5 ਸੂਬਿਆਂ ਦੇ ਚੋਣ ਨਤੀਜਿਆਂ ਪਿੱਛੋਂ ਤੈਅ ਹੋਵੇਗਾ ਕਿ ਕੌਣ ਬਣੇਗਾ ਦੇਸ਼ ਦਾ ਨਵਾਂ ਰਾਸ਼ਟਰਪਤੀ

Monday, Feb 28, 2022 - 02:21 AM (IST)

ਨਵੀਂ ਦਿੱਲੀ (ਨੈਸ਼ਨਲ ਡੈਸਕ)- ਚੋਣਾਂ ਪੱਖੋਂ ਇਹ ਸਾਲ ਇਸ ਵਾਰ ਬਹੁਤ ਹੀ ਅਹਿਮ ਹੈ ਕਿਉਂਕਿ 5 ਸੂਬਿਆਂ ਦੇ ਚੋਣ ਨਤੀਜਿਆਂ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਦੇਸ਼ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ? ਇਸ ਸਾਲ ਜੂਨ-ਜੁਲਾਈ ’ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਟਰਮ ਪੂਰੀ ਹੋ ਜਾਏਗੀ ਅਤੇ ਦੇਸ਼ ’ਚ ਨਵੇਂ ਰਾਸ਼ਟਰਪਤੀ ਦੀ ਚੋਣ ਹੋਵੇਗੀ। ਇਸ ਚੋਣ ਲਈ ਹੁਣ ਤੋਂ ਹੀ ਸਿਆਸੀ ਜੋੜ-ਤੋੜ ਸ਼ੁਰੂ ਹੋ ਗਿਆ ਹੈ। ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਸਮੇਤ 5 ਸੂਬਿਆਂ ਦੇ ਚੋਣ ਨਤੀਜਿਆਂ ’ਤੇ ਇਹ ਚੋਣ ਕਾਫੀ ਹੱਦ ਤੱਕ ਨਿਰਭਰ ਕਰੇਗੀ ਕਿਉਂਕਿ ਇਸ ਚੋਣ ’ਚ ਆਮ ਲੋਕਾਂ ਦੀ ਥਾਂ ਚੁਣੇ ਹੋਏ ਵਿਧਾਇਕਾਂ ਦੀ ਭਾਈਵਾਲੀ ਹੁੰਦੀ ਹੈ। ਇਸ ਲਈ ਇਸ ’ਚ ਨਵੇਂ-ਨਵੇਂ ਸਮੀਕਰਨਾ ਦੇ ਬਣਨ ਅਤੇ ਵਿਗੜਣ ਦੀ ਸੰਭਾਵਨਾ ਬਣੇਗੀ। ਜੇ ਉੱਤਰ ਪ੍ਰਦੇਸ਼ ’ਚ ਜਿੱਤ ਦੇ ਬਾਵਜੂਦ ਭਾਜਪਾ ਵਿਧਾਇਕਾਂ ਦੀ ਗਿਣਤੀ ’ਚ ਕਮੀ ਹੋਈ ਤਾਂ ਰਾਸ਼ਟਰਪਤੀ ਦੀ ਚੋਣ ’ਚ ਭਾਜਪਾ ਨੂੰ ਮੁਸ਼ਕਲ ਆ ਸਕਦੀ ਹੈ। ਉੱਤਰਾਖੰਡ ਅਤੇ ਗੋਆ ’ਚ ਵੀ ਭਾਜਪਾ ਦੇ ਸਾਹਮਣੇ ਪਹਿਲਾਂ ਵਾਂਗ ਨੰਬਰ ਬਣਾਈ ਰੱਖਣ ਦੀ ਚੁਨੌਤੀ ਹੈ।

ਇਹ ਖ਼ਬਰ ਪੜ੍ਹੋ- ਰੋਹਿਤ ਬਣੇ ਸਭ ਤੋਂ ਜ਼ਿਆਦਾ ਟੀ20 ਖੇਡਣ ਵਾਲੇ ਖਿਡਾਰੀ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ
