ਚੋਨ ਲੱਗਾ ਤਾਜ ਮਹਿਲ, ਥਾਂ-ਥਾਂ ਭਰ ਗਿਆ ਪਾਣੀ

Saturday, Sep 14, 2024 - 01:10 PM (IST)

ਚੋਨ ਲੱਗਾ ਤਾਜ ਮਹਿਲ, ਥਾਂ-ਥਾਂ ਭਰ ਗਿਆ ਪਾਣੀ

ਆਗਰਾ (ਭਾਸ਼ਾ)- ਆਗਰਾ 'ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਤਾਜ ਮਹਿਲ ਦੇ ਮੁੱਖ ਗੁੰਬਦ 'ਚੋਂ ਪਾਣੀ ਲੀਕ ਹੋ ਰਿਹਾ ਹੈ, ਜਦਕਿ ਕੰਪਲੈਕਸ ਸਥਿਤ ਇਕ ਬਗੀਚੇ 'ਚ ਪਾਣੀ ਭਰ ਗਿਆ ਹੈ। ਤਾਜ ਮਹਿਲ ਕੰਪਲੈਕਸ 'ਚ ਡੁੱਬੇ ਬਾਗ ਦਾ ਇਕ ਕਥਿਤ ਵੀਡੀਓ ਵੀਰਵਾਰ ਨੂੰ ਵਾਇਰਲ ਹੋਇਆ ਸੀ। ਆਗਰਾ ਡਿਵੀਜ਼ਨ ਦੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਗੁੰਬਦ ਲੀਕ ਹੋ ਰਿਹਾ ਹੈ ਪਰ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਆਗਰਾ ਡਿਵੀਜ਼ਨ ਦੇ ਸੁਪਰਡੈਂਟ ਪੁਰਾਤੱਤਵ ਵਿਗਿਆਨੀ ਰਾਜਕੁਮਾਰ ਪਟੇਲ ਨੇ ਤਾਜ ਮਹਿਲ ਦੇ ਮੁੱਖ ਗੁੰਬਦ ਤੋਂ ਲੀਕੇਜ ਬਾਰੇ ਦੱਸਿਆ,“ਹਾਂ, ਅਸੀਂ ਤਾਜ ਮਹਿਲ ਦੇ ਮੁੱਖ ਗੁੰਬਦ ਤੋਂ ਰਿਸਾਅ ਦੇਖਿਆ ਹੈ। ਉਸ ਤੋਂ ਬਾਅਦ ਜਦੋਂ ਅਸੀਂ ਮੁਆਇਨਾ ਕੀਤਾ ਤਾਂ ਪਤਾ ਲੱਗਾ ਕਿ ਇਹ ਗਿੱਲੇ ਹੋਣ ਕਾਰਨ ਹੋਇਆ ਹੈ ਅਤੇ ਮੁੱਖ ਗੁੰਬਦ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਅਸੀਂ ਡਰੋਨ ਕੈਮਰਿਆਂ ਰਾਹੀਂ ਮੁੱਖ ਗੁੰਬਦ ਦਾ ਮੁਆਇਨਾ ਕੀਤਾ।''

ਵੀਰਵਾਰ ਸ਼ਾਮ ਨੂੰ 20 ਸਕਿੰਟ ਦਾ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਇਆ ਸੀ, ਜਿਸ 'ਚ ਤਾਜ ਮਹਿਲ ਦਾ ਇਕ ਬਗੀਚਾ ਮੀਂਹ ਦੇ ਪਾਣੀ 'ਚ ਡੁੱਬਿਆ ਹੋਇਆ ਦਿਖਾਈ ਦੇ ਰਿਹਾ ਹੈ। ਸਰਕਾਰ ਤੋਂ ਮਾਨਤਾ ਪ੍ਰਾਪਤ 'ਟੂਰ ਗਾਈਡ' ਵਜੋਂ ਤਾਇਨਾਤ ਸਥਾਨਕ ਵਾਸੀ ਮੋਨਿਕਾ ਸ਼ਰਮਾ ਨੇ ਕਿਹਾ ਕਿ ਤਾਜ ਮਹਿਲ ਆਗਰਾ ਅਤੇ ਪੂਰੇ ਦੇਸ਼ ਦਾ ਮਾਣ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੈਂਕੜੇ ਸਥਾਨਕ ਲੋਕਾਂ ਅਤੇ ਸੈਰ-ਸਪਾਟਾ ਉਦਯੋਗ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਸ਼ਰਮਾ ਨੇ ਕਿਹਾ,''ਇਸ ਸਮਾਰਕ ਦੀ ਉੱਚਿਤ ਦੇਖਭਾਲ ਦੀ ਜਾਣੀ ਚਾਹੀਦੀ, ਕਿਉਂਕਿ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਲਈ ਇਹ ਇਕਮਾਤਰ ਉਮੀਦ ਹੈ।'' ਆਗਰਾ 'ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਲਗਾਤਾਰ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 'ਚ ਪਾਣੀ ਭਰ ਗਿਆ ਹੈ, ਫਸਲਾਂ ਪਾਣੀ 'ਚ ਡੁੱਬ ਗਈਆਂ ਹਨ ਅਤੇ ਸ਼ਹਿਰ ਦੇ ਪਾਸ਼ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਆਗਰਾ ਪ੍ਰਸ਼ਾਸਨ ਨੇ ਮੀਂਹ ਕਾਰਨ ਸਾਰੇ ਸਕੂਲ ਬੰਦ ਕਰਨ ਦਾ ਆਦੇਸ਼ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News