ਬੇਭਰੋਸਗੀ ਮਤਾ ਤੋਂ ਪਹਿਲਾਂ ਮੁੱਖ ਮੰਤਰੀ ਖੱਟੜ ਬੋਲੇ- ‘ਅਸੀਂ ਬਿਲਕੁਲ ਭਰੋਸੇਮੰਦ ਹਾਂ’
Wednesday, Mar 10, 2021 - 12:27 PM (IST)
ਹਰਿਆਣਾ— ਕਿਸਾਨ ਅੰਦੋਲਨ ਦੇ ਬਹਾਨੇ ਕਾਂਗਰਸ ਨੇ ਹਰਿਆਣਾ ਦੀ ਭਾਜਪਾ-ਜੇ. ਜੇ. ਪੀ. ਗਠਜੋੜ ਵਾਲੀ ਖੱਟੜ ਸਰਕਾਰ ਨੂੰ ਘੇਰਨ ਲਈ ਬੇਭਰੋਸਗੀ ਮਤੇ ਦਾ ਦਾਅ ਖੇਡਿਆ ਹੈ, ਜਿਸ ’ਤੇ ਬੁੱਧਵਾਰ ਯਾਨੀ ਕਿ ਅੱਜ ਚਰਚਾ ਹੋਣੀ ਹੈ। ਕਾਂਗਰਸ ਵਲੋਂ ਲਿਆਂਦੇ ਗਏ ਬੇਭਰੋਸਗੀ ਮਤੇ ਤੋਂ ਪਾਰ ਪਾਉਣ ਲਈ ਭਾਜਪਾ ਅਤੇ ਜੇ. ਜੇ. ਪੀ. ਦੋਹਾਂ ਹੀ ਪਾਰਟੀਆਂ ਨੇ ਆਪਣੇ-ਆਪਣੇ ਵਿਧਾਇਕਾਂ ਲਈ ਵਿ੍ਹਪ ਜਾਰੀ ਕਰ ਰੱਖਿਆ ਹੈ। ਭਾਜਪਾ ਅਤੇ ਜੇ. ਜੇ. ਪੀ. ਨੇ ਆਪਣੇ ਸਾਰੇ ਵਿਧਾਇਕਾਂ ਨੂੰ ਸਰਕਾਰ ਦੇ ਹੱਕ ਵਿਚ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਅਜਿਹੇ ਵਿਚ 55 ਵਿਧਾਇਕਾਂ ਦੇ ਸਮਰਥਨ ਨਾਲ ਚੱਲ ਰਹੀ ਖੱਟੜ ਸਰਕਾਰ ਨੂੰ ਉਮੀਦ ਹੈ ਕਿ ਕਾਂਗਰਸ ਨੂੰ ਸਫਲ ਨਹੀਂ ਹੋਣ ਦੇਵਾਂਗੇ।
ਬੇਭਰੋਸਗੀ ਮਤੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਅਸੀਂ ਬਿਲਕੁਲ ਭਰੋਸੇਮੰਦ ਹਾਂ, ਸਰਕਾਰ ਖ਼ਿਲਾਫ਼ ਜੋ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ, ਉਹ ਡਿੱਗੇਗਾ। ਸਰਕਾਰ ਜਿਸ ਬਹੁਮਤ ਨਾਲ ਬਣੀ ਸੀ, ਉਸ ਬਹੁਮਤ ਦੇ ਆਧਾਰ ’ਤੇ ਅਗਲੇ 4 ਸਾਲ ਹਰਿਆਣਾ ਦੀ ਜਨਤਾ ਦਾ ਭਰੋਸਾ ਜਿੱਤੇਗੀ। ਦਰਅਸਲ ਹਰਿਆਣਾ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀ ਪਰੰਪਰਾ ਪੁਰਾਣੀ ਹੈ। ਵਿਧਾਨ ਸਭਾ ਸੰਚਾਲਨ ਦੇ ਨਿਯਮ ਮੁਤਾਬਕ 65 ਤਹਿਤ 18 ਵਿਧਾਇਕ ਦਸਤਖ਼ਤ ਕਰ ਕੇ ਸਰਕਾਰ ਦੀ ਕਿਸੇ ਨੀਤੀ, ਫ਼ੈਸਲੇ ਅਤੇ ਜਨਤਕ ਰੂਪ ਨਾਲ ਪ੍ਰਦਰਸ਼ਿਤ ਹੋ ਰਹੇ ਗਿਣਤੀ ਬਲ ਦੇ ਆਧਾਰ ’ਤੇ ਸਦਨ ਵਿਚ ਬੇਭਰੋਸਗੀ ਮਤਾ ਦੇ ਸਕਦੇ ਹਨ। ਇਸੇ ਆਧਾਰ ’ਤੇ ਕਈ ਵਾਰ ਬੇਭਰੋਸਗੀ ਮਤਾ ਲਿਆਂਦਾ ਜਾਂਦਾ ਹੈ ਅਤੇ ਸੱਤਾ ਪੱਖ ਹਮੇਸ਼ਾ ਹੀ ਇਸ ਤੋਂ ਪਾਰ ਪਾਉਣ ਵਿਚ ਸਫ਼ਲ ਰਿਹਾ ਹੈ।