ਝਾਰਖੰਡ ’ਚ ਕੀ ਪੱਕ ਰਿਹਾ ਹੈ!
Friday, Jan 30, 2026 - 10:58 PM (IST)
ਨੈਸ਼ਨਲ ਡੈਸਕ- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਲੈ ਕੇ ਅਟਕਲਾਂ ਲਗਾਤਾਰ ਲੱਗ ਰਹੀਆਂ ਹਨ, ਜੋ ਹੁਣ ਅਕਸਰ ਦਿੱਲੀ ਵਿਚ ਦੇਖੇ ਜਾਂਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਝਾਰਖੰਡ ਦੇ ਕਿਸੇ ਮੁੱਖ ਮੰਤਰੀ ਨੇ ਸਵਿਟਜ਼ਰਲੈਂਡ ਦੇ ਦਾਵੋਸ ਵਿਚ ਵਰਲਡ ਇਕਨਾਮਿਕ ਫੋਰਮ ਦੀ ਮੀਟਿੰਗ ਵਿਚ ਹਿੱਸਾ ਲਿਆ ਅਤੇ ਸੋਰੇਨ ਉਦਯੋਗਿਕ ਤੌਰ ’ਤੇ ਵਿਕਸਤ ਸੂਬਿਆਂ ਦੇ ਦੂਜੇ ਮੁੱਖ ਮੰਤਰੀਆਂ ਦੀ ‘ਵੱਡੀ ਲੀਗ’ ਵਿਚ ਸ਼ਾਮਲ ਹੋ ਗਏ।
ਮਹਾਰਾਸ਼ਟਰ ਦੇ ਦੇਵੇਂਦਰ ਫੜਨਵੀਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਚੰਦਰਬਾਬੂ ਨਾਇਡੂ, ਤੇਲੰਗਾਨਾ ਦੇ ਰੇਵੰਤ ਰੈੱਡੀ, ਅਾਸਾਮ ਦੇ ਹਿਮੰਤ ਬਿਸਵਾ ਸਰਮਾ ਅਤੇ ਮੱਧ ਪ੍ਰਦੇਸ਼ ਦੇ ਮੋਹਨ ਯਾਦਵ ਦਾਵੋਸ ਮੀਟਿੰਗ ’ਚ ਸ਼ਾਮਲ ਹੋਏ। ਦਿਲਚਸਪ ਗੱਲ ਇਹ ਹੈ ਕਿ ਸੋਰੇਨ ਵਿਰੋਧੀ ਧਿਰ ਦੇ ਉਨ੍ਹਾਂ ਸਭ ਤੋਂ ਖੁਸ਼ਕਿਸਮਤ ਮੁੱਖ ਮੰਤਰੀਆਂ ’ਚੋਂ ਇਕ ਸਨ ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਦਾਵੋਸ ਜਾਣ ਦੀ ਇਜਾਜ਼ਤ ਦਿੱਤੀ, ਜਦਕਿ ਦੂਜਿਆਂ ਨੂੰ ਸਿਆਸੀ ਮਨਜ਼ੂਰੀ ਨਹੀਂ ਦਿੱਤੀ ਗਈ।
ਹਾਲ ਹੀ ਵਿਚ, ਸੋਰੇਨ ਲੱਗਭਗ 5 ਦਿਨਾਂ ਤੱਕ ਦਿੱਲੀ ’ਚ ਸਨ ਅਤੇ ਕੋਈ ਆਫੀਸ਼ੀਅਲ ਪ੍ਰੋਗਰਾਮ ਨਹੀਂ ਕੀਤਾ। ਜਦੋਂ ਅਫਵਾਹਾਂ ਉੱਡਣ ਲੱਗੀਆਂ ਕਿ ਉਨ੍ਹਾਂ ਨੇ ਭਾਜਪਾ ਦੇ ਵੱਡੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ, ਤਾਂ ਇਹ ਸਪੱਸ਼ਟ ਕੀਤਾ ਗਿਆ ਕਿ ਇਹ ਦੌਰਾ ਉਨ੍ਹਾਂ ਦੇ ਸਹੁਰੇ ਦੇ ਮੈਡੀਕਲ ਇਲਾਜ ਦੇ ਸਿਲਸਿਲੇ ’ਚ ਸੀ। ਨਵੀਆਂ ਅਟਕਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਸੋਰੇਨ ਸਿਰਫ਼ ਕੁਝ ਘੰਟਿਆਂ ਲਈ ਅਹਿਮਦਾਬਾਦ ਗਏ।
ਜਦੋਂ ਇਹ ਕਿਹਾ ਗਿਆ ਕਿ ਉਹ ਇਕ ਭਾਜਪਾ ਨੇਤਾ ਨੂੰ ਮਿਲੇ, ਤਾਂ ਇਹ ਸਪੱਸ਼ਟ ਕੀਤਾ ਗਿਆ ਕਿ ਉਹ ਅਹਿਮਦਾਬਾਦ ਵਿਚ ਇਕ ਪੋਲੋ ਮੈਚ ’ਚ ਗਏ ਸਨ, ਜਿਸ ਨੂੰ ਸੱਤਾਧਾਰੀ ਸਰਕਾਰ ਦੇ ਕਰੀਬੀ ਮੰਨੇ ਜਾਣ ਵਾਲੇ ਇਕ ਮਸ਼ਹੂਰ ਉਦਯੋਗਪਤੀ ਨੇ ਹੋਸਟ ਕੀਤਾ ਸੀ। ਇਹ ਕੋਈ ਭੇਤ ਨਹੀਂ ਹੈ ਕਿ ਸੋਰੇਨ ਜ਼ਮੀਨ ਘਪਲੇ ਦੇ ਇਕ ਮਾਮਲੇ ’ਚ ਈ. ਡੀ. ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਹੋਰ ਇਸ਼ਾਰਾ! ਉਨ੍ਹਾਂ ਦੇ ਪਿਤਾ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਨੂੰ (ਮਰਨ ਉਪਰੰਤ) ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
