ਕੇਰਲ ਪਹੁੰਚੇ ਰਾਹੁਲ-ਪ੍ਰਿਅੰਕਾ, ਵਾਇਨਾਡ ਦੇ ਪੀੜਤਾਂ ਨਾਲ ਕਰਨਗੇ ਮੁਲਾਕਾਤ, ਹੁਣ ਤੱਕ 264 ਲੋਕਾਂ ਦੀਆਂ ਗਈਆਂ ਜਾਨਾਂ

Thursday, Aug 01, 2024 - 02:02 PM (IST)

ਕੇਰਲ ਪਹੁੰਚੇ ਰਾਹੁਲ-ਪ੍ਰਿਅੰਕਾ, ਵਾਇਨਾਡ ਦੇ ਪੀੜਤਾਂ ਨਾਲ ਕਰਨਗੇ ਮੁਲਾਕਾਤ, ਹੁਣ ਤੱਕ 264 ਲੋਕਾਂ ਦੀਆਂ ਗਈਆਂ ਜਾਨਾਂ

ਵਾਇਨਾਡ- ਕਾਂਗਰਸ ਨੇਤਾ ਅਤੇ ਵਾਇਨਾਡ ਤੋਂ ਸਾਬਕਾ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਵੀਰਵਾਰ ਨੂੰ ਕੇਰਲ ਪਹੁੰਚੇ, ਜਿੱਥੇ ਵਾਇਨਾਡ ਜ਼ਿਲ੍ਹੇ ਦੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਇਲਾਕਿਆਂ ਵਿਚ ਬਣਾਏ ਗਏ ਵੱਖ-ਵੱਖ ਰਾਹਤ ਕੈਂਪਾਂ ਦਾ ਦੌਰਾ ਕਰਨਗੇ। ਇਸ ਦੌਰਾਨ ਦੋਵੇਂ ਵਾਇਨਾਡ ਵਿਚ ਪੀੜਤਾਂ ਨਾਲ ਮੁਲਾਕਾਤ ਕਰਨਗੇ। ਗਾਂਧੀ ਅਤੇ ਪ੍ਰਿਅੰਕਾ ਸਵੇਰੇ 9.30 ਵਜੇ ਕਨੂੰਰ ਹਵਾਈ ਅੱਡੇ ਉੱਤਰੇ ਅਤੇ ਫਿਰ ਸੜਕ ਮਾਰਗ ਤੋਂ ਵਾਇਨਾਡ ਪਹੁੰਚੇ।

ਪਾਰਟੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਜਲਦੀ ਹੀ ਇੱਥੇ ਮੇਪਾਡੀ ਪਹੁੰਚਣ ਦੀ ਉਮੀਦ ਹੈ। ਪਾਰਟੀ ਜਨਰਲ ਸਕੱਤਰ ਅਤੇ ਅਲਪੁੱਝਾ ਤੋਂ ਸੰਸਦ ਮੈਂਬਰ ਸੀ. ਵੇਣੂਗੋਪਾਲ ਵੀ ਉਨ੍ਹਾਂ ਨਾਲ ਹਨ। ਦੱਸ ਦੇਈਏ ਕਿ ਕੇਰਲ ਦੇ ਵਾਇਨਾਡ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 264 ਹੋ ਗਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਲਗਭਗ 200 ਲੋਕ ਅਜੇ ਵੀ ਲਾਪਤਾ ਹਨ।

 ਰਾਹੁਲ ਨੇ 2019 ਵਿਚ ਵਾਇਨਾਡ ਲੋਕ ਸਭਾ ਖੇਤਰ ਤੋਂ ਚੋਣ ਜਿੱਤੀ ਸੀ ਅਤੇ ਇਸ ਸਾਲ ਫਿਰ ਤੋਂ ਉਨ੍ਹਾਂ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿਚ ਰਾਏਬਰੇਲੀ ਲੋਕ ਸਭਾ ਤੋਂ ਵੀ ਜਿੱਤ ਹਾਸਲ ਕੀਤੀ ਹੈ, ਇਸ ਲਈ ਉਨ੍ਹਾਂ ਨੇ ਵਾਇਨਾਡ ਚੋਣ ਖੇਤਰ ਛੱਡ ਦਿੱਤਾ ਹੈ। ਇਸ ਸੀਟ 'ਤੇ ਜ਼ਿਮਨੀ ਚੋਣਾਂ ਹੋਣ 'ਤੇ ਪ੍ਰਿਅੰਕਾ ਦੇ ਚੋਣ ਲੜਨ ਦੀ ਉਮੀਦ ਹੈ। ਪਾਰਟੀ ਵਲੋਂ ਸਾਂਝਾ ਕੀਤੇ ਗਏ ਪ੍ਰੋਗਰਾਮ ਮੁਤਾਬਕ ਰਾਹੁਲ ਅਤੇ ਪ੍ਰਿਅੰਕਾ ਚੂਰਲਮਾਲਾ ਜ਼ਮੀਨ ਖਿਸਕਣ ਵਾਲੀ ਥਾਂ ਦੇ ਨਾਲ-ਨਾਲ ਕਮਿਊਨਿਟੀ ਸਿਹਤ ਕੇਂਦਰ, ਡਾ. ਮੂਪੇਨ ਮੈਡੀਕਲ ਕਾਲਜ ਅਤੇ ਮੇਪਾਡੀ ਵਿਚ ਦੋ ਰਾਹਤ ਕੈਂਪਾਂ ਦਾ ਦੌਰਾ ਕਰਨਗੇ। 


author

Tanu

Content Editor

Related News