ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਹਰਿਆਣਾ ਦੇ ਵਿਕਾਸ ਨੂੰ ਦਾਅ ''ਤੇ ਲਾਉਣਾ: PM ਮੋਦੀ

Wednesday, Sep 25, 2024 - 03:20 PM (IST)

ਸੋਨੀਪਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਪਾਰਟੀ ਗਲਤੀ ਨਾਲ ਵੀ ਸੱਤਾ 'ਚ ਆ ਗਈ ਤਾਂ ਇਹ ਸੂਬੇ ਨੂੰ ਬਰਬਾਦ ਕਰ ਦੇਵੇਗੀ। 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਗੁਹਾਨਾ 'ਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਦੇਣ ਦਾ ਮਤਲਬ ਹਰਿਆਣਾ ਦੀ ਸਥਿਰਤਾ ਅਤੇ ਵਿਕਾਸ ਨੂੰ ਦਾਅ ’ਤੇ ਲਾਉਣਾ ਹੈ।

ਪ੍ਰਧਾਨ ਮੰਤਰੀ ਨੇ ਰਾਖਵੇਂਕਰਨ ਦੇ ਮੁੱਦੇ 'ਤੇ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਾਇਆ ਕਿ ਇਸ ਨੇ ਹਮੇਸ਼ਾ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਨੂੰ ਭਾਗੀਦਾਰੀ ਤੋਂ ਵਾਂਝਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸ਼ਾਹੀ ਪਰਿਵਾਰ 'ਚੋਂ ਜੋ ਵੀ ਪ੍ਰਧਾਨ ਮੰਤਰੀ ਬਣਿਆ ਹੈ, ਉਸ ਨੇ ਹਮੇਸ਼ਾ ਰਾਖਵੇਂਕਰਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਖਵੇਂਕਰਨ ਦਾ ਵਿਰੋਧ ਅਤੇ ਰਾਖਵੇਂਕਰਨ ਦੀ ਨਫ਼ਰਤ ਕਾਂਗਰਸ ਦੇ DNA ਵਿਚ ਹੈ। ਬਾਬਾ ਸਾਹਿਬ ਅੰਬੇਡਕਰ ਨੇ ਦਲਿਤਾਂ ਨੂੰ ਰਾਖਵਾਂਕਰਨ ਦਿੱਤਾ ਸੀ, ਨਹੀਂ ਤਾਂ ਓ. ਬੀ. ਸੀ. ਵਾਂਗ ਦਲਿਤਾਂ ਨੂੰ ਵੀ ਰਾਖਵੇਂਕਰਨ ਲਈ ਕਾਂਗਰਸ ਦੀ ਹਾਰ ਦੀ ਉਡੀਕ ਕਰਨੀ ਪੈਂਦੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ-ਜਦੋਂ ਵੀ ਕਾਂਗਰਸ ਸੱਤਾ ਤੋਂ ਦੂਰ ਹੋਈ ਹੈ, ਉਦੋਂ-ਉਦੋਂ ਗਰੀਬਾਂ ਨੂੰ, ਐਸ.ਸੀ., ਐਸ.ਟੀ ਅਤੇ ਓ.ਬੀ.ਸੀ. ਨੂੰ ਉਨ੍ਹਾਂ ਦਾ ਹੱਕ ਮਿਲਿਆ ਹੈ। ਜਦੋਂ ਵੀ ਕਾਂਗਰਸ ਦੀ ਸਰਕਾਰ ਰਹੀ ਹੈ, ਉਸ ਨੇ ਦਲਿਤਾਂ ਅਤੇ ਪਛੜੇ ਵਰਗਾਂ ਦੇ ਹੱਕ ਖੋਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਿਵੇਂ-ਜਿਵੇਂ ਹਰਿਆਣਾ 'ਚ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ, ਭਾਜਪਾ ਦਾ ਸਮਰਥਨ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕਾਰਜਕਾਲ ਦੌਰਾਨ ਹਰਿਆਣਾ ਨੇ ਉਦਯੋਗ ਅਤੇ ਖੇਤੀ ਦੇ ਖੇਤਰ 'ਚ ਚੋਟੀ ਦੇ ਸੂਬਿਆਂ 'ਚ ਥਾਂ ਬਣਾਈ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਭਾਰਤ 'ਚ ਫੈਕਟਰੀਆਂ ਲਗਾਉਣ ਵਿਚ ਦਿਲਚਸਪੀ ਲੈ ਰਹੀਆਂ ਹਨ। ਅੰਬੇਡਕਰ ਦਾ ਮੰਨਣਾ ਸੀ ਕਿ ਉਦਯੋਗ ਦਲਿਤਾਂ ਦੇ ਸਸ਼ਕਤੀਕਰਨ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ।


Tanu

Content Editor

Related News