ਸੰਸਦ ’ਚ ਓਵੈਸੀ ਵੱਲੋਂ ‘ਫਿਲਸਤੀਨ ਦਾ ਨਾਅਰਾ’ ਕਿਉਂ?
Friday, Jun 28, 2024 - 01:43 PM (IST)
ਲੋਕ ਸਭਾ ਦੀ ਮੈਂਬਰੀ ਦੀ ਸਹੁੰ ਚੁੱਕਣ ਵੇਲੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇਕ ਅਜਿਹਾ ਨਾਅਰਾ ਲਾਇਆ ਜਿਸ ’ਤੇ ਪੂਰਾ ਦੇਸ਼ ਹੈਰਾਨ ਰਹਿ ਗਿਆ। ਉਨ੍ਹਾਂ ਨੇ ‘ਜੈ ਭੀਮ,’ ‘ਜੈ ਮੀਮ’,‘ਜੈ ਤੇਲੰਗਾਨਾ’ ਅਤੇ ‘ਜੈ ਫਿਲਸਤੀਨ’ ਦਾ ਨਾਅਰਾ ਲਾਇਆ। ਜਿੱਥੋਂ ਤੱਕ ‘ਜੈ ਭੀਮ’ ਅਤੇ ‘ਜੈ ਤੇਲੰਗਾਨਾ’ ਵਰਗੇ ਨਾਅਰਿਆਂ ਦੀ ਗੱਲ ਹੈ ਤਾਂ ਇਹ ਦੇਸ਼ ਦੀਆਂ ਹੱਦਾਂ ਦੇ ਘੇਰੇ ’ਚ ਆਉਂਦੇ ਹਨ ਪਰ ਇਕ ਦੂਜੇ ਦੇਸ਼ ਦੀ ਜੈ ਜੈਕਾਰ ਬੋਲਣਾ, ਉਹ ਵੀ ਸੰਸਦ ਦੇ ਅੰਦਰ ਇਹ ਕਿਸੇ ਦੇ ਗਲੇ ਨਹੀਂ ਉਤਰਿਆ।
ਓਵੈਸੀ ਨੇ ਇਕ ਬੜੀ ਹੀ ਗਲਤ ਰਵਾਇਤ ਸ਼ੁਰੂ ਕੀਤੀ ਹੈ। ਆਉਣ ਵਾਲੇ ਸਾਲਾਂ ’ਚ ਕੋਈ ਸੰਸਦ ਮੈਂਬਰ ‘ਜੈ ਅਮਰੀਕਾ’, ‘ਜੈ ਪਾਕਿਸਤਾਨ ਜਾਂ ‘ਜੈ ਚੀਨ’ ਦਾ ਵੀ ਨਾਅਰਾ ਲਾ ਸਕਦਾ ਹੈ। ਇਸ ਤਰ੍ਹਾਂ ਭਾਰਤ ਦੀ ਸੰਸਦ ਸੰਯੁਕਤ ਰਾਸ਼ਟਰ ਦੇ ਅਖਾੜੇ ਵਰਗੀ ਬਣ ਜਾਵੇਗੀ। ਇਸ ਲਈ ਇਸ ਖਤਰਨਾਕ ਰੁਝਾਣ ’ਤੇ ਲੋਕ ਸਭਾ ਅਤੇ ਰਾਜ ਸਭਾ ਦੇ ਮੁਖੀਆਂ ਨੂੰ ਤੁਰੰਤ ਰੋਕ ਲਾਉਣੀ ਚਾਹੀਦੀ ਹੈ। ਸਾਰੇ ਜਾਣਦੇ ਤੇ ਮੰਨਦੇ ਹਨ ਕਿ ਭਾਰਤ ਇਕ ਧਰਮ-ਨਿਰਪੱਖ ਰਾਸ਼ਟਰ ਹੈ। ਧਰਮ-ਨਿਰਪੱਖ ਦਾ ਭਾਵ ਨਾਸਤਿਕ ਹੋਣਾ ਨਹੀਂ ਹੈ ਸਗੋਂ ਇਸ ਦਾ ਭਾਵ ਹੈ, ਸਰਵ-ਧਰਮ ਸਮਭਾਵ ਭਾਵ ਹਰ ਧਰਮ ਦੇ ਪ੍ਰਤੀ ਸਨਮਾਨ ਵਾਲਾ ਵਰਤਾਰਾ ਪਰ ਦੇਖਣ ’ਚ ਇਹ ਆਇਆ ਹੈ ਕਿ ਭਾਰਤ ’ਚ ਰਹਿਣ ਵਾਲੇ ਮੁਸਲਮਾਨਾਂ ਤੇ ਹਿੰਦੂਆਂ ਦੇ ਕੁਝ ਨੇਤਾ ਫਿਰਕੂਪੁਣੇ ਨੂੰ ਭੜਕਾਉਣ ਦੇ ਮਕਸਦ ਨਾਲ ਧਾਰਮਿਕ ਫਸਾਦ ਵਧਾਉਣ ਵਾਲੇ ਨਾਅਰੇ ਲਗਵਾਉਂਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਵੋਟਾਂ ਦਾ ਧਰੁਵੀਕਰਨ ਹੋਵੇ।
ਜਿੱਥੇ ਇਕ ਪਾਸੇ ਵਰ੍ਹਿਆਂ ਤੋਂ ਮੁਸਲਮਾਨਾਂ ਨੂੰ ਘੱਟਗਿਣਤੀ ਦੱਸ ਕੇ ਉਨ੍ਹਾਂ ਦੇ ਪੱਖ ’ਚ ਅਜਿਹੇ ਕੰਮ ਕੀਤੇ ਗਏ ਜੋ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੁੱਧ ਸਨ। ਜਿਵੇਂ ਰਮਜ਼ਾਨ ’ਚ ਸਰਕਾਰੀ ਪੱਧਰ ’ਤੇ ਇਫਤਾਰ ਦੀਆਂ ਦਾਅਵਤਾਂ ਆਯੋਜਿਤ ਕਰਨਾ। ਜੇਕਰ ਅਜਿਹੀਆਂ ਦਾਅਵਤਾ ਹੋਰਨਾਂ ਧਰਮਾਂ ਦੇ ਦਿਹਾੜਿਆਂ ’ਤੇ ਵੀ ਕੀਤੀਆਂ ਜਾਂਦੀਆਂ ਤਾਂ ਕਿਸੇ ਨੂੰ ਬੁਰਾ ਨਾ ਲੱਗਦਾ ਪਰ ਅਜਿਹਾ ਨਹੀਂ ਹੋਇਆ। ਨਤੀਜਾ ਇਹ ਹੋਇਆ ਕਿ ਹਿੰਦੂਤਵ ਦੀ ਸਿਆਸਤ ਕਰਨ ਵਾਲਿਆਂ ਨੂੰ ਆਪਣੇ ਸਮਰਥਕਾਂ ਨੂੰ ਉਕਸਾਉਣ ਦਾ ਆਧਾਰ ਮਿਲ ਗਿਆ।
ਸ਼ਾਇਦ ਇਸੇ ਦਾ ਨਤੀਜਾ ਹੈ ਕਿ ਪਿਛਲੇ 10 ਸਾਲਾਂ ’ਚ ਭਾਜਪਾ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਸੰਸਦ ਤੇ ਵਿਧਾਨ ਸਭਾਵਾਂ ’ਚ ਜ਼ੋਰ-ਸ਼ੋਰ ਨਾਲ ਤੇ ਸਮੂਹਿਕ ਤੌਰ ’ਤੇ ਧਾਰਮਿਕ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦਾ ਨਤੀਜਾ ਇਹ ਰਿਹਾ ਹੈ ਕਿ ਹੁਣ ਮੁਸਲਮਾਨਾਂ ਦਰਮਿਆਨ ਵੀ ਭੜਕਾਹਟ ਅਤੇ ਗੁੱਸਾ ਪਹਿਲਾਂ ਨਾਲੋਂ ਜ਼ਿਆਦਾ ਵਧ ਗਿਆ ਹੈ। ਜਦਕਿ ਇਹ ਇਕ ਖਤਰਨਾਕ ਰੁਝਾਣ ਹੈ ਜਿਸ ਨੂੰ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਸਮਾਜ ’ਚ ਅੜਿੱਕਾ ਪਵੇਗਾ ਅਤੇ ਹਿੰਸਾ ਵਧੇਗੀ। ਉਂਝ ਇਸ ਤਰ੍ਹਾਂ ਦਾ ਵਾਤਾਵਰਣ ਅਸਲੀ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਵੀ ਤਿਆਰ ਕੀਤਾ ਜਾਂਦਾ। ਇਸ ਲਈ ਸਮਝਦਾਰ ਹਿੰਦੂ ਅਤੇ ਮੁਸਲਮਾਨ ਆਪਣੇ ਧਰਮ ਦੇ ਪ੍ਰਤੀ ਸ਼ਰਧਾਵਾਨ ਹੁੰਦੇ ਹੋਏ ਵੀ ਅਜਿਹੀ ਹਵਾ ਦੇ ਰੁਖ ਨਾਲ ਨਹੀਂ ਚੱਲਦੇ।
ਹਿੰਦੂਤਵ ਦਾ ਸਮਰਥਕ ਕੋਈ ਪਾਠਕ ਮੇਰੇ ਨਾਲ ਤਰਕ ਕਰ ਸਕਦਾ ਹੈ ਕਿ ਹਿੰਦੂਸਤਾਨ ’ਚ ਭਾਜਪਾ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਜੇਕਰ ਹਿੰਦੂਵਾਦੀ ਨਾਅਰੇ ਲਾਉਣ ਤੋਂ ਰੋਕਿਆ ਜਾਵੇਗਾ ਤਾਂ ਕੀ ਅਸੀਂ ਫਿਲਸਤੀਨ ’ਚ ਜਾ ਕੇ ਇਹ ਨਾਅਰੇ ਲਗਾਵਾਂਗੇ? ਮੇਰਾ ਜਵਾਬ ਹੈ ਕਿ ਮੈਂ ਇਕ ਸਨਾਤਨ ਧਰਮੀ ਹਾਂ ਅਤੇ ਮੇਰਾ ਪਰਿਵਾਰ ਤੇ ਵੱਡੇ-ਵਢੇਰੇ ਸ਼ੁਰੂ ਤੋਂ ਆਰ.ਐੱਸ.ਐੱਸ ਨਾਲ ਜੁੜੇ ਰਹੇ ਹਨ ਪਰ ਪਿਛਲੇ 30 ਸਾਲਾਂ ’ਚ ਹਿੰਦੂਤਵ ਦੀ ਸਿਆਸਤ ਦਾ ਜੋ ਚਿਹਰਾ ਮੈਂ ਦੇਖਿਆ ਹੈ ਉਸ ਨਾਲ ਮਨ ’ਚ ਕਈ ਸਵਾਲ ਖੜ੍ਹੇ ਹੋ ਗਏ ਹਨ।
