ਅਡਾਨੀ ਮਾਮਲੇ ਦੀ ਸੱਚਾਈ ਸਾਹਮਣੇ ਆਉਣ ਤੱਕ ਸਵਾਲ ਪੁੱਛਦੇ ਰਹਾਂਗੇ : ਰਾਹੁਲ ਗਾਂਧੀ
Sunday, Feb 26, 2023 - 04:44 PM (IST)
ਨਵਾ ਰਾਏਪੁਰ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਸੱਚ ਸਾਹਮਣੇ ਆਉਣ ਤੱਕ ਪਾਰਟੀ ਗੌਤਮ ਅਡਾਨੀ ਬਾਰੇ ਸਵਾਲ ਪੁੱਛਦੀ ਰਹੇਗੀ। ਉਨ੍ਹਾਂ ਨੇ ਸੰਸਦ 'ਚ ਉਦਯੋਗਪਤੀ ਦਾ ਸਮਰਥਨ ਕਰਨ ਲਈ ਭਾਜਪਾ ਦੇ ਨੇਤਾਵਾਂ ਨੂੰ ਲੰਮੇਂ ਹੱਥੀ ਲਿਆ। ਅਡਾਨੀ ਮੁੱਦੇ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਰਾਹੁਲ ਨੇ ਦੋਸ਼ ਲਾਇਆ ਕਿ ਪੂਰੀ ਦੌਲਤ ਹੜੱਪ ਕਰ ਕੇ ਅਡਾਨੀ ਦੇਸ਼ ਖ਼ਿਲਾਫ਼ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ– ਰਾਹੁਲ ਗਾਂਧੀ ਨੇ ਸੁਣਾਇਆ ਬਚਪਨ 'ਚ ਘਰ ਛੱਡਣ ਦਾ ਕਿੱਸਾ, ਮਾਂ ਸੋਨੀਆ ਹੋਈ ਭਾਵੁਕ
ਹਜ਼ਾਰਾਂ ਵਾਰ ਪੁੱਛਾਂਗੇ, ਜਦੋਂ ਤੱਕ ਅਡਾਨੀ ਜੀ ਦਾ ਸੱਚ ਸਾਹਮਣੇ ਨਹੀਂ ਆਉਂਦਾ
ਰਾਏਪੁਰ 'ਚ ਪਾਰਟੀ ਦੇ 85ਵੇਂ ਸੰਮੇਲਨ 'ਚ ਸੰਬੋਧਨ ਦੌਰਾਨ ਰਾਹੁਲ ਨੇ ਕਿਹਾ ਕਿ ਜਦੋਂ ਸੰਸਦ 'ਚ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਦਾ ਅਡਾਨੀ ਨਾਲ ਕੀ ਸਬੰਧ ਹੈ ਤਾਂ ਸਾਡਾ ਪੂਰਾ ਭਾਸ਼ਣ ਕਾਰਵਾਈ ਤੋਂ ਹਟਾ ਦਿੱਤਾ ਗਿਆ। ਅਸੀਂ ਸੰਸਦ ਵਿਚ ਹਜ਼ਾਰਾਂ ਵਾਰ ਪੁੱਛਾਂਗੇ, ਜਦੋਂ ਤੱਕ ਅਡਾਨੀ ਜੀ ਦਾ ਸੱਚ ਸਾਹਮਣੇ ਨਹੀਂ ਆਉਂਦਾ, ਅਸੀਂ ਰੁਕਾਂਗੇ ਨਹੀਂ।
ਇਹ ਵੀ ਪੜ੍ਹੋ- ਸਿਆਸਤ ਤੋਂ ਸੰਨਿਆਸ ਦੀਆਂ ਖ਼ਬਰਾਂ ਵਿਚਾਲੇ ਸੋਨੀਆ ਗਾਂਧੀ ਦਾ ਬਿਆਨ ਆਇਆ ਸਾਹਮਣੇ
ਅਡਾਨੀ ਦੀ ਕੰਪਨੀ ਦੇਸ਼ ਨੂੰ ਨੁਕਸਾਨ ਪਹੁੰਚਾ ਰਹੀ
ਰਾਹੁਲ ਨੇ ਦੋਸ਼ ਲਾਇਆ ਕਿ ਮੈਂ ਅਡਾਨੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਕੰਪਨੀ ਦੇਸ਼ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਦੇਸ਼ ਦੇ ਸਮੁੱਚੇ ਬੁਨਿਆਦੀ ਢਾਂਚੇ ਨੂੰ ਹੜੱਪ ਰਹੀ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਇਕ ਕੰਪਨੀ ਖ਼ਿਲਾਫ਼ ਸੀ ਕਿਉਂਕਿ ਉਸ ਨੇ ਦੇਸ਼ ਦੀ ਸਮੁੱਚੀ ਦੌਲਤ ਅਤੇ ਬੰਦਰਗਾਹਾਂ 'ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ਦੋਹਰਾਇਆ ਜਾ ਰਿਹਾ ਹੈ। ਇਹ ਦੇਸ਼ ਵਿਰੋਧੀ ਕੰਮ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪੂਰੀ ਕਾਂਗਰਸ ਪਾਰਟੀ ਇਸ ਦੇ ਖ਼ਿਲਾਫ਼ ਖੜ੍ਹੀ ਹੋਵੇਗੀ।
ਇਹ ਵੀ ਪੜ੍ਹੋ- ਮਨੀਸ਼ ਸਿਸੋਦੀਆ ਦਿੱਲੀ ਆਬਕਾਰੀ ਨੀਤੀ ਘਪਲੇ ਦੀ CBI ਜਾਂਚ 'ਚ ਹੋਏ ਸ਼ਾਮਲ
ਕਾਂਗਰਸ PM ਮੋਦੀ ਤੇ ਅਡਾਨੀ 'ਤੇ ਸਵਾਲ ਪੁੱਛਦੀ ਰਹੇਗੀ
ਰਾਹੁਲ ਨੇ ਇਹ ਵੀ ਕਿਹਾ ਕਿ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਡਾਨੀ ਦੇ ਸਬੰਧਾਂ 'ਤੇ ਸਵਾਲ ਪੁੱਛਦੀ ਰਹੇਗੀ। ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ 'ਤੇ ਫਰਜ਼ੀ ਲੈਣ-ਦੇਣ ਅਤੇ ਸ਼ੇਅਰਾਂ ਦੀਆਂ ਕੀਮਤਾਂ 'ਚ ਹੇਰਾਫੇਰੀ ਸਮੇਤ ਕਈ ਦੋਸ਼ ਲਾਏ ਸਨ। ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਅਡਾਨੀ ਗਰੁੱਪ ਨੇ ਕਿਹਾ ਕਿ ਇਸ ਨੇ ਸਾਰੇ ਕਾਨੂੰਨਾਂ ਅਤੇ ਵਿਵਸਥਾਵਾਂ ਦੀ ਪਾਲਣਾ ਕੀਤੀ ਹੈ।