ਵਾਇਨਾਡ ਹਾਦਸਾ: ਘੁੰਮਣ ਆਏ ਓਡੀਸ਼ਾ ਦੇ ਲਾਪਤਾ ਡਾਕਟਰ ਦੀ ਲਾਸ਼ ਬਰਾਮਦ, ਦੂਜੇ ਦੀ ਭਾਲ ਜਾਰੀ
Wednesday, Jul 31, 2024 - 05:25 PM (IST)
ਭੁਵਨੇਸ਼ਵਰ- ਕੇਰਲ ਦੇ ਵਾਇਨਾਡ 'ਚ ਜ਼ਮੀਨ ਖਿਸਕਣ ਕਾਰਨ ਲਾਪਤਾ ਹੋਏ ਓਡੀਸ਼ਾ ਦੇ ਦੋ ਡਾਕਟਰਾਂ 'ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਇਹ ਜਾਣਕਾਰੀ ਮਾਲੀਆ ਅਤੇ ਆਫ਼ਤ ਪ੍ਰਬੰਧਨ ਮੰਤਰੀ ਸੁਰੇਸ਼ ਪੁਜਾਰੀ ਨੇ ਬੁੱਧਵਾਰ ਨੂੰ ਇੱਥੇ ਦਿੱਤੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਸੁਰੇਸ਼ ਪੁਜਾਰੀ ਨੇ ਦੋ ਡਾਕਟਰਾਂ ਦੀ ਪਛਾਣ ਬਿਸ਼ਨੂ ਪ੍ਰਸਾਦ ਚਿਨਾਰਾ ਅਤੇ ਸਵਾਧੀਨ ਪਾਂਡਾ ਵਜੋਂ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਬਿਸ਼ਨੂ ਪ੍ਰਸਾਦ ਚਿਨਾਰਾ ਦੀ ਲਾਸ਼ ਮਿਲੀ ਹੈ। ਦੱਸ ਦੇਈਏ ਕਿ ਵਾਇਨਾਡ ਵਿਚ ਜ਼ਮੀਨ ਖਿਸਕਣ ਕਾਰਨ 180 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਜ਼ਮੀਨ ਖਿਸਕਣ ਨਾਲ ਜ਼ਖ਼ਮੀ ਹੋਈ ਬਿਸ਼ਨੂ ਪ੍ਰਸਾਦ ਦੀ ਪਤਨੀ ਪ੍ਰਿਯਦਰਸ਼ਨੀ ਪਾਲ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਮ੍ਰਿਤਕ ਬਿਸ਼ਨੂ ਪ੍ਰਸਾਦ ਕਟਕ ਜ਼ਿਲ੍ਹੇ ਦੇ ਚੌਦਵਾਰ ਇਲਾਕੇ 'ਚ ਹਾਊਸਿੰਗ ਬੋਰਡ ਕਾਲੋਨੀ ਦਾ ਵਸਨੀਕ ਸੀ। ਦਰਅਸਲ ਬਿਸ਼ਨੂ ਪ੍ਰਸਾਦ ਉਸ ਦੀ ਪਤਨੀ ਪ੍ਰਿਯਦਰਸ਼ਨੀ ਅਤੇ ਦੋਸਤ ਡਾਕਟਰ ਸਵਾਧੀਨ ਪਾਂਡਾ ਅਤੇ ਸਵਿਕ੍ਰਿਤੀ ਮਹਾਪਾਤਰਾ 26 ਜੁਲਾਈ ਨੂੰ ਕੇਰਲ ਘੁੰਮਣ ਆਏ ਹੋਏ ਸਨ। ਉਹ ਵਾਇਨਾਡ ਦੇ ਇਕ ਹੋਟਲ ਵਿਚ ਠਹਿਰੇ ਹੋਏ ਸਨ ਜਦੋਂ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ।
ਮੰਤਰੀ ਨੇ ਦੱਸਿਆ ਕਿ ਝਾਰਸੁਗੁਡਾ ਜ਼ਿਲ੍ਹੇ ਦੇ ਬਹਿਰਾਮਲ ਖੇਤਰ ਦੇ ਓ. ਐੱਮ. ਪੀ ਚੌਕ ਦੀ ਵਸਨੀਕ ਸਵਿਕ੍ਰਿਤੀ ਮਹਾਪਾਤਰਾ ਜ਼ਮੀਨ ਖਿਸਕਣ ਕਾਰਨ ਜ਼ਖਮੀ ਹੋ ਗਈ। ਉਸ ਦੀ ਹਾਲਤ ਸਥਿਰ ਹੈ ਅਤੇ ਕੇਰਲ ਦੇ ਇਕ ਹਸਪਤਾਲ 'ਚ ਜੇਰੇ ਇਲਾਜ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਮੁੜ ਸ਼ਨਾਖਤ ਕਰਨ ਅਤੇ ਹੋਰ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਬਿਸ਼ਨੂ ਪ੍ਰਸਾਦ ਚਿਨਾਰਾ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਪ੍ਰਬੰਧ ਕਰੇਗੀ। ਮੰਤਰੀ ਪੁਜਾਰਾ ਨੇ ਕਿਹਾ ਕਿ ਇਕ ਪ੍ਰਸ਼ਾਸਨਿਕ ਅਧਿਕਾਰੀ, ਦਲੀਪ ਕੁਮਾਰ ਰਾਊਤਰੇ, ਇਕ ਡਾਕਟਰ ਦੇ ਨਾਲ ਕੇਰਲ ਭੇਜਿਆ ਗਿਆ ਹੈ, ਜੋ ਹਸਪਤਾਲ 'ਚ ਜ਼ਖਮੀਆਂ ਦੀ ਸਿਹਤ ਦੀ ਜਾਂਚ ਕਰੇਗਾ ਅਤੇ ਲਾਸ਼ ਨੂੰ ਓਡੀਸ਼ਾ ਵਾਪਸ ਭੇਜਣ ਦੇ ਪ੍ਰਬੰਧ ਵੀ ਕਰੇਗਾ। ਡਾਕਟਰ ਸਵਾਧੀਨ ਪਾਂਡਾ ਦੀ ਸੁਰੱਖਿਅਤ ਵਾਪਸੀ ਦੀ ਉਮੀਦ ਕੀਤੀ ਅਤੇ ਪ੍ਰਾਰਥਨਾ ਕੀਤੀ, ਜੋ ਅਜੇ ਵੀ ਵਾਇਨਾਡ 'ਚ ਲਾਪਤਾ ਹੈ। ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਮਾਮਲੇ 'ਤੇ ਕੇਰਲ ਸਰਕਾਰ ਦੇ ਸੰਪਰਕ 'ਚ ਹੈ। ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਬਿਸ਼ਨੂ ਪ੍ਰਸਾਦ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ।