ਕੀ ਭਾਰਤ ''ਚ ਤਾਇਨਾਤ ਹੋਣਗੇ 3000 ਰੂਸੀ ਫੌਜੀ ਅਤੇ 5 ਜੰਗੀ ਬੇੜੇ, RELOS ਸਮਝੌਤੇ ਨੇ ਵਧਾਈ ਦੇਸ਼ ’ਚ ਹਲਚਲ!
Monday, Apr 27, 2026 - 09:13 AM (IST)
ਨਵੀਂ ਦਿੱਲੀ (ਇੰਟ.)- ਕੀ ਜਲਦੀ ਹੀ ਭਾਰਤ ਦੀ ਜ਼ਮੀਨ ’ਤੇ ਰੂਸ ਦੇ ਫੌਜੀ ਅਤੇ ਜੰਗੀ ਬੇੜੇ ਨਜ਼ਰ ਆਉਣਗੇ? ਦੋਵਾਂ ਦੇਸ਼ਾਂ ਵਿਚਾਲੇ ਲਾਗੂ ਹੋਇਆ ਨਵਾਂ ਰੈਸੀਪ੍ਰੋਕਲ ਐਕਸਚੇਂਜ ਆਫ ਲਾਜਿਸਟਿਕਸ ਸੁਪੋਰਟ (ਆਰ.ਈ.ਐੱਲ.ਓ.ਐੱਸ.) ਰੱਖਿਆ ਸਮਝੌਤਾ ਇਸੇ ਸਵਾਲ ਨੂੰ ਲੈ ਕੇ ਚਰਚਾ ਵਿਚ ਹੈ। ਇਹ ਡੀਲ ਨਾ ਸਿਰਫ਼ ਫੌਜੀ ਸਹਿਯੋਗ ਨੂੰ ਨਵੀਂ ਦਿਸ਼ਾ ਦਿੰਦੀ ਹੈ, ਸਗੋਂ ਪਹਿਲੀ ਵਾਰ ਭਾਰਤ ਨੇ ਕਿਸੇ ਵਿਦੇਸ਼ੀ ਫੌਜ ਨੂੰ ਸੀਮਤ ਤਾਇਨਾਤੀ ਦੀ ਇਜਾਜ਼ਤ ਦੇ ਕੇ ਆਪਣੀ ਰਣਨੀਤਕ ਨੀਤੀ ਵਿਚ ਵੱਡਾ ਬਦਲਾਅ ਕੀਤਾ ਹੈ। ਆਰ.ਈ.ਐੱਲ.ਓ.ਐੱਸ. ਸਮਝੌਤੇ ਤਹਿਤ ਦੋਵੇਂ ਦੇਸ਼ ਇਕ-ਦੂਜੇ ਦੀ ਜ਼ਮੀਨ ’ਤੇ ਵੱਧ ਤੋਂ ਵੱਧ 3000 ਫੌਜੀ, 5 ਜੰਗੀ ਬੇੜੇ ਅਤੇ 10 ਫੌਜੀ ਜਹਾਜ਼ ਤਾਇਨਾਤ ਕਰ ਸਕਦੇ ਹਨ।
ਕੀ ਹੈ ਆਰ.ਈ.ਐੱਲ.ਓ.ਐੱਸ. ਸਮਝੌਤਾ?
