ਜਿੱਥੇ ਕਾਂਗਰਸ ਮਜ਼ਬੂਤ, ਉੱਥੇ ਉਸ ਦਾ ਸਮਰਥਨ ਕਰਾਂਗੇ : ਮਮਤਾ
Tuesday, May 16, 2023 - 02:40 PM (IST)
 
            
            ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ’ਚ ਜਿੱਥੇ ਕਾਂਗਰਸ ਮਜ਼ਬੂਤ ਸਥਿਤੀ ’ਚ ਹੋਵੇਗੀ, ਉੱਥੇ ਉਸ ਦਾ ਸਮਰਥਨ ਕਰੇਗੀ। ਇਹ ਪਹਿਲੀ ਵਾਰ ਹੈ ਜਦੋਂ ਬੈਨਰਜੀ ਨੇ ਅੱਗੇ ਦੀ ਚੋਣ ਲੜਾਈ ’ਚ ਵਿਰੋਧੀ ਏਕਤਾ ਦੀ ਸੰਭਾਵਿਤ ਰਣਨੀਤੀ ’ਤੇ ਤ੍ਰਿਣਮੂਲ ਕਾਂਗਰਸ ਦੀ ਸਥਿਤੀ ਸਪੱਸ਼ਟ ਕੀਤੀ ਹੈ।
ਬੈਨਰਜੀ ਨੇ ਸੂਬਾ ਸਕੱਤਰੇਤ ’ਚ ਪੱਤਰਕਾਰਾਂ ਨੂੰ ਕਿਹਾ ਕਿ ਜਿੱਥੇ ਵੀ ਕਾਂਗਰਸ ਮਜ਼ਬੂਤ ਹੈ, ਉਨ੍ਹਾਂ ਨੂੰ ਲੜਨ ਦਿਓ। ਅਸੀਂ ਉਨ੍ਹਾਂ ਨੂੰ ਸਮਰਥਨ ਦੇਵਾਂਗੇ, ਇਸ ’ਚ ਕੁਝ ਵੀ ਗਲਤ ਨਹੀਂ ਹੈ ਪਰ ਉਨ੍ਹਾਂ ਨੂੰ ਹੋਰ ਸਿਆਸੀ ਪਾਰਟੀਆਂ ਦਾ ਵੀ ਸਮਰਥਨ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ, ਸਮਰਥਨ ਹਾਸਲ ਕਰਨ ਲਈ ਕਾਂਗਰਸ ਨੂੰ ਹੋਰ ਪਾਰਟੀਆਂ ਦਾ ਵੀ ਸਮਰਥਨ ਕਰਨਾ ਹੋਵੇਗਾ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੀਟਾਂ ਦੀ ਵੰਡ ਦਾ ਫਾਰਮੂਲਾ ਉਨ੍ਹਾਂ ਖੇਤਰਾਂ ’ਚ ਖੇਤਰੀ ਪਾਰਟੀਆਂ ਨੂੰ ਪਹਿਲ ਦੇਵੇਗਾ ਜਿੱਥੇ ਉਹ ਮਜ਼ਬੂਤ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            