੀ ਪਾਰਟੀਆਂ ਦੇ ਜਿਸ ਤਰ੍ਹਾਂ ਦਾ ਰਵੱਈਆ ਹੈ, ਉਸ ਤੋਂ ਸਪੱਸ਼ਟ ਹੈ ਕਿ ਸੈਸ਼ਨ ਹੰਗਾਮੇਦਾਰ ਰਹਿ ਸਕਦਾ ਹੈ। ਹਰਿਆਣਾ ਅਤੇ ਮਹਾਰਾਸ਼ਟਰ ਵਿਚ NDA ਦੀ ਜ਼ਬਰਦਸਤ ਜਿੱਤ ਤੋਂ ਬਾਅਦ ਇਸ ਸੈਸ਼ਨ 'ਚ ਸਰਕਾਰ ਦੀ ਸਥਿਤੀ ਮਜ਼ਬੂਤ ​​ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਸੂਬਿਆਂ ਦੇ ਚੋਣ ਨਤੀਜਿਆਂ ਦਾ ਅਸਰ ਸੈਸ਼ਨ 'ਤੇ ਦੇਖਣ ਨੂੰ ਮਿਲੇਗਾ। ਸੰਸਦ ਦਾ ਇਹ ਸੈਸ਼ਨ ਬਹੁਤ ਰੌਲਾ-ਰੱਪਾ ਵਾਲਾ ਹੋਵੇਗਾ ਅਤੇ 20 ਦਸੰਬਰ ਤੱਕ ਚੱਲੇਗਾ। ਇਸ ਸਮੇਂ ਦੌਰਾਨ ਸੰਸਦ 'ਚ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕਦੀ ਹੈ।

 ਸੰਸਦ ਦੇ ਸਰਦ ਰੁੱਤ ਸੈਸ਼ਨ 2024 ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਨੂੰ ਸਮਝੀਏ-

ਵਿਰੋਧੀ ਧਿਰ ਦੀ ਰਣਨੀਤੀ ਤੈਅ ਕਰਨ ਲਈ ਅੱਜ ਸਵੇਰੇ ਸੰਸਦ ਭਵਨ 'ਚ ਇੰਡੀਆ ਬਲਾਕ ਦੇ ਆਗੂ ਮੀਟਿੰਗ ਕਰਨਗੇ।
ਸੰਸਦ ਦੇ ਮੁੱਦਿਆਂ 'ਤੇ ਚਰਚਾ ਕਰਦੇ ਹੋਏ ਕਾਂਗਰਸ ਦੇ ਪ੍ਰਮੋਦ ਤਿਵਾਰੀ ਨੇ ਕਿਹਾ, ਅਸੀਂ ਮਣੀਪੁਰ ਦਾ ਮੁੱਦਾ ਉਠਾਉਣ ਲਈ ਕਿਹਾ ਹੈ। ਮਣੀਪੁਰ ਵਿਚ ਕਈ ਕਤਲ ਹੋ ਰਹੇ ਹਨ ਅਤੇ ਉਥੇ ਕਾਨੂੰਨ ਵਿਵਸਥਾ ਨਹੀਂ ਹੈ। ਦੇਸ਼ ਵਿਚ ਬੇਰੁਜ਼ਗਾਰੀ ਹੈ, ਮੈਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਉੱਤਰੀ ਭਾਰਤ ਵਿਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ।
ਹਾਲਾਂਕਿ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਆਪਣੀ ਕਰਾਰੀ ਹਾਰ ਤੋਂ ਬਾਅਦ ਵਿਰੋਧੀ ਧਿਰ ਦੇ ਕਮਜ਼ੋਰ ਹੋਣ ਦੀ ਉਮੀਦ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਲਈ ਸਾਰੇ ਪਾਰਟੀ ਨੇਤਾਵਾਂ ਤੋਂ ਸਹਿਯੋਗ ਅਤੇ ਸਮਰਥਨ ਦੀ ਬੇਨਤੀ ਕੀਤੀ।
ਸਰਦ ਰੁੱਤ ਸੈਸ਼ਨ 20 ਦਸੰਬਰ ਤੱਕ ਚੱਲਣ ਦੀ ਸੰਭਾਵਨਾ ਹੈ। ਇਸ ਸੈਸ਼ਨ ਵਿਚ ਜਿਨ੍ਹਾਂ ਬਿੱਲਾਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਵਿਚ ਵਕਫ਼ ਸੋਧ ਬਿੱਲ ਅਤੇ ਆਫ਼ਤ ਪ੍ਰਬੰਧਨ (ਸੋਧ) ਬਿੱਲ ਸ਼ਾਮਲ ਹਨ।
ਬੈਂਕਿੰਗ ਕਾਨੂੰਨ (ਸੋਧ) ਬਿੱਲ ਅਤੇ ਰੇਲਵੇ ਐਕਟ ਸੋਧ ਬਿੱਲ ਲੋਕ ਸਭਾ ਵਿਚ ਪੇਸ਼ ਕੀਤੇ ਜਾਣੇ ਹਨ। ਰੇਲਵੇ ਐਕਟ ਵਿਚ ਸੋਧ ਲਈ ਇਕ ਬਿੱਲ ਵੀ ਪੇਸ਼ ਕੀਤਾ ਜਾਵੇਗਾ।
ਕਿਆਸ ਲਗਾਏ ਜਾ ਰਹੇ ਹਨ ਕਿ ਸਰਕਾਰ ਇਸ ਸੈਸ਼ਨ 'ਚ 'ਵਨ ਨੇਸ਼ਨ ਵਨ ਇਲੈਕਸ਼ਨ' ਬਿੱਲ ਪੇਸ਼ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਸਰਕਾਰ 'ਵਨ ਨੇਸ਼ਨ, ਵਨ ਇਲੈਕਸ਼ਨ' ਯੋਜਨਾ 'ਤੇ ਕੰਮ ਕਰ ਰਹੀ ਹੈ।
ਬੈਂਕਿੰਗ ਕਾਨੂੰਨ ਸੋਧ ਬਿੱਲ ਰਿਜ਼ਰਵ ਬੈਂਕ ਆਫ਼ ਇੰਡੀਆ ਐਕਟ, ਬੈਂਕਿੰਗ ਰੈਗੂਲੇਸ਼ਨ ਐਕਟ, ਸਟੇਟ ਬੈਂਕ ਆਫ਼ ਇੰਡੀਆ ਐਕਟ ਅਤੇ ਬੈਂਕਿੰਗ ਕੰਪਨੀਜ਼ ਐਕਟ ਵਿਚ ਹੋਰ ਸੋਧ ਕਰੇਗਾ।
ਹਵਾਈ ਜਹਾਜ਼ ਦੇ ਡਿਜ਼ਾਈਨ, ਨਿਰਮਾਣ, ਰੱਖ-ਰਖਾਅ, ਕਬਜ਼ੇ, ਵਰਤੋਂ, ਸੰਚਾਲਨ, ਵਿਕਰੀ, ਨਿਰਯਾਤ ਅਤੇ ਆਯਾਤ ਦੇ ਨਿਯਮ ਅਤੇ ਨਿਯੰਤਰਣ ਲਈ ਭਾਰਤੀ ਹਵਾਈ ਜਹਾਜ਼ ਕਾਨੂੰਨ, 2024 ਬਿੱਲ ਰਾਜ ਸਭਾ ਵਿਚ ਪੇਸ਼ ਕੀਤਾ ਜਾਵੇਗਾ।


author

Tanu

Content Editor

Related News