ਇਹ ‘ਰੈਸੀਪ੍ਰੋਕਲ ਐਕਸਚੇਂਜ ਆਫ ਲਾਜਿਸਟਿਕਸ ਸੁਪੋਰਟ’ ਭਾਵ ਕਿ ਲਾਜਿਸਟਿਕ ਸਹਿਯੋਗ ਸਮਝੌਤਾ ਹੈ, ਜਿਸ ਦੇ ਤਹਿਤ ਦੋਵੇਂ ਦੇਸ਼ ਇਕ-ਦੂਜੇ ਦੇ ਫੌਜੀ ਟਿਕਾਣਿਆਂ, ਬੰਦਰਗਾਹਾਂ ਅਤੇ ਏਅਰਬੇਸ ਦੀ ਵਰਤੋਂ ਕਰ ਸਕਦੇ ਹਨ। ਇਸ ਵਿਚ ਈਂਧਨ, ਮੁਰੰਮਤ, ਤਕਨੀਕੀ ਸਹਾਇਤਾ, ਭੋਜਨ ਅਤੇ ਹੋਰ ਫੌਜੀ ਲੋੜਾਂ ਦੀ ਸਹੂਲਤ ਸ਼ਾਮਲ ਹੈ, ਤਾਂ ਜੋ ਲੰਬੀ ਦੂਰੀ ਦੇ ਫੌਜੀ ਅਭਿਆਨਾਂ ਨੂੰ ਆਸਾਨ ਬਣਾਇਆ ਜਾ ਸਕੇ। ਹਾਲਾਂਕਿ ਇਹ ਸਥਾਈ ਤਾਇਨਾਤੀ ਨਹੀਂ ਹੋਵੇਗੀ, ਸਗੋਂ ਲੋੜ, ਅਭਿਆਸ ਜਾਂ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਆਰਜ਼ੀ ਮੌਜੂਦਗੀ ਦੀ ਇਜਾਜ਼ਤ ਹੋਵੇਗੀ। ਇਸ ਦਾ ਮਤਲਬ ਇਹ ਹੈ ਕਿ ਭਵਿੱਖ ਵਿਚ ਸਾਂਝੇ ਫੌਜੀ ਅਭਿਆਸਾਂ, ਆਫ਼ਤ ਰਾਹਤ ਜਾਂ ਰਣਨੀਤਕ ਮਿਸ਼ਨਾਂ ਦੌਰਾਨ ਭਾਰਤ ਵਿਚ ਰੂਸੀ ਫੌਜੀ ਅਤੇ ਜਹਾਜ਼ ਦਿਖਾਈ ਦੇ ਸਕਦੇ ਹਨ ਪਰ ਇਹ ਸਥਾਈ ਬੇਸ ਦੀ ਤਰ੍ਹਾਂ ਨਹੀਂ ਹੋਵੇਗਾ।
ਰੂਸ ਲਈ ਰਣਨੀਤਕ ਲਾਭ
ਯੂਕ੍ਰੇਨ ਜੰਗ ਅਤੇ ਪੱਛਮੀ ਪਾਬੰਦੀਆਂ ਦੇ ਵਿਚਕਾਰ ਇਹ ਸਮਝੌਤਾ ਰੂਸ ਲਈ ਬਹੁਤ ਮਹੱਤਵਪੂਰਨ ਸਾਬਤ ਹੋ ਸਕਦਾ ਹੈ। ਇਸ ਨਾਲ ਰੂਸ ਨੂੰ ਹਿੰਦ ਮਹਾਸਾਗਰ ਖੇਤਰ ਵਿਚ ਆਪਣੀ ਮੌਜੂਦਗੀ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ, ਜਿੱਥੇ ਉਸ ਦੀ ਹੁਣ ਤੱਕ ਸਿੱਧੀ ਫੌਜੀ ਪਹੁੰਚ ਸੀਮਤ ਰਹੀ ਹੈ। ਇਸ ਡੀਲ ਰਾਹੀਂ ਰੂਸ ਆਪਣੇ ਜਹਾਜ਼ਾਂ ਅਤੇ ਜੰਗੀ ਜਹਾਜ਼ਾਂ ਨੂੰ ਲੰਬੇ ਸਮੇਂ ਤੱਕ ਤਾਇਨਾਤ ਰੱਖ ਸਕੇਗਾ ਅਤੇ ਵਿਸ਼ਵ ਪੱਧਰ ’ਤੇ ਆਪਣੀ ਫੌਜੀ ਪਹੁੰਚ ਦਾ ਵਿਸਥਾਰ ਕਰ ਸਕੇਗਾ। ਇਸ ਦੇ ਨਾਲ ਹੀ, ਇਹ ਸਮਝੌਤਾ ਇਹ ਸੰਕੇਤ ਵੀ ਦਿੰਦਾ ਹੈ ਕਿ ਰੂਸ ਕੋਲ ਅਜੇ ਵੀ ਏਸ਼ੀਆ ਵਿਚ ਮਜ਼ਬੂਤ ਭਾਈਵਾਲ ਮੌਜੂਦ ਹਨ।