ਜਦੋਂ ਦੇਸ਼ ਦੀ ਆਬਾਦੀ 141 ਕਰੋੜ ਹੈ, ਇਨ੍ਹਾਂ ’ਚੋਂ 97 ਕਰੋੜ ਵੋਟਰ ਹਨ। ਉਨ੍ਹਾਂ ’ਚੋਂ ਸਿਰਫ 36.6 ਫੀਸਦੀ ਵੋਟਰਾਂ ਨੇ ਹੀ ਇਨ੍ਹਾਂ ਚੋਣਾਂ ’ਚ ਭਾਜਪਾ ਨੂੰ ਵੋਟਾਂ ਪਾਈਆਂ ਹਨ ਭਾਵ ਇਹ ਕਿ ਕੁਲ 111 ਕਰੋੜ ਹਿੰਦੂਆਂ ’ਚੋਂ ਸਿਰਫ 35 ਕਰੋੜ ਹਿੰਦੂਆਂ ਨੇ ਭਾਜਪਾ ਨੂੰ ਵੋਟਾਂ ਪਾਈਆਂ ਤਾਂ ਭਾਜਪਾ ਸਾਰੇ ਹਿੰਦੂ ਸਮਾਜ ਦੀ ਪ੍ਰਤੀਨਿਧਤਾ ਦਾ ਦਾਅਵਾ ਕਿਵੇਂ ਕਰ ਸਕਦੀ ਹੈ? ਕਿਉਂਕਿ ਦੇਸ਼ ਦੀ ਆਬਾਦੀ ’ਚ 78.9 ਫੀਸਦੀ ਹਿੰਦੂ ਹਨ ਤੇ ਉਨ੍ਹਾਂ ’ਚੋਂ ਇਕ ਛੋਟੇ ਜਿਹੇ ਹਿੱਸੇ ਨੇ ਭਾਜਪਾ ਨੂੰ ਵੋਟਾਂ ਪਾਈਆਂ ਹਨ ਭਾਵ ਬਹੁ-ਗਿਣਤੀ ਹਿੰਦੂ ਭਾਜਪਾ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹਨ।
ਅਸੀਂ ਸਾਰੇ ਮੰਨਦੇ ਹਾਂ ਕਿ ਸਾਡਾ ਧਰਮ ਸਨਾਤਨ ਧਰਮ ਹੈ ਜਿਸ ਦਾ ਆਧਾਰ ਹੈ ਵੇਦ, ਪੁਰਾਣ, ਗੀਤਾ, ਭਾਗਵਤ, ਰਾਮਾਇਣ ਆਦਿ ਗ੍ਰੰਥ। ਕੀ ਭਾਜਪਾ ਇਨ੍ਹਾਂ ’ਚੋਂ ਕਿਸੇ ਵੀ ਗ੍ਰੰਥ ਅਨੁਸਾਰ ਵਿਵਹਾਰ ਕਰਦੀ ਹੈ? ਜੇਕਰ ਨਹੀਂ ਤਾਂ ਉਹ ਕਿਵੇਂ ਹਿੰਦੂ ਧਰਮ ਦੇ ਆਗੂ ਹੋਣ ਦਾ ਦਾਅਵਾ ਕਰਦੀ ਹੈ? ਸਾਡੇ ਧਰਮ ਦੇ 4 ਥੰਮ੍ਹ ਹਨ, ਉਨ੍ਹਾਂ ਚਾਰਾਂ ਪੀਠਾਂ ਦੇ ਸ਼ੰਕਰਾਚਾਰੀਆ ਜਿਨ੍ਹਾਂ ਨੂੰ ਆਦਿ ਸ਼ੰਕਰਾਚਾਰੀਆ ਜੀ ਨੇ ਸਦੀਆਂ ਪਹਿਲਾਂ ਭਾਰਤ ਦੀਆਂ ਚਾਰੇ ਨੁੱਕਰਾਂ ’ਚ ਸਥਾਪਿਤ ਕੀਤਾ ਸੀ। ਕੀ ਭਾਜਪਾ ਇਨ੍ਹਾਂ ਚਾਰੇ ਸ਼ੰਕਰਾਚਾਰੀਆ ਨੂੰ ਢੁੱਕਵਾਂ ਸਨਮਾਨ ਦਿੰਦੀ ਹੈ ਅਤੇ ਇਨ੍ਹਾਂ ਦੀ ਹੀ ਅਗਵਾਈ ’ਚ ਆਪਣੀ ਧਾਰਮਿਕ ਨੀਤੀ ਬਣਾਉਂਦੀ ਹੈ? ਜੇਕਰ ਨਹੀਂ ਤਾਂ ਫਿਰ ਭਾਜਪਾ ਹਿੰਦੂ ਧਰਮ ਦੀ ਮੁਖੀ ਕਿਵੇਂ ਹੋਈ?
