ਭਾਜਪਾ ਨਾਲ ਗੱਠਜੋੜ ਕਰਨ ਵਾਲਿਆਂ ਨਾਲ ਸਬੰਧ ਨਹੀਂ ਰੱਖਾਂਗੇ: ਸ਼ਰਦ ਪਵਾਰ

Friday, Nov 15, 2024 - 06:17 PM (IST)

ਪੁਣੇ (ਏਜੰਸੀ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸ. ਪੀ.) ਪ੍ਰਮੁੱਖ ਸ਼ਰਦ ਪਵਾਰ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਮਾਜ ਨੂੰ ਵੰਡਣ ਦਾ ਦੋਸ਼ ਲਗਾਇਆ ਤੇ ਚੋਣ ਪ੍ਰਚਾਰ ਮੁਹਿੰਮ ’ਚ ਦਿੱਤੇ ਉਨ੍ਹਾਂ ਦੇ ਭਾਸ਼ਣਾਂ ਦੀ ਆਲੋਚਨਾ ਕੀਤੀ। ਵਿਰੋਧੀ ਆਗੂ ਨੇ ਕਿਹਾ ਕਿ ਸੱਤਾਧਾਰੀ ਗੱਠਜੋੜ ਖਿਲਾਫ ਲੋਕਾਂ ’ਚ ਬੇਚੈਨੀ ਮਹਾਰਾਸ਼ਟਰ ’ਚ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ਨੂੰ ਸੱਤਾ ’ਚ ਮੁੜ ਪਰਤਣ ’ਚ ਮਦਦ ਕਰੇਗੀ।

ਇਹ ਵੀ ਪੜ੍ਹੋ: ਭਾਰਤ ਦੇ ਖੇਤੀ-ਤਕਨਾਲੋਜੀ ਖੇਤਰ 'ਚ ਮੌਕਿਆਂ ਦੀ ਖੋਜ ਕਰਨ ਲਈ ਉਤਸੁਕ ਆਸਟ੍ਰੇਲੀਆ

ਸਾਬਕਾ ਕੇਂਦਰੀ ਮੰਤਰੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਜੀਤ ਪਵਾਰ ਦੇ ਦੁਬਾਰਾ ਉਨ੍ਹਾਂ ਨਾਲ ਆਉਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਭਾਜਪਾ ਨਾਲ ਗੱਠਜੋੜ ਕਰਨ ਵਾਲਿਆਂ ਨਾਲ ਕੋਈ ਸਬੰਧ ਨਹੀਂ ਰੱਖਿਆ ਜਾਵੇਗਾ। ਮਹਾਰਾਸ਼ਟਰ ’ਚ ਵਿਰੋਧੀ ਧਿਰ ਐੱਮ. ਵੀ. ਏ. ਦੇ ਗਠਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਰਦ ਪਵਾਰ ਨੇ ਇਕ ਇੰਟਰਵਿਊ ’ਚ ਕਿਹਾ ਕਿ ਸੱਤਾਧਾਰੀ ਮਹਾਯੁਤੀ ਲੋਕ ਸਭਾ ਚੋਣਾਂ ’ਚ ਸੂਬੇ ’ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੈਸ਼ ਟਰਾਂਸਫਰ ਸਕੀਮਾਂ ਦੀ ਵਰਤੋਂ ਕਰ ਰਹੀ ਹੈ। ਸੂਬੇ ਦੇ 4 ਵਾਰ ਮੁੱਖ ਮੰਤਰੀ ਰਹਿ ਚੁੱਕੇ ਸ਼ਰਦ ਪਵਾਰ ਨੇ ਕਿਹਾ ਕਿ ਪਰ ਲੋਕ ਉਨ੍ਹਾਂ (ਮਹਾਯੁਤੀ) ਨੂੰ ਨਕਾਰ ਦੇਣਗੇ। ਐੱਨ. ਸੀ. ਪੀ. (ਐੱਸ. ਪੀ.) ਮੁਖੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਤਿੱਖੀ ਆਲੋਚਨਾ ਕੀਤੀ, ਜਿਨ੍ਹਾਂ ਦੇ ‘ਬਟੇਂਗੇ ਤੋ ਕਟੇਂਗੇ’ ਨਾਅਰੇ ਦੀ ਕੁਝ ਭਾਜਪਾ ਆਗੂਆਂ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਵਰਗੇ ਸਹਿਯੋਗੀਆਂ ਨੇ ਵੀ ਆਲੋਚਨਾ ਕੀਤੀ ਹੈ।