ਭਾਰਤ ਲਈ ਫਾਇਦੇ
ਭਾਰਤ ਲਈ ਇਹ ਸਮਝੌਤਾ ਰਣਨੀਤਕ ਅਤੇ ਕੂਟਨੀਤਕ ਦੋਵਾਂ ਪੱਧਰਾਂ ’ਤੇ ਫਾਇਦੇਮੰਦ ਹੈ। ਇਸ ਨਾਲ ਭਾਰਤ ਨੂੰ ਰੂਸ ਦੇ ਆਰਕਟਿਕ ਅਤੇ ਪੂਰਬੀ ਖੇਤਰਾਂ ਵਿਚ ਸਥਿਤ ਫੌਜੀ ਟਿਕਾਣਿਆਂ ਤੱਕ ਪਹੁੰਚ ਮਿਲੇਗੀ, ਜੋ ਵਪਾਰ ਅਤੇ ਸੁਰੱਖਿਆ ਦੋਵਾਂ ਪੱਖਾਂ ਤੋਂ ਮਹੱਤਵਪੂਰਨ ਹਨ। ਇਸ ਤੋਂ ਇਲਾਵਾ, ਇਹ ਸਮਝੌਤਾ ਭਾਰਤ ਨੂੰ ਪੱਛਮੀ ਦੇਸ਼ਾਂ ’ਤੇ ਨਿਰਭਰਤਾ ਘਟਾਉਣ ਅਤੇ ਆਪਣੇ ਬਦਲਾਂ ਨੂੰ ਵੱਖ-ਵੱਖ ਬਣਾਉਣ ਦਾ ਮੌਕਾ ਦਿੰਦਾ ਹੈ। ਚੀਨ ਦੇ ਵਧਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਦੇ ਪੱਖ ਤੋਂ ਵੀ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ।
ਅਮਰੀਕਾ ਲਈ ਸੰਕੇਤ
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਮਝੌਤਾ ਸਿੱਧੇ ਤੌਰ ’ਤੇ ਸੰਯੁਕਤ ਰਾਜ ਅਮਰੀਕਾ ਦੇ ਖਿਲਾਫ਼ ਨਹੀਂ ਹੈ ਪਰ ਇਹ ਇਕ ਸਪੱਸ਼ਟ ਸੰਦੇਸ਼ ਜ਼ਰੂਰ ਦਿੰਦਾ ਹੈ ਕਿ ਭਾਰਤ ਆਪਣੀ ਰਣਨੀਤਕ ਆਜ਼ਾਦੀ ਨੂੰ ਪਹਿਲ ਦਿੰਦਾ ਹੈ। ਖਾਸ ਕਰ ਕੇ ਡੋਨਾਲਡ ਟਰੰਪ ਦੇ ਕਾਰਜਕਾਲ ਵਿਚ ਵਪਾਰਕ ਦਬਾਅ ਅਤੇ ਟੈਰਿਫ ਵਧਣ ਤੋਂ ਬਾਅਦ ਭਾਰਤ ਨੇ ਇਹ ਦਿਖਾਇਆ ਹੈ ਕਿ ਉਹ ਆਪਣੇ ਪੁਰਾਣੇ ਭਾਈਵਾਲਾਂ ਨਾਲ ਸੰਤੁਲਨ ਬਣਾਈ ਰੱਖਦੇ ਹੋਏ ਨਵੀਂਆਂ ਰਣਨੀਤੀਆਂ ਅਪਣਾਉਣ ਲਈ ਤਿਆਰ ਹੈ।