10 ਮਾਰਚ ਤੋਂ ਬਾਅਦ ਸਾਫ ਹੋਵੇਗੀ ਤਸਵੀਰ
ਪਿਛਲੀ ਵਾਰ 17 ਜੁਲਾਈ 2017 ਨੂੰ ਰਾਸ਼ਟਰਪਤੀ ਦੀ ਚੋਣ ਹੋਈ ਸੀ। ਉਸ ਦੌਰਾਨ ਲੱਗਭਗ 50 ਫੀਸਦੀ ਵੋਟ ਐੱਨ. ਡੀ. ਏ. ਦੇ ਹੱਕ ’ਚ ਸਨ। ਨਾਲ ਹੀ ਉਸ ਨੂੰ ਖੇਤਰੀ ਪਾਰਟੀਆਂ ’ਚੋਂ ਵੀ ਵਧੇਰੇ ਦੀ ਹਮਾਇਤ ਮਿਲ ਗਈ ਸੀ ਪਰ ਇਸ ਵਾਰ ਅੰਕੜੇ ਉਸ ਤਰ੍ਹਾਂ ਵਾਂਗ ਐੱਨ. ਡੀ. ਏ. ਦੇ ਹੱਕ ’ਚ ਨਹੀਂ ਹਨ। ਮੀਡੀਆ ਦੀ ਇਕ ਰਿਪੋਰਟ ਮੁਤਾਬਕ ਖੇਤਰੀ ਪਾਰਟੀਆਂ ਵਿਰੋਧੀ ਧਿਰ ’ਚ ਮਜ਼ਬੂਤ ਉਮੀਦਵਾਰ ਦੀ ਭਾਲ ’ਚ ਜੁੱਟ ਚੁੱਕੀਆਂ ਹਨ। ਜਾਰੀ ਚਰਚਿਆਂ ਦਰਮਿਆਨ ਸ਼ਰਦ ਪਵਾਰ ਤੋਂ ਲੈ ਕੇ ਨਿਤੀਸ਼ ਕੁਮਾਰ ਵੀ ਇਸ ਅਹੁਦੇ ਦੀ ਦੌੜ ’ਚ ਸ਼ਾਮਲ ਦੱਸੇ ਜਾਂਦੇ ਹਨ। ਨਿਤੀਸ਼ ਕੁਮਾਰ ਨੇ ਤਾਂ ਇਸ ਚਰਚਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਕੋਲ 10 ਮਾਰਚ ਦੇ ਨਤੀਜੇ ਸਾਹਮਣੇ ਨਹੀਂ ਆਉਂਦੇ ਹਨ, ਉਦੋਂ ਤੱਕ ਇਸ ਬਾਰੇ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ। ਨਤੀਜਿਆਂ ਪਿਛੋਂ ਹੀ ਵਿਰੋਧੀ ਧਿਰ ਨੂੰ ਆਪਣੀ ਤਾਕਤ ਦਾ ਅਹਿਸਾਸ ਹੋ ਜਾਏਗਾ ਕਿ ਉਹ ਐੱਨ. ਡੀ. ਏ. ਨੂੰ ਕਿਸ ਹੱਦ ਤੱਕ ਚੁਨੌਤੀ ਦੇ ਸਕਦੇ ਹਨ।
ਚੋਣਾਂ ਲਈ ਕੀ ਹਨ ਵੋਟ ਦੇ ਸਮੀਕਰਨ
ਉੱਤਰ ਪ੍ਰਦੇਸ਼ ਸਮੇਤ 5 ਸੂਬਿਆਂ ਦੇ ਚੋਣ ਨਤੀਜਿਆਂ ਰਾਹੀਂ ਭਾਜਪਾ ਦੀ ਅਗਵਾਈ ਵਾਲਾ ਐੱਨ. ਡੀ. ਏ. ਜੇ ਲੀਡ ਹਾਸਲ ਕਰਦਾ ਹੈ ਤਾਂ ਉਹ ਰਾਸ਼ਟਰਪਤੀ ਦੀ ਚੋਣ ’ਚ ਸਫਲ ਹੋ ਜਾਏਗਾ। ਇਹੀ ਨਹੀਂ, ਜੇ ਭਾਜਪਾ ਨੂੰ ਚੰਗੇ ਨਤੀਜੇ ਮਿਲੇ ਤਾਂ ਉਸ ਨੂੰ ਆਪਣੇ ਹਿਸਾਬ ਨਾਲ ਅਗਲੇ ਰਾਸ਼ਟਰਪਤੀ ਨੂੰ ਚੁਣਨ ’ਚ ਮਦਦ ਮਿਲੇਗੀ। ਅਜੇ ਤੱਕ ਰਾਸ਼ਟਰਪਤੀ ਦੀ ਚੋਣ ਲਈ ਵੋਟ ਦੇ ਜੋ ਸਮੀਕਰਨ ਹਨ, ਉਸ ਹਿਸਾਬ ਨਾਲ ਐੱਨ. ਡੀ. ਏ. ਆਪਣੇ ਦਮ ’ਤੇ ਆਪਣੀ ਪਸੰਦ ਦਾ ਰਾਸ਼ਟਰਪਤੀ ਚੁਣਨ ’ਚ ਪੂਰੀ ਤਰ੍ਹਾਂ ਸਮਰੱਥ ਨਹੀਂ ਹੈ। ਫਿਰ ਵੀ ਉੱਤਰ ਪ੍ਰਦੇਸ਼ ’ਚ 300 ਤੋਂ ਵਧ ਵਿਧਾਇਕਾਂ ਕਾਰਨ ਐੱਨ. ਡੀ. ਏ. ਮਜ਼ਬੂਤ ਸਥਿਤੀ ’ਚ ਹੈ। ਉੱਤਰ ਪ੍ਰਦੇਸ਼ ’ਚ ਸਭ ਤੋਂ ਵਧ ਵਿਧਾਇਕਾਂ ਦੀਆਂ ਵੋਟਾਂ ਹਨ। ਉਨ੍ਹਾਂ ਦੀ ਵੈਲਿਊ ਵੀ ਸਭ ਤੋਂ ਵਧ ਹੈ ਇਸ ਹਿਸਾਬ ਨਾਲ ਭਾਜਪਾ ਨੂੰ ਉਮੀਦ ਹੈ ਕਿ ਜੇ ਉਹ ਇਸ ਵਾਰ ਦੀਆਂ ਚੋਣਾਂ ’ਚ ਪਿਛਲੀ ਵਾਰ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕਰਨ ’ਚ ਸਫਲ ਹੋ ਗਈ ਤਾਂ ਉਹ ਬਹੁਮਤ ਦੇ ਹੋਰ ਨੇੜੇ ਪਹੁੰਚ ਜਾਏਗੀ।

ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਕਾਂਟੇ ਦੇ ਮੁਕਾਬਲੇ 'ਚ ਭਾਰਤ ਨੇ ਸਪੇਨ ਨੂੰ 5-4 ਨਾਲ ਹਰਾਇਆ
5 ਸੂਬਿਆਂ ’ਚ ਚੰਗੇ ਪ੍ਰਦਰਸ਼ਨ ਦੀ ਲੋੜ
ਵਿਧਾਇਕਾਂ ਦੀਆਂ ਵਧ ਵੋਟ-ਵੈਲਿਊ ਵਾਲੇ ਵਧੇਰੇ ਸੂਬਿਆਂ ਤਾਮਿਲਨਾਡੂ, ਤੇਲੰਗਾਣਾ, ਪੱਛਮੀ ਬੰਗਾਲ ਆਦਿ ’ਚ ਗੈਰ-ਕਾਂਗਰਸੀ ਅਤੇ ਗੈਰ-ਭਾਜਪਾ ਪਾਰਟੀਆਂ ਦੀਆਂ ਸਰਕਾਰਾਂ ਹਨ। ਬਿਹਾਰ ’ਚ ਵੀ ਪਹਿਲਾਂ ਦੇ ਮੁਕਾਬਲੇ ਆਰ. ਜੇ. ਡੀ. ਦੀ ਗਿਣਤੀ ਵਧੇਰੇ ਹੈ। ਅਜਿਹੀ ਹਾਲਤ ’ਚ ਭਾਜਪਾ ਨੂੰ ਆਪਣੀ ਪਸੰਦ ਦਾ ਉਮੀਦਵਾਰ ਚੁਣਨ ’ਚ ਮੁਸ਼ਕਲ ਆ ਸਕਦੀ ਹੈ। ਅਸਲ ’ਚ ਭਾਜਪਾ ਇਸ ਵਾਰ ਵੀ 2017 ਵਾਲੇ ਰਾਸ਼ਟਰਪਤੀ ਦੀ ਚੋਣ ਵਾਂਗ ਆਪਣੀ ਪਸੰਦ ਦਾ ਉਮੀਦਵਾਰ ਖੜਾ ਕਰਨਾ ਚਾਹੁੰਦੀ ਹੈ। ਇਸ ਲਈ ਜੋ ਮੌਜੂਦਾ ਤਸਵੀਰ ਉਭਰ ਰਹੀ ਹੈ, ਉਸ ਮੁਤਾਬਕ ਨਾ ਸਿਰਫ ਉਸ ਨੂੰ ਉੱਤਰ ਪ੍ਰਦੇਸ਼ ’ਚ ਵੱਡੀ ਜਿੱਤ ਹਾਸਲ ਕਰਨੀ ਹੋਵਗੀ ਸਗੋਂ ਪੰਜਾਬ, ਗੋਆ ਅਤੇ ਉੱਤਰਖੰਡ ’ਚ ਵੀ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਜੇ ਅਜਿਹਾ ਨਹੀਂ ਹੁੰਦਾ ਤਾਂ ਭਾਜਪਾ ਲਈ ਆਪਣੇ ਦਮ ’ਤੇ ਆਪਣੀ ਪਸੰਦ ਦਾ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਕੇ ਉਸ ਨੂੰ ਜਿਤਵਾਉਣਾ ਸੌਖਾ ਨਹੀਂ ਹੋਵੇਗਾ। ਪਿਛਲੀ ਵਾਰ ਰਾਮਨਾਥ ਕੋਵਿੰਦ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੇ ਆਪਣੇ ਦਮ ’ਤੇ ਉਤਾਰਿਆ ਸੀ। ਉਸ ਸਮੇਂ ਨੰਬਰ ਭਾਜਪਾ ਦੇ ਹੱਕ ’ਚ ਸਨ। ਦੂਜੀਆਂ ਪਾਰਟੀਆਂ ਕੋਲੋਂ ਵਧੇਰੇ ਮਦਦ ਦੀ ਲੋੜ ਨਹੀਂ ਸੀ।
ਕਾਂਗਰਸ ਦੇ ਹੱਕ ’ਚ ਨਹੀਂ ਹਨ ਓਪੀਨੀਅਨ ਪੋਲ
ਕਾਂਗਰਸ ਦੇ ਸਾਹਮਣੇ ਵੀ ਇਸ ਚੋਣ ’ਚ ਆਪਣੀ ਹੋਂਦ ਨੂੰ ਬਣਾਈ ਰੱਖਣਾ ਵੱਡਾ ਸਵਾਲ ਹੈ। ਉਹ ਆਪਣੇ ਵਿਧਾਇਕਾਂ ਦੀ ਗਿਣਤੀ ਨੂੰ ਵਧਾਉਣ ਦੇ ਨਾਲ ਹੀ ਆਪਣੀ ਤਾਕਤ ਵੀ ਚੋਣਾਂ ’ਚ ਵਿਖਾਉਣਾ ਚਾਹੇਗੀ। ਓਪੀਨੀਅਨ ਪੋਲ ਮੁਤਾਬਕ ਪੰਜਾਬ ’ਚ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਬਣਾਈ ਰੱਖਣੀ ਬਹੁਤ ਔਖੀ ਲੱਗ ਰਹੀ ਹੈ। ਇਸ ਲਈ ਜੇ ਦੋਵੇਂ ਕੌਮੀ ਪਾਰਟੀਆਂ ਆਪਣੇ-ਆਪਣੇ ਗਠਜੋੜ ’ਚ ਦੋਹਾਂ ਖੇਤਰੀ ਪਾਰਟੀਆਂ ਦੀ ਆਮ ਰਾਏ ਵਾਲੇ ਉਮੀਦਵਾਰ ਨੂੰ ਰਾਸ਼ਟਰਪਤੀ ਦੀ ਚੋਣ ’ਚ ਉਤਾਰਨ ਦਾ ਯਤਨ ਕਰ ਸਕਦੀਆਂ ਹਨ ਤਾਂ ਆਉਣ ਵਾਲੀ ਰਾਸ਼ਟਰਪਤੀ ਦੀ ਚੋਣ ’ਚ ਨਜ਼ਦੀਕੀ ਲੜਾਈ ਨੂੰ ਵੇਖਦਿਆਂ ਇਕ-ਇਕ ਵੋਟ ਦੀ ਅਹਿਮੀਅਤ ਹੋਵੇਗੀ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News