ਇਹ ਵੀ ਪੜ੍ਹੋ: ਆਦਿਵਾਸੀ ਲੋਕਾਂ ਲਈ 'ਸਿੱਖਿਆ, ਕਮਾਈ ਅਤੇ ਦਵਾਈ' ਸਾਡੀ ਪ੍ਰਮੁੱਖ ਤਰਜੀਹ: PM ਮੋਦੀ

ਸ਼ਰਦ ਨੇ ਕਿਹਾ ਕਿ ਉਹ (ਆਦਿੱਤਿਆਨਾਥ) ਅਜਿਹੇ ਫਿਰਕੂ ਬਿਆਨਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਮਹੱਤਵ ਕਿਉਂ ਦਿੱਤਾ ਜਾਵੇ? ਮੈਂ ਉਨ੍ਹਾਂ ਬਾਰੇ ਇਕ ਵੀ ਸ਼ਬਦ ਨਹੀਂ ਕਹਿਣਾ ਚਾਹੁੰਦਾ। ਇਹ ਉਹ ਲੋਕ ਹਨ, ਜੋ ਭਗਵੇਂ ਕੱਪੜੇ ਪਾ ਕੇ ਫਿਰਕਾਪ੍ਰਸਤੀ ਫੈਲਾਉਂਦੇ ਹਨ। ਉਹ ਦੇਸ਼ ਦਾ ਨੁਕਸਾਨ ਕਰ ਰਹੇ ਹਨ। ਵਿਰੋਧੀ ਧਿਰ ’ਤੇ ਜਾਤ ਦੇ ਆਧਾਰ ’ਤੇ ਸਮਾਜ ਨੂੰ ਵੰਡਣ ਦਾ ਦੋਸ਼ ਲਗਾਉਣ ਤੇ ਸੱਤਾਧਾਰੀ ਭਾਜਪਾ, ਸ਼ਿਵ ਸੈਨਾ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਗੱਠਜੋੜ ਦੇ ਹੱਕ ’ਚ ਲੋਕਾਂ ਨੂੰ ਇਕਜੁੱਟ ਹੋਣ ਦੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਅਪੀਲ ਕਰਨ ਬਾਰੇ ਪੁੱਛੇ ਜਾਣ ’ਤੇ ਸ਼ਰਦ ਪਵਾਰ ਨੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਹਨ। ਉਹ ਕੁਝ ਗੱਲਾਂ ਕਹਿ ਰਹੇ ਹਨ। ਸਾਡੇ ਸਹਿਯੋਗੀਆਂ (ਦੋਸਤਾਂ) ਬਾਰੇ ਉਹ ਜੋ ਕਹਿੰਦੇ ਹਨ, ਉਹ ਬਹੁਤ ਗਲਤ ਹੈ। ਉਹ ਆਪ ਹੀ ਸਮਾਜ ਨੂੰ ਵੰਡ ਰਹੇ ਹਨ। ਤੁਸੀਂ ਪਿਛਲੇ ਕੁਝ ਦਿਨਾਂ ’ਚ ਉਨ੍ਹਾਂ ਦੇ ਭਾਸ਼ਣਾਂ ਤੇ ਉਨ੍ਹਾਂ ਦੇ ਸਿਆਸੀ ਹਿੱਤਾਂ ਲਈ ਉਠਾਏ ਗਏ ਮੁੱਦੇ ਦੇਖ ਸਕਦੇ ਹੋ।

ਇਹ ਵੀ ਪੜ੍ਹੋ: ਕੀ ਖ਼ਤਮ ਹੋ ਜਾਵੇਗਾ ਰੂਸ-ਯੂਕ੍ਰੇਨ ਯੁੱਧ? ਜਾਣੋ ਕੀ ਬੋਲੇ ਡੋਨਾਲਡ ਟਰੰਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News