ਬਦਲਦੀ ਵਿਸ਼ਵ ਸਿਆਸਤ ’ਚ ਮਾਅਨੇ
ਮੌਜੂਦਾ ਸਮੇਂ ਵਿਚ ਜਦੋਂ ਦੁਨੀਆ ਦੇ ਕਈ ਹਿੱਸਿਆਂ ਵਿਚ ਟਕਰਾਅ ਅਤੇ ਅਸਥਿਰਤਾ ਵਧ ਰਹੀ ਹੈ, ਇਹ ਸਮਝੌਤਾ ਭਾਰਤ ਅਤੇ ਰੂਸ ਵਿਚਕਾਰ ਭਰੋਸੇ ਅਤੇ ਸਹਿਯੋਗ ਦੇ ਇਕ ਮਜ਼ਬੂਤ ਪ੍ਰਤੀਕ ਵਜੋਂ ਉੱਭਰਿਆ ਹੈ। ਆਰ.ਈ.ਐੱਲ.ਓ.ਐੱਸ. ਸਿਰਫ਼ ਇਕ ਰੱਖਿਆ ਸਮਝੌਤਾ ਨਹੀਂ ਹੈ, ਸਗੋਂ ਇਹ ਦੋਵਾਂ ਦੇਸ਼ਾਂ ਨੂੰ ਭਵਿੱਖ ਦੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਰਣਨੀਤਕ ਲਚਕਤਾ ਪ੍ਰਦਾਨ ਕਰਦਾ ਹੈ। ਇਹ ਭਾਈਵਾਲੀ ਆਉਣ ਵਾਲੇ ਸਮੇਂ ਵਿਚ ਵਿਸ਼ਵ ਸ਼ਕਤੀ ਸੰਤੁਲਨ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।
ਕਿਉਂ ਅਹਿਮ ਹੈ ਇਹ ਸਮਝੌਤਾ?
ਇਹ ਸਮਝੌਤਾ ਕਈ ਕਾਰਨਾਂ ਕਰ ਕੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਇਹ ਸਮਝੌਤਾ ਫੌਜੀ ਮੋਬੀਲਿਟੀ ਅਤੇ ਪਹੁੰਚ ਨੂੰ ਨਵੀਂ ਤਾਕਤ ਦਿੰਦਾ ਹੈ।
- ਰਣਨੀਤਕ ਪਹੁੰਚ ਵਧੇਗੀ : ਰੂਸ ਨੂੰ ਹਿੰਦ ਮਹਾਸਾਗਰ ਵਿਚ ਅਤੇ ਭਾਰਤ ਨੂੰ ਆਰਕਟਿਕ ਅਤੇ ਦੂਰ-ਪੂਰਬੀ ਖੇਤਰ ਵਿਚ ਪਹੁੰਚ ਮਿਲੇਗੀ।
- ਲੰਬੇ ਮਿਸ਼ਨ ਆਸਾਨ : ਜਹਾਜ਼ ਅਤੇ ਜੰਗੀ ਬੇੜੇ ਜ਼ਿਆਦਾ ਸਮੇਂ ਤੱਕ ਦੂਰ-ਦੁਰਾਡੇ ਦੇ ਖੇਤਰਾਂ ਵਿਚ ਤਾਇਨਾਤ ਰਹਿ ਸਕਣਗੇ।
- ਫੌਜੀ ਸਹਿਯੋਗ ਮਜ਼ਬੂਤ : ਸਾਂਝੇ ਅਭਿਆਸ ਅਤੇ ਆਪ੍ਰੇਸ਼ਨ ਬਿਹਤਰ ਤਰੀਕੇ ਨਾਲ ਹੋ ਸਕਣਗੇ।
- ਗਲੋਬਲ ਸੰਤੁਲਨ : ਬਦਲਦੀ ਦੁਨੀਆ ਵਿਚ ਦੋਵੇਂ ਦੇਸ਼ ਆਪਣੀ ਰਣਨੀਤਕ ਸਥਿਤੀ ਨੂੰ ਮਜ਼ਬੂਤ ਕਰ ਰਹੇ ਹਨ।
