ਸੰਘ ਨੇ ਚੀਨ ਪ੍ਰਤੀ ਆਪਣਾ ਰੁਖ਼ ਨਰਮ ਕਿਉਂ ਕੀਤਾ?
Tuesday, Jan 13, 2026 - 11:28 PM (IST)
ਨੈਸ਼ਨਲ ਡੈਸਕ- ਸਾਲਾਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਚੀਨ ਨੂੰ ਇਕ ਸੱਭਿਅਤਾਵਾਦੀ ਤੇ ਰਣਨੀਤਕ ਦੁਸ਼ਮਣ ਵਜੋਂ ਦਰਸਾਇਆ ਹੈ। ਇਹ ਇਕ ਅਜਿਹੀ ਤਸਵੀਰ ਹੈ ਜੋ ਗਲਵਾਨ ਸਮੇਤ ਹਰੇਕ ਝੜਪ ਤੋਂ ਬਾਅਦ ਸਖ਼ਤ ਹੋਈ ਹੈ।
ਇਸੇ ਕਰ ਕੇ ਆਰ. ਐੱਸ. ਐੱਸ. ਦੇ ਸੀਨੀਅਰ ਆਗੂਆਂ ਤੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਕੌਮਾਂਤਰੀ ਵਿਭਾਗ ਦੇ ਉਪ ਮੰਤਰੀ ਸੁਨ ਹੈਯਾਨ ਦੀ ਅਗਵਾਈ ਹੇਠ ਇਕ ਉੱਚ-ਪੱਧਰੀ ਚੀਨੀ ਵਫ਼ਦ ਦਰਮਿਆਨ ਕੁਝ ਸਮਾ ਪਹਿਲਾਂ ਹੋਈ ਮੀਟਿੰਗ ਨੇ ਸਿਆਸੀ ਹਲਕਿਆਂ ’ਚ ਹਲਚਲ ਪੈਦਾ ਕਰ ਦਿੱਤੀ ਹੈ।
ਟਾਈਮਿੰਗ ਖਾਸ ਤੌਰ 'ਤੇ ਹੈਰਾਨ ਕਰਨ ਵਾਲੀ ਹੈ। ਕੁਝ ਮਹੀਨੇ ਪਹਿਲਾਂ ਜਦੋਂ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੇ ਸੰਗਠਨ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ 3 ਦਿਨਾ ਭਾਸ਼ਣ ਲੜੀ ਦੀ ਮੇਜ਼ਬਾਨੀ ਕੀਤੀ ਸੀ ਤਾਂ ਕਈ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਚੀਨ, ਪਾਕਿਸਤਾਨ ਤੇ ਤੁਰਕੀ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ।
ਉਸ ਪਿਛੋਕੜ ਵਿਰੁੱਧ ਸੀ. ਪੀ. ਸੀ. ਨਾਲ ਜੁੜਨ ਦਾ ਫੈਸਲਾ ਹੁਣ ਨਾ ਤਾਂ ਰੂਟੀਨ ਜਾਪਦਾ ਹੈ ਤੇ ਨਾ ਹੀ ਅਚਾਨਕ। ਤਾਂ ਤਬਦੀਲੀ ਕਿਉਂ? ਅਤੇ ਹੁਣ ਕਿਉਂ? ਘਰੇਲੂ ਅਸਰ ਤੇ ਰਾਸ਼ਟਰਵਾਦੀ ਭਾਵਨਾ ਤੋਂ ਸੁਚੇਤ ਭਾਜਪਾ ਲੀਡਰਸ਼ਿਪ ਨੇ ਕੁਝ ਸਮਾ ਪਹਿਲਾਂ ਚੀਨ ਨਾਲ ਗੈਰ ਅਧਿਕਾਰਤ ਗੱਲਬਾਤ ’ਤੇ ਸਖ਼ਤੀ ਨਾਲ ਪਾਬੰਦੀ ਲਾ ਦਿੱਤੀ ਸੀ।
ਫਿਰ ਵੀ ਆਰ. ਐੱਸ. ਐੱਸ., ਜੋ ਅਕਸਰ ਲੰਬੇ ਸਮੇਂ ਦੇ ਵਿਚਾਰਧਾਰਕ ਤੇ ਰਣਨੀਤਕ ਘੇਰੇ ’ਚ ਸੋਚਦਾ ਹੈ, ਇਕ ਮੁੜ-ਕੈਲੀਬ੍ਰੇਸ਼ਨ ਦਾ ਸੰਕੇਤ ਦੇ ਰਿਹਾ ਲਗਦਾ ਹੈ। ਭਾਰਤ ਇਕ ਗੁੰਝਲਦਾਰ ਗਲੋਬਲ ਸਿਸਟਮ ’ਚ ਕੰਮ ਕਰ ਰਿਹਾ ਹੈ। ਨਾਲ ਹੀ ਆਰਥਿਕ ਤੇ ਭੂ-ਸਿਆਸੀ ਹਕੀਕਤਾਂ ਦਾ ਸਾਹਮਣਾ ਵੀ ਕਰ ਰਿਹਾ ਹੈ। ਆਰ. ਐੱਸ. ਐੱਸ. ਇਹ ਮੰਨ ਸਕਦਾ ਹੈ ਕਿ ਬੈਕ-ਚੈਨਲ ਗੱਲਬਾਤ ਲਗਾਤਾਰ ਟਕਰਾਅ ਨਾਲੋਂ ਬਿਹਤਰ ਹੈ।
ਜ਼ਰੂਰੀ ਨਹੀਂ ਕਿ ਇਸ ਦਾ ਮਤਲਬ ਸੁਲ੍ਹਾ-ਸਫ਼ਾਈ ਹੋਵੇ। ਇਹ ਸਿਰਫ਼ ਆਰ. ਐੱਸ. ਐੱਸ. ਦੇ ਭਰੋਸੇ ਨੂੰ ਦਰਸਾਉਂਦਾ ਹੈ ਕਿ ਦੁਸ਼ਮਣਾਂ ਨੂੰ ਸਮਝਣਾ ਚਾਹੀਦਾ ਹੈ, ਬੇਧਿਆਨ ਨਹੀਂ ਕਰਨਾ ਚਾਹੀਦਾ। ਇਹ ਰੋਜ਼ਾਨਾ ਸਰਕਾਰੀ ਮਜਬੂਰੀਆਂ ਤੋਂ ਵੱਖਰੀ ਇਕ ਖੁਦਮੁਖਤਿਆਰ ਵਿਦੇਸ਼ ਨੀਤੀ ਲਈ ਥਾਂ ਬਣਾਉਣ ਦੀ ਕੋਸ਼ਿਸ਼ ਦਾ ਸੰਕੇਤ ਦੇ ਸਕਦਾ ਹੈ।
ਅਜੇ ਕੋਈ ਸਪੱਸ਼ਟ ਜਵਾਬ ਨਹੀਂ ਹਨ, ਸਿਰਫ਼ ਸੰਕੇਤ ਹਨ। ਆਰ. ਐੱਸ. ਐੱਸ. ਦੀ ਸਿਆਸਤ ’ਚ ਬਿਆਨਾਂ ਨਾਲੋਂ ਸੰਕੇਤ ਵੱਧ ਅਰਥ ਰੱਖਦੇ ਹਨ।
