6 ਜੁਲਾਈ ਨੂੰ ਹੋਵੇਗੀ WFI ਦੀ ਚੋਣ, ਉਸੇ ਦਿਨ ਐਲਾਨੇ ਜਾਣਗੇ ਨਤੀਜੇ
Tuesday, Jun 13, 2023 - 11:12 PM (IST)
ਨਵੀਂ ਦਿੱਲੀ (ਭਾਸ਼ਾ): ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੀਆਂ ਚੋਣਾਂ 6 ਜੁਲਾਈ ਨੂੰ ਹੋਣਗੀਆਂ। ਇਸ ਸਬੰਧੀ ਮੰਗਲਵਾਰ ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਐਲਾਨ ਭਾਰਤੀ ਓਲੰਪਿਕ ਸੰਘ (IOA) ਨੇ ਚੋਣ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਰਿਟਰਨਿੰਗ ਅਫ਼ਸਰ ਵਜੋਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਮਹੇਸ਼ ਮਿੱਤਲ ਕੁਮਾਰ ਨੂੰ ਨਿਯੁਕਤ ਕੀਤੇ ਜਾਣ ਤੋਂ ਇਕ ਦਿਨ ਬਾਅਦ ਕੀਤਾ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਚੋਣਾਂ ਦੇ ਨਤੀਜੇ ਵੀ ਇਸੇ ਦਿਨ ਐਲਾਨੇ ਜਾਣਗੇ।
ਇਲੈਕਟੋਰਲ ਮੰਡਲ ਦੇ ਗਠਨ ਲਈ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਦੋ-ਦੋ ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 19 ਜੂਨ ਨਿਰਧਾਰਤ ਕੀਤੀ ਗਈ ਹੈ ਅਤੇ ਸਮੀਖਿਆ 22 ਜੂਨ ਤਕ ਪੂਰੀ ਕਰ ਲਈ ਜਾਵੇਗੀ। ਹਰੇਕ ਰਾਜ ਇਕਾਈ ਦੋ ਡੈਲੀਗੇਟ ਭੇਜ ਸਕਦੀ ਹੈ ਅਤੇ ਹਰੇਕ ਡੈਲੀਗੇਟ ਕੋਲ ਇਕ ਵੋਟ ਹੋਵੇਗੀ। ਇਸ ਤਰ੍ਹਾਂ WFI ਚੋਣਾਂ ਲਈ ਇਲੈਕਟੋਰਲ ਮੰਡਲ ਵਿਚ 50 ਵੋਟਾਂ ਹੋਣਗੀਆਂ। ਪਰ ਇਹ ਪਤਾ ਲੱਗਾ ਹੈ ਕਿ WFI ਦੁਆਰਾ ਪਹਿਲਾਂ ਭੰਗ ਕੀਤੀਆਂ ਗਈਆਂ ਕੁਝ ਰਾਜ ਇਕਾਈਆਂ ਨੇ ਵੀ ਚੋਣਾਂ ਵਿਚ ਹਿੱਸਾ ਲੈਣ ਦਾ ਦਾਅਵਾ ਪੇਸ਼ ਕੀਤਾ ਹੈ। ਵੱਖ-ਵੱਖ ਗਰੁੱਪਾਂ ਦੇ ਪ੍ਰਤੀਨਿਧੀਆਂ ਦੇ ਦਾਅਵਿਆਂ 'ਤੇ ਵਿਚਾਰ ਕਰਨ ਤੋਂ ਬਾਅਦ ਰਿਟਰਨਿੰਗ ਅਧਿਕਾਰੀ ਇਹ ਫੈਸਲਾ ਕਰਨਗੇ ਕਿ ਕੌਣ ਵੋਟ ਪਾ ਸਕਦਾ ਹੈ ਅਤੇ ਕੌਣ ਨਹੀਂ। ਚੋਣਾਂ ਲਈ ਨਾਮਜ਼ਦਗੀਆਂ 23 ਜੂਨ ਤੋਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ ਅਤੇ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ 25 ਜੂਨ ਹੈ। 