ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
Monday, Dec 02, 2024 - 07:56 PM (IST)
ਨੈਸ਼ਨਲ ਡੈਸਕ : ਦੇਸ਼ ਅੰਦਰ ਠੰਡ ਜ਼ੋਰ ਫੜ੍ਹਦੀ ਜਾ ਰਹੀ ਹੈ, ਇਸ ਵਿਚਾਲੇ ਪੰਜਾਬ ਵਿੱਚ ਵੀ ਸਵੇਰ ਸ਼ਾਮ ਦੀ ਠੰਡ ਨੇ ਲੋਕਾਂ ਨੂੰ ਕੰਬਣੀ ਛੇੜਣੀ ਸ਼ੁਰੂ ਕਰ ਦਿੱਤੀ ਹੈ। ਬੇਸ਼ਕ ਦਿਨ ਸਮੇਂ ਕੜਾਕੇ ਦੀ ਧੁੱਪ ਠੰਡ ਨੂੰ ਕੁਝ ਘੱਟਾ ਜ਼ਰੂਰ ਦਿੰਦੀ ਹੈ। ਕਈ ਇਲਾਕਿਆਂ ਵਿੱਚ ਲੋਕਾਂ ਨੂੰ ਧੁੰਦ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਦੇਸ਼ ਭਰ ਦੇ ਜ਼ਿਆਦਾਤਰ ਸੂਬਿਆਂ ਵਿੱਚ ਇਹੋ ਹਾਲ ਹੈ। ਜਿਸ ਕਾਰਨ ਹੁਣ ਮੱਧ ਪ੍ਰਦੇਸ਼ ਦੀ ਸਰਕਾਰ ਨੇ ਸੂਬੇ ਅੰਦਰ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਜੋ ਕਿ ਇਸ ਸਾਲ ਦੇ ਅੰਤ ਵਿੱਚ ਹੋਣਗੀਆਂ ਭਾਵ 31 ਦਸੰਬਰ 2024 ਤੋਂ 4 ਜਨਵਰੀ 2025 ਤਕ 5 ਛੁੱਟੀਆਂ ਰਹਿਣਗੀਆਂ।
ਇਨ੍ਹਾਂ ਦਿਨਾਂ ਦੌਰਾਨ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ। ਵਿਦਿਅਕ ਅਦਾਰੀਆਂ ਵਿੱਚ ਛੁੱਟੀਆਂ ਦੇ ਐਲਾਨ ਦੇ ਨਾਲ ਹੀ ਦੱਸ ਦਈਏ ਕਿ 4 ਜਨਵਰੀ ਨੂੰ ਬੇਸ਼ਕ ਇਹ ਛੁੱਟੀਆਂ ਖ਼ਤਮ ਹੋਣਗੀਆਂ ਪਰ 5 ਜਨਵਰੀ ਨੂੰ ਵੀ ਸਕੂਲ ਬੰਦ ਰਹਿਣਗੇ, ਕਿਉਂਕਿ 5 ਜਨਵਰੀ ਨੂੰ ਐਤਵਾਰ ਹੈ। ਜਿਸ ਕਾਰਨ ਇਕ ਛੁੱਟੀ ਦਾ ਵਾਧਾ ਹੋ ਜਾਵੇਗਾ। ਇਸ ਤਰੀਕੇ ਨਾਲ ਮੱਧ ਪ੍ਰਦੇਸ਼ ਵਿੱਚ ਸਰਦੀਆਂ ਦੀਆਂ ਛੁੱਟੀਆਂ ਕੁੱਲ 6 ਦਿਨ ਰਹਿਣਗੀਆਂ।
ਮੱਧ ਪ੍ਰਦੇਸ਼ ਸਰਕਾਰ ਦੇ ਇਸ ਫੈਸਲੇ ਨਾਲ ਬੱਚਿਆਂ ਨੂੰ ਹੀ ਨਹੀਂ ਬਲਕਿ ਅਧਿਆਪਕਾਂ ਨੂੰ ਵੀ ਰਾਹਤ ਮਿਲੇਗੀ। ਇਸ ਦੌਰਾਨ ਨਵੇਂ ਸਾਲ ਦਾ ਦਿਨ ਵੀ 1 ਜਨਵਰੀ 2025 ਨੂੰ ਆਉਂਦਾ ਹੈ ਅਤੇ ਛੁੱਟੀ ਹੋਣ ਕਾਰਨ ਬੱਚੇ ਅਤੇ ਅਧਿਆਪਕ ਇਸ ਦਿਨ ਨੂੰ ਆਸਾਨੀ ਨਾਲ ਮਨਾ ਸਕਣਗੇ।