ਕਤਲ ਕਰ ਕੇ ਬੈੱਡ ਹੇਠਾਂ ਦਫਨਾਈ ਪਤਨੀ, ਫਿਰ ਕੀਤੀ ਆਤਮਹੱਤਿਆ
Sunday, May 04, 2025 - 12:06 AM (IST)

ਖਰਗੋਨ (ਭਾਸ਼ਾ)-ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲੇ ’ਚ ਇਕ ਵਿਅਕਤੀ ਨੇ ਆਪਣੀ ਚੌਥੀ ਪਤਨੀ ਦੀ ਕਥਿਤ ਤੌਰ ’ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਨੂੰ ਬੈੱਡ ਦੇ ਹੇਠਾਂ ਦਫਨਾ ਦਿੱਤਾ, ਫਿਰ ਬੈੱਡ ’ਤੇ ਸੌਂ ਗਿਆ। ਬਾਅਦ ’ਚ ਮੁਲਜ਼ਮ ਨੇ ਖੁਦਕੁਸ਼ੀ ਕਰ ਲਈ। ਬੜਵਾਹ ਥਾਣੇ ਦੇ ਮੁਖੀ ਬਲਰਾਮ ਸਿੰਘ ਰਾਠੌਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੁਲਜ਼ਮ ਦੀ ਪਛਾਣ ਲਕਸ਼ਮਣ (45) ਵਜੋਂ ਹੋਈ ਹੈ, ਜਿਸ ਦਾ ਵਿਆਹ ਰੁਕਮਣੀ (40) ਨਾਲ 6 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਲਕਸ਼ਮਣ ਦਾ ਚੌਥਾ ਅਤੇ ਰੁਕਮਣੀ ਦਾ ਤੀਜਾ ਵਿਆਹ ਸੀ। ਜੋੜੇ ਦੇ ਕੋਈ ਔਲਾਦ ਨਹੀਂ ਸੀ। ਪੁਲਸ ਨੇ ਕਿਹਾ ਕਿ ਲਕਸ਼ਮਣ ਅਤੇ ਰੁਕਮਣੀ ਦੋਵੇਂ ਸ਼ਰਾਬ ਪੀਣ ਦੇ ਆਦੀ ਸਨ ਅਤੇ ਅਕਸਰ ਝਗੜਦੇ ਰਹਿੰਦੇ ਸਨ।