ਕਰਨਾਟਕ ਚੋਣਾਂ 'ਚ ਆਖ਼ਕਾਰ ਕਿਉਂ ਹਾਰ ਗਈ BJP, ਜਾਣੋ 4 ਕਾਰਨ

Sunday, May 14, 2023 - 10:23 AM (IST)

ਕਰਨਾਟਕ ਚੋਣਾਂ 'ਚ ਆਖ਼ਕਾਰ ਕਿਉਂ ਹਾਰ ਗਈ BJP, ਜਾਣੋ 4 ਕਾਰਨ

ਨਵੀਂ ਦਿੱਲੀ (ਵਿਸ਼ੇਸ਼)- ਕਰਨਾਟਕ ਦੇ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਪ੍ਰਚੰਡ ਬਹੁਮਤ ਮਿਲਿਆ ਹੈ। ਕਾਂਗਰਸ 130 ਤੋਂ ਵੱਧ ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਉੱਥੇ ਹੀ ਸੱਤਾਧਾਰੀ ਪਾਰਟੀ ਭਾਜਪਾ ਪੱਛੜਦੀ ਨਜ਼ਰ ਆ ਰਹੀ ਹੈ। 2018 ਦੇ ਚੋਣ ਨਤੀਜਿਆਂ ’ਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਸੀ। ਹਾਲਾਂਕਿ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਭਾਜਪਾ ਦੇ ਖਾਤੇ ’ਚ 104 ਸੀਟਾਂ ਆਈਆਂ ਸਨ। ਕਰਨਾਟਕ ’ਚ 1965 ਤੋਂ ਚੱਲੀ ਆ ਰਹੀ ਰਵਾਇਤ ਮੁੜ ਤੋਂ ਦੋਹਰਾਈ ਗਈ। ਯਾਨੀ ਹਰ 5 ਸਾਲ ’ਚ ਸੂਬੇ ’ਚ ਸਰਕਾਰ ਬਦਲਣ ਦੀ ਪ੍ਰਥਾ ਇਸ ਵਾਰ ਵੀ ਦੇਖਣ ਨੂੰ ਮਿਲੀ। ਕਾਂਗਰਸ ਨੇ ਭਾਜਪਾ ਨੂੰ ਕਰਾਰੀ ਹਾਰ ਦਿੰਦੇ ਹੋਏ ਦੱਖਣ ਭਾਰਤ ਤੋਂ ਭਾਜਪਾ ਦਾ ਸਫਾਇਆ ਕਰ ਦਿੱਤਾ ਹੈ। ਚੋਣ ਪ੍ਰਚਾਰ ਦੇ ਅੰਤਿਮ ਦੌਰ ’ਚ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਸੱਤਾ ਵਾਪਸੀ ਲਈ ਪੂਰੀ ਤਾਕਤ ਲਾ ਦਿੱਤੀ ਸੀ। ਫਿਰ ਵੀ ਕਰਨਾਟਕ ’ਚ ‘ਕਮਲ’ ਨਹੀਂ ਖਿੜ ਸਕਿਆ।

ਇਹ ਵੀ ਪੜ੍ਹੋ- ਕਰਨਾਟਕ ਚੋਣ ਨਤੀਜੇ; ਕਾਂਗਰਸ ਨੇਤਾ DK ਸ਼ਿਵਕੁਮਾਰ 1,42,156 ਵੋਟਾਂ ਨਾਲ ਜਿੱਤੇ

ਭਾਜਪਾ ਦਾ ਕੋਰ ਵੋਟ ਬੈਂਕ ਲਿੰਗਾਇਤ ਭਾਈਚਾਰਾ ਵੀ ਇਸ ਵਾਰ ਵੱਖ ਹੋ ਗਿਆ। ਦਲਿਤ, ਆਦਿਵਾਸੀ, ਓ. ਬੀ. ਸੀ. ਅਤੇ ਵੋਕਾਲਿਗਾ ਭਾਈਚਾਰਾ ਤਾਂ ਪਹਿਲਾਂ ਤੋਂ ਹੀ ਭਾਜਪਾ ਤੋਂ ਨਾਰਾਜ਼ ਚੱਲ ਰਿਹਾ ਸੀ। ਆਓ, ਜਾਣਦੇ ਹਾਂ ਕਿ ਅਖੀਰ ਉਹ 4 ਕਾਰਨ ਕਿਹੜੇ ਹਨ, ਜਿਸ ਦੀ ਵਜ੍ਹਾ ਨਾਲ ਕਰਨਾਟਕ ’ਚ ਭਾਜਪਾ ਸੱਤਾ ’ਚ ਵਾਪਸੀ ਨਹੀਂ ਕਰ ਸਕੀ।

