...ਜਦੋਂ 1962 ’ਚ ਲਤਾ ਤੇ ਰਫੀ ਦੇ ਗੀਤ ਗੂੰਜੇ ਗਲਵਾਨ ਵਾਦੀ ’ਚ

Wednesday, Jun 24, 2020 - 12:27 AM (IST)

...ਜਦੋਂ 1962 ’ਚ ਲਤਾ ਤੇ ਰਫੀ ਦੇ ਗੀਤ ਗੂੰਜੇ ਗਲਵਾਨ ਵਾਦੀ ’ਚ

ਲੇਹ (ਇੰਟ.)– 1962 ’ਚ ਜਦੋਂ ਚੀਨ ਤੇ ਭਾਰਤ ਦਰਮਿਆਨ ਜੰਗ ਹੋਈ ਸੀ ਤਾਂ ਚੀਨ ਦੇ ਫੌਜੀਆਂ ਨੇ ਭਾਰਤ ਪ੍ਰਤੀ ਆਪਣੀ ਦੋਸਤੀ ਦਾ ਪ੍ਰਗਟਾਵਾ ਕਰਨ ਲਈ ਗਲਵਾਨ ਵਾਦੀ ’ਚ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੇ ਗਾਏ ਕੁਝ ਗੀਤਾਂ ਨੂੰ ਉਸ ਸਮੇਂ ਲਾਊਡ ਸਪੀਕਰਾਂ ’ਤੇ ਵਜਾਇਆ ਸੀ।
ਇਹ ਗੱਲ ਉਕਤ ਜੰਗ ਦਾ ਇਕ ਗਵਾਹ ਰਹੇ ਸਾਬਕਾ ਫੌਜੀ ਫੁਨਚੋਕ ਤਾਸ਼ੀ ਨੇ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ। 1988 ’ਚ ਭਾਰਤੀ ਫੌਜ ਤੋਂ ਸੇਵਾਮੁਕਤ ਹੋਏ ਅਤੇ ਇਸ ਸਮੇਂ 84 ਕਾਲ ਦੇ ਤਾਸ਼ੀ ਅੱਜਕਲ ਲੇਹ ਤੋਂ ਲਗਭਗ 17 ਕਿਲੋਮੀਟਰ ਦੂਰ ਪਿੰਡ ਸਟੋਕ ਵਿਖੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਸ ਸਮੇਂ ਚੀਨ ਦੀ ਫੌਜ ਦੇ ਜਵਾਨਾਂ ਨੇ 1954 ’ਚ ਆਈ ਫਿਲਮ ਨਾਗਿਨ ’ਚ ਲਤਾ ਮੰਗੇਸ਼ਕਰ ਵਲੋਂ ਗਾਇਆ ਗੀਤ ‘ਮਨ ਡੋਲੇ ਮੇਰਾ ਤਨ ਡੋਲੇ’ ਵਾਰ-ਵਾਰ ਵਜਾਇਆ ਸੀ। ਉਦੋਂ ਹੀ 1957 ’ਚ ਆਈ ਇਕ ਫਿਲਮ ‘ਤੁਮਸਾ ਨਹੀਂ ਦੇਖਾ’ ਵਿਚ ਮੁਹੰਮਦ ਰਫੀ ਵਲੋਂ ਗਾਇਆ ਗੀਤ ‘ਯੂ ਤੋ ਹਮਨੇ ਲਾਖ ਹਸੀਂ ਦੇਖੇ ਹੈਂ ਤੁਮਸਾ ਨਹੀਂ ਦੇਖਾ’ ਗੀਤ ਨੂੰ ਵਾਰ-ਵਾਰ ਵਜਾਇਆ ਸੀ।