28 ਜੂਨ ਨੂੰ ਨਾਮਜ਼ਦਗੀਆਂ ਦੀ ਸਮੀਖਿਆ ਕੀਤੀ ਜਾਵੇਗੀ। ਉਮੀਦਵਾਰ 28 ਜੂਨ ਤੋਂ 1 ਜੁਲਾਈ ਦਰਮਿਆਨ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ, ਜਿਸ ਤੋਂ ਬਾਅਦ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਅੰਤਿਮ ਸੂਚੀ 2 ਜੁਲਾਈ ਨੂੰ ਜਾਰੀ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਘਰੇਲੂ ਕਲੇਸ਼ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ, 2 ਮਾਸੂਮ ਬੱਚਿਆਂ ਨੇ ਗੁਆਈ ਜਾਨ
ਚੋਣ ਅਧਿਕਾਰੀ ਨੇ ਮੰਗਲਵਾਰ ਨੂੰ ਜਾਰੀ ਆਪਣੇ ਨੋਟੀਫਿਕੇਸ਼ਨ ਵਿਚ ਲਿਖਿਆ, “ਇਲੈਕਟੋਰਲ ਕਾਲਜ ਦੇ ਗਠਨ ਲਈ ਹਰੇਕ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਦੋ ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ 19 ਜੂਨ, 2023 ਨੂੰ ਸ਼ਾਮ 5 ਵਜੇ ਨਿਰਧਾਰਿਤ ਕੀਤੀ ਗਈ ਹੈ। ਸਾਰੀਆਂ ਮਾਨਤਾ ਪ੍ਰਾਪਤ ਕੁਸ਼ਤੀ ਫੈਡਰੇਸ਼ਨਾਂ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਮਾਨਤਾ ਪ੍ਰਾਪਤ ਫੈਡਰੇਸ਼ਨਾਂ ਵਿੱਚੋਂ ਦੋ-ਦੋ ਵਿਅਕਤੀਆਂ ਨੂੰ ਨਾਮਜ਼ਦ ਕਰਨ ਲਈ ਕਿਹਾ ਜਾਂਦਾ ਹੈ ਜੋ WFI ਦੇ ਪ੍ਰਵਾਨਿਤ ਸੰਵਿਧਾਨ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕਾਰਜਕਾਰੀ ਕਮੇਟੀ ਦੇ ਮੈਂਬਰ ਹਨ, ਭਾਰਤ ਸਰਕਾਰ, ਇਹ ਇਲੈਕਟੋਰਲ ਕਾਲਜ ਦਾ ਗਠਨ ਕਰੇਗੀ ਜੋ ਚੋਣ ਵਿਚ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੀ ਚੋਣ ਕਰੇਗੀ।'' ਨੋਟੀਫਿਕੇਸ਼ਨ ਅਨੁਸਾਰ, ''ਨਾਮਜ਼ਦਗੀਆਂ ਸਬੰਧਤ ਫੈਡਰੇਸ਼ਨਾਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਦਸਤਖਤਾਂ ਅਤੇ ਮੋਹਰ ਨਾਲ ਭੇਜੀਆਂ ਜਾਣੀਆਂ ਚਾਹੀਦੀਆਂ ਹਨ। WFI ਚੋਣਾਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਚਾਰ ਉਪ-ਪ੍ਰਧਾਨ, ਜਨਰਲ ਸਕੱਤਰ, ਖਜ਼ਾਨਚੀ, ਦੋ ਸੰਯੁਕਤ ਸਕੱਤਰ ਅਤੇ ਪੰਜ ਕਾਰਜਕਾਰੀ ਮੈਂਬਰਾਂ ਦੇ ਅਹੁਦਿਆਂ ਲਈ ਹੋਣਗੀਆਂ।
