ਵਟਸਐੱਪ ਜਾਸੂਸੀ : ਨਾਗਰਿਕਾਂ ਦੀ ਪ੍ਰਾਇਵੇਸੀ ਦੀ ਸੁਰੱਖਿਆ ਲਈ ਵਚਨਬੱਧ ਹੈ ਸਰਕਾਰ
Thursday, Nov 28, 2019 - 05:01 PM (IST)

ਨਵੀਂ ਦਿੱਲੀ— ਵਟਸਐੱਪ ਜਾਸੂਸੀ ਮਾਮਲੇ 'ਚ ਸਰਕਾਰ ਨੇ ਵੀਰਵਾਰ ਨੂੰ ਸੰਸਦ 'ਚ ਕਿਹਾ ਕਿ ਉਹ ਵਟਸਐੱਪ ਵਰਗੇ ਮੈਸੇਜਿੰਗ ਪਲੇਟਫਾਰਮਾਂ 'ਤੇ ਨਾਗਰਿਕਾ ਦੀ ਨਿੱਜਤਾ (ਪ੍ਰਾਇਵੇਸੀ) ਅਤੇ ਸੁਰੱਖਿਆ ਦੇ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਰਾਜ ਸਭਾ 'ਚ ਕਾਂਗਰਸ ਦੇ ਸੰਸਦ ਮੈਂਬਰ ਦਿਗਵਿਜੇ ਸਿੰਘ ਦੇ ਧਿਆਨ ਆਕਰਸ਼ਨ ਪ੍ਰਸਤਾਵ ਦੇ ਜਵਾਬ 'ਚ ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਮੈਸੇਜਿੰਗ ਪਲੇਟਫਾਰਮਾਂ ਨੂੰ ਹੋਰ ਵਧ ਸੁਰੱਖਿਅਤ ਬਣਾਉਣ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ। ਪ੍ਰਸਾਦ ਨੇ ਕਿਹਾ ਕਿ ਜਾਸੂਸੀ ਵਿਵਾਦ ਸਾਹਮਣੇ ਆਉਣ ਦੇ ਇੰਨੇ ਦਿਨਾਂ ਬਾਅਦ ਵੀ ਹਾਲੇ ਤੱਕ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਜਾਣਬੁੱਝ ਕੇ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ।
ਪ੍ਰਸਾਦ ਨੇ ਕਿਹਾ,''31 ਅਕਤੂਬਰ 2019 ਨੂੰ ਮੀਡੀਆ 'ਚ ਇਹ ਖਬਰ ਆਈ ਕਿ ਇਜ਼ਰਾਇਲੀ ਸਪਾਈਵੇਅਰ ਪੇਗਾਸਸ ਰਾਹੀਂ ਵਟਸਐੱਪ 'ਤੇ ਜਾਸੂਸੀ ਕੀਤੀ ਗਈ। ਇਸ ਮਾਮਲੇ 'ਚ ਦੂਰਸੰਚਾਰ ਮੰਤਰਾਲੇ ਨੇ ਨਿਊਜ਼ ਰਿਪੋਰਟ ਦਾ ਨੋਟਿਸ ਲੈਂਦੇ ਹੋਏ ਇਕ ਨਵੰਬਰ ਨੂੰ ਵਟਸਐੱਪ ਨੂੰ ਮੇਲ ਲਿਖ ਕੇ 4 ਨਵਬੰਰ ਤੱਕ ਜਵਾਬ ਮੰਗਿਆ।'' ਵਟਸਐੱਪ ਨੇ ਦੱਸਿਆ ਕਿ ਅਪ੍ਰੈਲ ਤੋਂ ਮੱਧ ਮਈ 2019 ਦਰਮਿਆਨ ਇਸ ਬਾਰੇ ਪਤਾ ਲੱਗਾ ਅਤੇ ਮਈ 'ਚ ਹੀ ਇਸ ਨੂੰ ਠੀਕ ਕਰ ਲਿਆ ਗਿਆ। ਦੁਨੀਆ ਭਰ 'ਚ ਕਰੀਬ 1400 ਮੋਬਾਇਲ ਫੋਨਾਂ 'ਤੇ ਸਪਾਈਵੇਅਰ ਭੇਜਿਆ ਗਿਆ।''
ਦੂਰਸੰਚਾਰ ਮੰਤਰੀ ਨੇ ਕਿਹਾ ਕਿ ਮਈ 2019 'ਚ ਵਟਸਐੱਪ ਨੇ ਸਰਕਾਰ ਨੂੰ ਸਿਰਫ਼ ਇੰਨਾ ਦੱਸਿਆ ਸੀ ਕਿ ਕੁਝ ਖਤਰਾ ਸੀ ਪਰ ਸਮੱਸਿਆ ਨੂੰ ਫਿਕਸ ਕਰ ਦਿੱਤਾ ਗਿਆ ਹੈ ਅਤੇ ਅੱਗੇ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ,''26 ਜੁਲਾਈ 2019 ਅਤੇ 11 ਸਤੰਬਰ 2019 ਨੂੰ ਵਟਸਐੱਪ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਹੋਈ ਸੀ ਪਰ ਉਦੋਂ ਕੰਪਨੀ ਨੇ ਇਸ ਖਤਰੇ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ।'' ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਵਟਸਐੱਪ ਨੇ 5 ਸਤੰਬਰ 2019 ਨੂੰ ਦੱਸਿਆ ਕਿ ਮਈ 2019 'ਚ ਉਸ ਨੂੰ ਸਪਾਈਵੇਅਰ ਤੋਂ ਜਾਸੂਸੀ ਬਾਰੇ ਪਤਾ ਲੱਗਾ। ਉਨ੍ਹਾਂ ਨੇ ਕਿਹਾ ਕਿ ਰਿਪੋਰਟਸ ਅਨੁਸਾਰ ਹੈਕਰਜ਼ ਨੇ ਕਰੀਬ 121 ਭਾਰਤੀਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਸੰਚਾਰ ਮੰਤਰੀ ਨੇ ਇਹ ਵੀ ਦੱਸਿਆ ਕਿ 18 ਨਵੰਬਰ 2019 ਨੂੰ ਵਟਸਐੱਪ ਦਾ ਜਵਾਬ ਮਿਲਿਆ। ਇਸ ਤੋਂ ਬਾਅਦ 26 ਨਵੰਬਰ ਨੂੰ ਵਟਸਐੱਪ ਤੋਂ ਕੁਝ ਹੋਰ ਡਿਟੇਲ ਮੰਗੀ ਗਈ।