ਅੱਤਵਾਦੀ ਸੰਗਠਨ ਜਿੰਨਾ ਮਰਜ਼ੀ ਲੁਕਣ ਦੀ ਕੋਸ਼ਿਸ਼ ਕਰ ਲੈਣ, ਲੱਭ ਕੇ ਦਿਆਂਗੇ ਸਜ਼ਾ : ਮੋਦੀ
Saturday, Feb 16, 2019 - 11:17 PM (IST)

ਯਵਤਮਾਲ (ਮਹਾਰਾਸ਼ਟਰ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਜਮ ਬਣਾਈ ਰੱਖਣ ਅਤੇ ਸੁਰੱਖਿਆ ਫੋਰਸਾਂ ’ਤੇ ਭਰੋਸਾ ਕਾਇਮ ਰੱਖਣ ਦੀ ਅਪੀਲ ਕਰਦਿਆ ਸ਼ਨੀਵਾਰ ਕਿਹਾ ਕਿ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਪੁਲਵਾਮਾ ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਸਜ਼ਾ ਦੇਣ ਦੀ ਪੂਰੀ ਆਜ਼ਾਦੀ ਦਿੱਤੀ ਗਈ ਹੈ।
ਇਥੇ ਵੱਖ-ਵੱਖ ਯੋਜਨਾਵਾਂ ਸ਼ੁਰੂ ਕਰਨ ਲਈ ਪੁੱਜੇ ਮੋਦੀ ਨੇ ਇਕ ਜਲਸੇ ’ਚ ਕਿਹਾ ਕਿ ਪਾਕਿਸਤਾਨ ਅੱਤਵਾਦ ਦਾ ਸਮ-ਅਰਥਕ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਦੇਸ਼ ਜੋ ਭਾਰਤ ਦੀ ਵੰਡ ਤੋਂ ਬਾਅਦ ਹੋਂਦ ’ਚ ਆਇਆ, ਅੱਜਕਲ ਅੱਤਵਾਦੀ ਸਰਗਰਮੀਆਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਉਹ ਖੁਦ ਦੀਵਾਲੀਆ ਹੋਣ ਦੇ ਕੰਢੇ ’ਤੇ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਦੇ ਸ਼ਹੀਦਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਏਗੀ। ਅੱਤਵਾਦੀ ਸੰਗਠਨ ਜਿੰਨਾ ਮਰਜ਼ੀ ਲੁਕਣ ਦੀ ਕੋਸ਼ਿਸ਼ ਕਰ ਲੈਣ, ਨੂੰ ਅਸੀਂ ਲੱਭ ਕੇ ਉਨ੍ਹਾਂ ਦੇ ਅਪਰਾਧਾਂ ਦੀ ਸਜ਼ਾ ਦਿਆਂਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਪੁਲਵਾਮਾ ਦੇ ਸ਼ਹੀਦਾਂ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਾਂ। ਉਨ੍ਹਾਂ ਇਥੇ 2 ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਇਕ ਟਰੇਨ ਸੇਵਾ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਵੀ ਕੀਤਾ।