ਤਾਸ਼ੀ ਨੇ ਦੱਸਿਆ ਕਿ ਮੈਂ 1962 ’ਚ ਹੋਈ ਭਾਰਤ-ਚੀਨ ਜੰਗ ਸਮੇਂ ਲੱਦਾਖ ਵਿਖੇ ਨਿਯੁਕਤ ਸੀ। ਸਾਨੂੰ ਉਸ ਸਮੇਂ ਹੁਕਮ ਮਿਲਿਆ ਕਿ ਤੁਰੰਤ ਗਲਵਾਨ ਵਾਦੀ ਪੁੱਜੋ, ਉਸ ਸਮੇਂ ਸਾਡੀ ਚੌਕੀ ਨਵੀਂ ਹੀ ਬਣੀ ਸੀ ਅਤੇ ਇਸ ਦਾ ਨਾਂ ਨਵੀਂ ਚੌਂਕੀ ਹੀ ਸੀ। ਉਥੇ ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਵਲੋਂ ਰਾਸ਼ਨ ਅਤੇ ਹੋਰ ਸਮਾਨ ਪਹੁੰਚਾਇਆ ਜਾਂਦਾ ਸੀ। ਅਸੀਂ ਘੋੜਿਆਂ ’ਤੇ ਗਸ਼ਤ ਕਰਦੇ ਹੁੰਦੇ ਸੀ। ਚੀਨ ਦੇ ਫੌਜੀ ਸਾਹਮਣੇ ਨਜ਼ਰ ਆਉਂਦੀਆਂ ਉੱਚੀਆਂ ਪਹਾੜੀਆਂ ’ਤੇ ਬੈਠੇ ਹੁੰਦੇ ਸਨ ਅਤੇ ਅਸੀਂ ਹੇਠਾਂ ਨੀਵੇਂ ਇਲਾਕਿਆਂ ’ਚ ਹੁੰਦੇ ਸੀ। ਚੀਨ ਦੇ ਫੌਜੀ ਹਿੰਦੀ ’ਚ ਕਹਿੰਦੇ ਹੁੰਦੇ ਸਨ ‘ਯੇ ਜਗ੍ਹਾ ਨਾ ਆਪਕੀ ਹੈ ਨਾ ਹਮਾਰੀ ਹੈ ਆਪ ਭੀ ਵਾਪਸ ਜਾਓ, ਹਮ ਭੀ ਵਾਪਸ ਜਾ ਰਹੇ ਹੈਂ’ ਉਦੋਂ ਦੁਪਹਿਰ ਦੇ ਭੋਜਨ ਤੋਂ ਬਾਅਦ ਚੀਨੀ ਫੌਜੀ ਲਤਾ ਅਤੇ ਮੁਹੰਮਦ ਰਫੀ ਦੇ ਵੱਖ-ਵੱਖ ਗੀਤਾਂ ਨੂੰ ਲਾਊਡ ਸਪੀਕਰ ’ਤੇ ਵਜਾਇਆ ਕਰਦੇ ਸਨ। ਇਨ੍ਹਾਂ ਗੀਤਾਂ ਨੂੰ ਸੁਣਾਉਣ ਦਾ ਚੀਨ ਦਾ ਮੁੱਖ ਮੰਤਵ ਇਹ ਸੀ ਕਿ ਚੀਨ ਭਾਰਤ ਨਾਲ ਦੋਸਤੀ ਚਾਹੁੰਦਾ ਹੈ। ਤਾਸ਼ੀ ਨੇ ਕਿਹਾ ਕਿ ਅੱਜਕਲ ਚੀਨ ਦੀਆਂ ਸਰਗਰਮੀਆਂ ਭਾਂਵੇ ਵਧੀਆਂ ਹਨ ਪਰ ਉਸ ਨੂੰ ਭਾਰਤ ਨਾਲ ਦੋਸਤੀ ਰੱਖਣੀ ਪਵੇਗੀ। ਦੋਹਾਂ ਦੇਸ਼ਾਂ ਦਰਮਿਆਨ ਦੋਸਤੀ ’ਚ ਹੀ ਸਭ ਨੂੰ ਲਾਭ ਹੈ।


author

Gurdeep Singh

Content Editor

Related News