ਲੋਕ ਸਭਾ ''ਚ ਅੱਜ ਦਾ ਦਿਨ ਖ਼ਾਸ; ਕੀ ਰਾਹੁਲ ਜਾਣਗੇ ਸੰਸਦ, ਟਿਕੀਆਂ ਸਭ ਦੀਆਂ ਨਜ਼ਰਾਂ

Monday, Aug 07, 2023 - 10:30 AM (IST)

ਲੋਕ ਸਭਾ ''ਚ ਅੱਜ ਦਾ ਦਿਨ ਖ਼ਾਸ; ਕੀ ਰਾਹੁਲ ਜਾਣਗੇ ਸੰਸਦ, ਟਿਕੀਆਂ ਸਭ ਦੀਆਂ ਨਜ਼ਰਾਂ

ਨਵੀਂ ਦਿੱਲੀ- ਲੋਕ ਸਭਾ ਵਿਚ ਅੱਜ ਇਕ ਬੇਹੱਦ ਖ਼ਾਸ ਦਿਨ ਹੈ। ਇਕ ਪਾਸੇ ਰਾਹੁਲ ਗਾਂਧੀ ਦੀ ਦੋਸ਼ ਸਿੱਧੀ 'ਤੇ ਰੋਕ ਲੱਗੀ ਹੈ ਤਾਂ ਦੂਜੇ ਪਾਸ ਭਾਜਪਾ ਸੰਸਦ ਮੈਂਬਰ ਰਾਮਸ਼ੰਕਰ ਕਠੇਰੀਆ ਨੂੰ 2 ਸਾਲ ਦੀ ਸਜ਼ਾ ਮਿਲੀ ਹੈ। ਜਿਸ ਦੇ ਚੱਲਦੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਹੋ ਜਾਵੇਗੀ। ਦਰਅਸਲ ਮੋਦੀ ਸਰਨੇਮ ਵਾਲੀ ਟਿੱਪਣੀ ਨਾਲ ਜੁੜੇ ਮਾਣਹਾਨੀ ਮਾਮਲੇ ਵਿਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਕਾਂਗਰਸ ਨੇ ਕਿਹਾ ਕਿ ਉਸ ਦੇ ਨੇਤਾ ਦੀ ਮੈਂਬਰਸ਼ਿਪ ਬਹਾਲ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਉਨ੍ਹਾਂ ਨੂੰ ਅਯੋਗ ਠਹਿਰਾਇਆ ਗਿਆ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਪਹਿਲਾਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਹੋਵੇਗੀ ਜਾਂ ਰਾਮਸ਼ੰਕਰ ਕਠੇਰੀਆ ਦੀ ਮੈਂਬਰਸ਼ਿਪ ਖੋਹੀ ਜਾਵੇਗੀ। 

ਦਰਅਸਲ ਉੱਤਰ ਪ੍ਰਦੇਸ਼ ਦੇ ਇਟਾਵਾ ਤੋਂ ਲੋਕ ਸਭਾ ਸੰਸਦ ਮੈਂਬਰ ਭਾਜਪਾ ਨੇਤਾ ਕਠੇਰੀਆ ਨੂੰ ਆਗਰਾ ਦੀ ਇਕ ਅਦਾਲਤ ਨੇ ਸਾਲ 2011 ਵਿਚ ਇਕ ਬਿਜਲੀ ਕੰਪਨੀ ਦੇ ਕਰਮਚਾਰੀ ਨਾਲ ਕੁੱਟਮਾਰ ਮਾਮਲੇ ਵਿਚ ਸ਼ਨੀਵਾਰ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। 2 ਸਾਲ ਦੀ ਕੈਦ ਦੀ ਸਜ਼ਾ ਹੋਣ ਮਗਰੋਂ ਕਠੇਰੀਆ ਦੀ ਸੰਸਦ ਮੈਂਬਰਸ਼ਿਪ ਵੀ ਜਾ ਸਕਦੀ ਹੈ। 23 ਮਾਰਚ 2023 ਨੂੰ ਸੂਰਤ ਦੀ ਸੈਸ਼ਨ ਕੋਰਟ ਨੇ ਰਾਹੁਲ ਨੂੰ ਮੋਦੀ ਸਰਨੇਮ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। 24 ਮਾਰਚ ਨੂੰ ਉਨ੍ਹਾਂ ਨੂੰ ਲੋਕ  ਸਭਾ ਦੇ ਮੈਂਬਰ ਦੇ ਰੂਪ ਵਿਚ ਅਯੋਗ ਐਲਾਨ ਕਰ ਦਿੱਤਾ ਗਿਆ ਸੀ।

ਓਧਰ ਲੋਕ ਸਭਾ ਦੇ ਜਨਰਲ ਸਕੱਤਰ ਰਹੇ ਪੀ. ਡੀ. ਟੀ. ਆਚਾਰੀਆ ਮੁਤਾਬਕ ਕਿਸੇ ਸੰਸਦ ਮੈਂਬਰ ਦੀ ਮੈਂਬਰਸ਼ਿਪ ਜਨ ਪ੍ਰਤੀਨਿਧੀਤੱਵ ਐਕਟ-1951 ਦੇ ਸੈਕਸ਼ਨ-8 (3) ਤਹਿਤ ਰੱਦ ਕੀਤੀ ਜਾਂਦੀ ਹੈ। ਇਸ ਨਿਯਮ ਮੁਤਾਬਕ ਜਦੋਂ ਕਿਸੇ ਮੈਂਬਰ ਨੂੰ ਕਿਸੇ ਅਪਰਾਧਿਕ ਮਾਮਲੇ 'ਚ ਦੋਸ਼ੀ ਠਹਿਰਾਇਆ ਜਾਂਦਾ ਹੈ ਅਤੇ ਉਸ ਨੂੰ 2 ਸਾਲ ਜਾਂ ਉਸ ਤੋਂ ਜ਼ਿਆਦਾ ਸਜ਼ਾ ਮਿਲਦੀ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਕੀਤੀ ਜਾਂਦੀ ਹੈ। ਨਿਯਮ ਤਹਿਤ ਜਿਸ ਦਿਨ ਮੈਂਬਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਸੇ ਦਿਨ ਤੋਂ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ।


author

Tanu

Content Editor

Related News