ਸ਼ਿਮਲਾ ਨਗਰ ਨਿਗਮ ਦੇ 34 ਵਾਰਡਾਂ ਲਈ ਵੋਟਿੰਗ ਜਾਰੀ, 102 ਉਮੀਦਵਾਰ ਚੋਣ ਮੈਦਾਨ ''ਚ
Tuesday, May 02, 2023 - 12:03 PM (IST)
ਸ਼ਿਮਲਾ- ਸ਼ਿਮਲਾ 'ਚ ਨਗਰ ਨਿਗਮ ਦੇ 34 ਵਾਰਡਾਂ ਲਈ ਮੰਗਲਵਾਰ ਯਾਨੀ ਕਿ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ। ਇਸ ਲਈ 102 ਉਮੀਦਵਾਰ ਦੌੜ ਵਿਚ ਹਨ। ਚੋਣਾਂ ਵਿਚ 93,920 ਵੋਟਰ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿਚੋਂ 49,759 ਪੁਰਸ਼ ਅਤੇ 44,161 ਔਰਤਾਂ ਸ਼ਾਮਲ ਹਨ। ਕਾਂਗਰਸ ਨੇ 34 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਹਨ, ਉੱਥੇ ਹੀ ਆਮ ਆਦਮੀ ਪਾਰਟੀ ਨੇ 21 ਅਤੇ ਮਾਕਸਵਾਦੀ ਕਮਿਊਨਿਸਟ ਪਾਰਟੀ ਨੇ 4 ਸੀਟਾਂ 'ਤੇ ਉਮੀਦਵਾਰ ਉਤਾਰੇ ਹਨ। ਸ਼ਿਮਲਾ ਨਗਰ ਨਿਗਮ ਚੋਣਾਂ ਦਾ ਫ਼ੈਸਲਾ ਵੀਰਵਾਰ ਯਾਨੀ ਕਿ 4 ਮਈ ਨੂੰ ਆਵੇਗਾ।
ਦੱਸ ਦਈਏ ਕਿ ਨਗਰ ਨਿਗਮ ਦੇ 5 ਸਾਲ ਦਾ ਕਾਰਜਕਾਲ ਜੂਨ 2022 'ਚ ਖ਼ਤਮ ਹੋ ਗਿਆ ਸੀ ਪਰ ਚੋਣਾਂ ਕਰਾਉਣ 'ਚ 11 ਮਹੀਨੇ ਦੀ ਦੇਰੀ ਹੋਈ। ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਾਲੇ ਹੈ। ਦੋਹਾਂ ਪਾਰਟੀਆਂ ਦੇ ਵਰਕਰ ਸਵੇਰ ਤੋਂ ਹੀ ਵੋਟਰਾਂ ਨੂੰ ਵੋਟਿੰਗ ਕੇਂਦਰਾਂ 'ਚ ਜਾਣ ਲਈ ਪ੍ਰੇਰਿਤ ਕਰਦੇ ਨਜ਼ਰ ਆਏ। ਇਹ ਚੋਣਾਂ ਕਾਂਗਰਸ ਅਤੇ ਭਾਜਪਾ ਦੋਹਾਂ ਲਈ ਅਹਿਮ ਹਨ। ਕਾਂਗਰਸ ਨੇ ਸ਼ਿਮਲਾ ਦੀ ਜਨਤਾ ਨੂੰ ਬਹੁ-ਮੰਜ਼ਿਲਾ ਇਮਾਰਤਾਂ ਦੇ ਨਿਯਮ ਲਈ ਨੀਤੀਆਂ ਬਣਾਉਣ ਦਾ ਵਾਅਦਾ ਕੀਤਾ ਹੈ। ਉੱਥੇ ਹੀ ਭਾਜਪਾ ਨੇ ਹਰ ਘਰ ਵਿਚ ਹਰ ਮਹੀਨੇ 40,000 ਲਿਟਰ ਮੁਫ਼ਤ ਪਾਣੀ ਦੇਣ ਦਾ 'ਇਕ ਨਿਗਮ, ਇਕ ਟੈਕਸ' ਨੀਤੀ ਲਿਆਉਣ ਦਾ ਵਾਅਦਾ ਕੀਤਾ ਹੈ।
ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਸਾਰੇ ਸ਼ਿਮਲਾ ਸ਼ਹਿਰੀ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਗਰ ਨਿਗਮ ਸ਼ਿਮਲਾ ਚੋਣਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਵੋਟ ਉਸ ਨੂੰ ਦਿਓ, ਜੋ ਕੰਮ ਕਰੇ। ਕਾਂਗਰਸ ਦਾ ਇਕ ਹੀ ਨਾਅਰਾ। ਸੁੰਦਰ ਬਣੇ ਸ਼ਿਮਲਾ ਸਾਡਾ।