ਆਈਓਏ ਵੱਲੋਂ ਸੋਮਵਾਰ ਨੂੰ ਜੰਮੂ-ਕਸ਼ਮੀਰ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਮਿੱਤਲ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਚੋਣਾਂ 4 ਜੁਲਾਈ ਨੂੰ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਸੇਵਾਮੁਕਤ ਜੱਜ ਅੱਗੇ ਮੁੱਖ ਕੰਮ ਇਹ ਤੈਅ ਕਰਨਾ ਹੋਵੇਗਾ ਕਿ ਸੂਬਾਈ ਐਸੋਸੀਏਸ਼ਨਾਂ ਦੇ ਵਿਰੋਧੀ ਧੜੇ 'ਚੋਂ ਕਿਹੜਾ ਧੜਾ ਚੋਣ ਲੜੇਗਾ। ਕਥਿਤ ਤੌਰ 'ਤੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਹਰਿਆਣਾ ਅਤੇ ਕਰਨਾਟਕ ਦੀਆਂ ਦੋ ਵੱਖ-ਵੱਖ ਰਾਜ ਇਕਾਈਆਂ ਨੇ ਚੋਣਾਂ ਲਈ ਵੋਟਰ ਸੂਚੀ ਲਈ ਨਾਮ ਭੇਜੇ ਹਨ। WFI ਨੇ 'ਭ੍ਰਿਸ਼ਟਾਚਾਰ ਅਤੇ ਕੁਪ੍ਰਬੰਧ' ਸਮੇਤ ਕਈ ਕਾਰਨਾਂ ਕਰਕੇ ਜੂਨ 2022 ਵਿਚ ਆਪਣੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਆਪਣੀਆਂ ਕਰਨਾਟਕ, ਹਰਿਆਣਾ ਅਤੇ ਮਹਾਰਾਸ਼ਟਰ ਇਕਾਈਆਂ ਨੂੰ ਭੰਗ ਕਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - BSF ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਇਕ ਹੋਰ ਡਰੋਨ ਨੂੰ ਮਾਰ ਮੁਕਾਇਆ
ਬ੍ਰਿਜ ਭੂਸ਼ਣ ਦੇ ਪਰਿਵਾਰ ਨੂੰ ਚੋਣ ਲੜਣ ਦੀ ਇਜਾਜ਼ਤ ਨਹੀਂ
ਚੋਣ ਵਿਚ ਇੱਕ ਹੋਰ ਵੱਡਾ ਮੁੱਦਾ ਇਹ ਹੋਵੇਗਾ ਕਿ ਕੀ WFI ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਜਾਂ ਸਹਿਯੋਗੀਆਂ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਬ੍ਰਿਜ ਭੂਸ਼ਣ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਜਾਂ ਸਹਿਯੋਗੀ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦੇਵੇਗੀ। ਇਹ ਵੇਖਣਾ ਹੋਵੇਗਾ ਕਿ ਜਦੋਂ ਬ੍ਰਿਜ ਭੂਸ਼ਣ ਨਾਲ ਸਬੰਧਤ ਕੋਈ ਯੋਗ ਵਿਅਕਤੀ ਚੋਣ ਲਈ ਨਾਮਜ਼ਦਗੀ ਭਰਦਾ ਹੈ ਤਾਂ ਕੀ ਹੋਵੇਗਾ। ਬ੍ਰਿਜ ਭੂਸ਼ਣ ਦਾ ਪੁੱਤਰ ਕਰਨ WFI ਦੇ ਪਿਛਲੇ ਢਾਂਚੇ ਵਿਚ ਉਪ-ਪ੍ਰਧਾਨ ਸੀ ਅਤੇ ਉੱਤਰ ਪ੍ਰਦੇਸ਼ ਕੁਸ਼ਤੀ ਫੈਡਰੇਸ਼ਨ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਦਾ ਜਵਾਈ ਵਿਸ਼ਾਲ ਸਿੰਘ ਬਿਹਾਰ ਰੈਸਲਿੰਗ ਫੈਡਰੇਸ਼ਨ ਦਾ ਪ੍ਰਧਾਨ ਹੈ। ਦੋਵੇਂ ਰਾਜ ਐਸੋਸੀਏਸ਼ਨ ਦੇ ਪ੍ਰਤੀਨਿਧੀ ਵਜੋਂ ਚੋਣ ਲੜਨ ਦੇ ਯੋਗ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।