ਭ੍ਰਿਸ਼ਟਾਚਾਰ ਅਤੇ ਵਸੂਲੀ ਦਾ ਮੁੱਦਾ

ਕਰਨਾਟਕ ’ਚ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਕਾਂਗਰਸ ਨੇ ਭਾਜਪਾ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ। ਪਾਰਟੀ ਨੇ ਭਾਜਪਾ ਦੇ ਖਿਲਾਫ ‘40 ਫ਼ੀਸਦੀ ਪੇਅ-ਸੀ. ਐੱਮ. ਕੁਰੱਪਸ਼ਨ’ ਦਾ ਏਜੰਡਾ ਚਲਾਇਆ ਅਤੇ ਇਹ ਇਕ ਅਹਿਮ ਮੁੱਦਾ ਬਣ ਗਿਆ। ਇਸ ਦੀ ਵਜ੍ਹਾ ਨਾਲ ਐੱਸ. ਈਸ਼ਵਰੱਪਾ ਨੂੰ ਮੰਤਰੀ ਦਾ ਅਹੁਦਾ ਗੁਆਉਣਾ ਪਿਆ ਸੀ। ਇੱਥੋਂ ਤੱਕ ਕਿ ਭਾਜਪਾ ਦੇ ਇਕ ਨੇਤਾ ਜੇਲ੍ਹ ਤੱਕ ਗਏ। ਕਾਂਗਰਸ ਨੇ ਇਸ ਨੂੰ ਚੋਣ ਮੁੱਦਾ ਬਣਾਇਆ, ਜੋ ਭਾਜਪਾ ਦੇ ਗਲੇ ਦੀ ਹੱਡੀ ਬਣ ਗਿਆ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੀ ਇਸ ਦਾ ਤੋੜ ਨਹੀਂ ਕੱਢ ਸਕੀ।

ਇਹ ਵੀ ਪੜ੍ਹੋ- ਕਰਨਾਟਕ ਵਿਧਾਨ ਸਭਾ ਚੋਣ ਨਤੀਜੇ; ਕਾਂਗਰਸ ਹੀ 'ਕਿੰਗ', ਰੁਝਾਨਾਂ 'ਚ ਪਾਰਟੀ ਨੂੰ ਮਿਲਿਆ ਬਹੁਮਤ

ਹਿੰਦੁਤਵ ਕਾਰਡ ਦਾ ਦਾਅ ਵੀ ਨਹੀਂ ਆਇਆ ਕੰਮ

ਕਰਨਾਟਕ ’ਚ ਭਾਜਪਾ ਦੇ ਨੇਤਾ ਹਿਜ਼ਾਬ ਤੋਂ ਲੈ ਕੇ ਅਜ਼ਾਨ ਤੱਕ ਦੇ ਮੁੱਦੇ ਨੂੰ ਚੋਣ ਮੁੱਦਾ ਬਣਾਉਣ ’ਚ ਜੁਟੇ ਰਹੇ। ਇਸ ਦਰਮਿਆਨ ਚੋਣਾਂ ਦੇ ਸਮੇਂ ਬਜਰੰਗ ਬਲੀ ਵੀ ਪਹੁੰਚ ਗਏ ਪਰ ਭਾਜਪਾ ਧਰੁਵੀਕਰਨ ਕਰਨ ’ਚ ਕਾਮਯਾਬ ਨਹੀਂ ਹੋ ਸਕੀ। ਕਾਂਗਰਸ ਨੇ ਬਜਰੰਗ ਦਲ ਅਤੇ ਪੀ. ਆਈ. ਐੱਫ. ਵਰਗੇ ਸੰਗਠਨਾਂ ਨੂੰ ਬੈਨ ਕਰਨ ਦਾ ਵਾਅਦਾ ਕੀਤਾ ਤਾਂ ਭਾਜਪਾ ਨੇ ਬਜਰੰਗ ਦਲ ਨੂੰ ਬਜਰੰਗ ਬਲੀ ਨਾਲ ਜੋੜ ਕੇ ਕਾਂਗਰਸ ਦੇ ਖਿਲਾਫ਼ ਪ੍ਰਚਾਰ ਕੀਤਾ। ਭਾਜਪਾ ਨੇ ਹਿੰਦੁਤਵ ਕਾਰਡ ਖੇਡਣ ’ਚ ਕੋਈ ਕਸਰ ਨਹੀਂ ਛੱਡੀ ਪਰ ਉਹ ਕੰਮ ਨਹੀਂ ਆ ਸਕਿਆ।

ਇਹ ਵੀ ਪੜ੍ਹੋ-  ਕਰਨਾਟਕ ਨਤੀਜੇ 2024 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਲਈ ਮਹੱਤਵਪੂਰਨ ਸਾਬਤ ਹੋਣਗੇ: ਸਿੱਧਰਮਈਆ