ਸਨਾਤਨ ਧਰਮ ’ਚ ਸਾਕਾਰ ਤੇ ਨਿਰਾਕਾਰ ਦੋਵੇਂ ਹੀ ਬ੍ਰਹਮਾ ਦੀ ਉਪਾਸਨਾ ਪ੍ਰਵਾਨਤ ਹੈ। ਇਸੇ ਤਰ੍ਹਾਂ ਉਪਾਸਨਾ ਦੇ ਕਈ ਮਾਰਗ ਤੇ ਅਧਿਕਾਰਤ ਸੰਪਰਦਾਵਾਂ ਹਨ। ਇਸ ਲਈ ਪੂਰੇ ਦੇਸ਼ ’ਚ ਪੈਦਾ ਸਨਾਤਨ ਧਰਮ ਦਾ ਕੋਈ ਇਕ ਝੰਡਾ ਜਾਂ ਇਕ ਜੈਕਾਰਾ ਨਹੀਂ ਹੁੰਦਾ। ਜਿਵੇਂ ‘ਜੈ ਸ਼੍ਰੀ ਰਾਮ’ ਕਿਸੇ ਅਧਿਕਾਰਤ ਸੰਪਰਦਾਏ ਦਾ ਜੈਕਾਰਾ ਨਹੀਂ ਹੈ। ਪ੍ਰਭੂ ਸ਼੍ਰੀਰਾਮ ਨੂੰ ਲੋਕ ‘ਜੈ ਸਿਆ ਰਾਮ’,‘ਰਾਮ-ਰਾਮ’ ‘ਜੈ ਰਾਮਜੀ ਕੀ’ ਆਦਿ ਕਈ ਸੰਬੋਧਨਾਂ ਨਾਲ ਪੁਕਾਰਦੇ ਹਨ। ‘ਜਾਕੀ ਰਹੀ ਭਾਵਨਾ ਜੈਸੀ ਹਰਿ ਮੂਰਤ ਦੇਖੀ ਤਿਨ ਤੈਸੀ। ਫਿਰ ਸਿਰਫ ‘ਜੈ ਸ਼੍ਰੀਰਾਮ’ ਧਾਰਮਿਕ ਨਾਅਰਾ ਕਿਵੇਂ ਹੋਇਆ?
ਅਜਿਹੀਆਂ ਸਾਰੀਆਂ ਹੋਰਨਾਂ ਸਭ ਗੱਲਾਂ ਨੂੰ ਵੀ ਦੇਖ-ਸੁਣ ਕੇ ਇਹ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਦਾ ਹਿੰਦੂਤਵ ਸਨਾਤਨ ਧਰਮ ਨਹੀਂ ਹੈ। ਇਹ ਉਨ੍ਹਾਂ ਦੀ ਸਿਆਸਤ ਲਈ ਇਕ ਅਸਤਰ ਮਾਤਰ ਹੈ। ਇਸ ਦਾ ਅਰਥ ਇਹ ਹੋਇਆ ਕਿ ਸੰਸਦ ’ਚ ਭਾਵੇਂ ‘ਜੈ ਸ਼੍ਰੀਰਾਮ’ ਦਾ ਨਾਅਰਾ ਲੱਗੇ ਤੇ ਭਾਵੇਂ ‘ਅੱਲਾਹ ਹੂ ਅਕਬਰ’ ਦਾ ਦੋਵੇਂ ਹੀ ਸਿਆਸੀ ਮਕਸਦ ਨਾਲ ਲਾਏ ਜਾਣ ਵਾਲੇ ਨਾਅਰੇ ਹਨ ਜਿਨ੍ਹਾਂ ਦਾ ਪ੍ਰਗਟਾਵਾ ਸੰਸਦ ’ਚ ਨਹੀਂ ਹੋਣਾ ਚਾਹੀਦਾ। ਜੈ ਫਿਲਸਤੀਨ ਦਾ ਨਾਅਰਾ ਤਾਂ ਹੋਰ ਵੀ ਖਤਰਨਾਕ ਰੁਝਾਣ ਨੂੰ ਦਰਸਾਉਂਦਾ ਹੈ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਦੇ ਮੁਖੀ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਵਿਚਾਰ ਕਰ ਕੇ ਸੰਵਿਧਾਨ ਅਤੇ ਸੰਸਦ ਦੀ ਸ਼ਾਨ ਬਚਾਉਣ ਦਾ ਕੰਮ ਕਰਨਗੇ।