ਸਿਆਸੀ ਸਮੀਕਰਨ ’ਚ ਵੀ ਪੱਛੜੀ ਭਾਜਪਾ

ਕਰਨਾਟਕ ਦੇ ਸਿਆਸੀ ਸਮੀਕਰਨ ’ਚ ਭਾਜਪਾ ਆਪਣੇ ਕੋਰ ਵੋਟ ਬੈਂਕ ਨੂੰ ਸੰਭਾਲਣ ’ਚ ਵੀ ਕਾਮਯਾਬ ਨਹੀਂ ਹੋ ਸਕੀ। ਭਾਜਪਾ ਦੇ ਕੋਰ ਵੋਟਰ ਲਿੰਗਾਇਤ ਭਾਈਚਾਰੇ ’ਚ ਕਾਂਗਰਸ ਨੇ ਸੰਨ੍ਹ ਲਾ ਲਾਈ। ਨਾਲ ਹੀ ਕਾਂਗਰਸ ਓ. ਬੀ. ਸੀ., ਆਦਿਵਾਸੀ, ਦਲਿਤ ਅਤੇ ਮੁਸਲਮਾਨ ਭਾਈਚਾਰੇ ’ਤੇ ਵੀ ਆਪਣਾ ਚੰਗਾ ਪ੍ਰਭਾਵ ਛੱਡਣ ’ਚ ਸਫਲ ਰਹੀ। ਵੋਕਾਲਿਗਾ ਭਾਈਚਾਰੇ ਨੂੰ ਵੀ ਆਪਣੇ ਕਬਜ਼ੇ ’ਚ ਕਰਨ ’ਚ ਕਾਮਯਾਬ ਰਹੀ। ਇਸ ਦੇ ਪਿੱਛੇ ਡੀ. ਕੇ. ਸ਼ਿਵਕੁਮਾਰ ਅਤੇ ਸਿੱਧਰਮਈਆ ਦੀ ਜੋੜੀ ਨੇ ਸੰਤੁਲਨ ਬਣਾ ਕੇ ਹਰ ਵੋਟਰ ਦੇ ਦਿਲ-ਦਿਮਾਗ ’ਚ ਕਾਂਗਰਸ ਦੇ ਦਾਅਵੇ ਅਤੇ ਵਾਅਦੇ ਨੂੰ ਪੂਰਾ ਕਰਨ ਦਾ ਭਰੋਸਾ ਪ੍ਰਗਟਾਇਆ।

ਇਹ ਵੀ ਪੜ੍ਹੋ- ਜ਼ਿਮਨੀ ਚੋਣ 'ਚ 'ਆਪ' ਦੀ ਜਿੱਤ 'ਤੇ ਬੋਲੇ ਕੇਜਰੀਵਾਲ, ਜਲੰਧਰ 'ਚ ਚੱਲਿਆ 'ਮਾਨ' ਦਾ ਜਾਦੂ

ਯੇਦੀਯੁਰੱਪਾ, ਸ਼ੈੱਟਾਰ ਅਤੇ ਸਾਵਦੀ ਨੂੰ ਨਜ਼ਰ-ਅੰਦਾਜ਼ ਕਰਨਾ ਭਾਜਪਾ ਨੂੰ ਪਿਆ ਮਹਿੰਗਾ

ਕਦੇ ਕਾਂਗਰਸ ਦਾ ਗੜ੍ਹ ਕਹਾਉਣ ਵਾਲੇ ਕਰਨਾਟਕ ’ਚ ਕਮਲ ਖਿੜਾਉਣ ਵਾਲੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੂੰ ਨਜ਼ਰ-ਅੰਦਾਜ਼ ਕਰਨਾ ਵੀ ਭਾਜਪਾ ਨੂੰ ਮਹਿੰਗਾ ਪਿਆ। ਲਿੰਗਾਇਤ ਭਾਈਚਾਰੇ ’ਚ ਚੰਗੀ ਪਕੜ ਰੱਖਣ ਵਾਲੇ ਯੇਦੀਯੁਰੱਪਾ ਨੂੰ ਭਾਜਪਾ ਨੇ ਅਪ੍ਰਤੱਖ ਤੌਰ ’ਤੇ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਖਾਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ। ਇੰਨਾ ਹੀ ਨਹੀਂ ਸਾਰੀ ਜ਼ਿੰਦਗੀ ਭਾਜਪਾ ਦੇ ਬੈਨਰ ਹੇਠ ਚੋਣ ਲੜਣ ਵਾਲੇ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੈੱਟਾਰ ਅਤੇ ਸਾਬਕਾ ਡਿਪਟੀ ਸੀ. ਐੱਮ. ਲਕਸ਼ਮਣ ਸਾਵਦੀ ਨੇ ਵੀ ਪਾਰਟੀ ਤੋਂ ਨਾਰਾਜ਼ ਹੋ ਕੇ ਕਾਂਗਰਸ ਦਾ ਪੱਲਾ ਫੜ ਲਿਆ। ਸ਼ੈੱਟਾਰ, ਯੇਦੀਯੁਰੱਪਾ, ਸਾਵਦੀ ਤਿੰਨੇ ਹੀ ਲਿੰਗਾਇਤ ਭਾਈਚਾਰੇ ਦੇ ਵੱਡੇ ਨੇਤਾ ਹਨ, ਇਨ੍ਹਾਂ ਨੇਤਾਵਾਂ ਦੀ ਇਸ ਭਾਈਚਾਰੇ ’ਚ ਚੰਗੀ ਪੈਠ ਸੀ ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਭਾਜਪਾ ਨੂੰ ਮਹਿੰਗਾ ਪੈ ਗਿਆ।


author

Tanu

Content Editor

Related News