ਪੱਛਮੀ ਬੰਗਾਲ ’ਚ ਫਾਲਤਾ ਸੀਟ ’ਤੇ ਵੀ ਵੋਟਿੰਗ ਰੱਦ, 21 ਮਈ ਨੂੰ ਸਾਰੇ 285 ਬੂਥਾਂ ’ਤੇ ਦੁਬਾਰਾ ਪੈਣਗੀਆਂ ਵੋਟਾਂ
Saturday, May 02, 2026 - 11:56 PM (IST)
ਕੋਲਕਾਤਾ- ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੱਖਣੀ 24 ਪਰਗਨਾ ਜ਼ਿਲ੍ਹੇ ਦੀ ਫਲਤਾ ਵਿਧਾਨ ਸਭਾ ਸੀਟ 'ਤੇ ਹੋਈਆਂ ਗੰਭੀਰ ਬੇਨਿਯਮੀਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ਕਮਿਸ਼ਨ ਨੇ 29 ਅਪ੍ਰੈਲ 2026 ਨੂੰ ਹੋਈ ਵੋਟਿੰਗ ਨੂੰ ਰੱਦ ਕਰ ਦਿੱਤਾ ਹੈ ਅਤੇ ਹੁਣ ਇਸ ਸੀਟ ਦੇ ਸਾਰੇ 285 ਪੋਲਿੰਗ ਬੂਥਾਂ 'ਤੇ 21 ਮਈ ਨੂੰ ਦੁਬਾਰਾ ਵੋਟਿੰਗ ਕਰਵਾਈ ਜਾਵੇਗੀ।
EVM ਨਾਲ ਛੇੜਛਾੜ ਦੇ ਲੱਗੇ ਸੀ ਇਲਜ਼ਾਮ
ਸੂਤਰਾਂ ਅਨੁਸਾਰ, 29 ਅਪ੍ਰੈਲ ਨੂੰ ਹੋਈ ਵੋਟਿੰਗ ਦੌਰਾਨ ਫਲਤਾ ਸੀਟ 'ਤੇ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਕਰਨ ਅਤੇ ਉਨ੍ਹਾਂ 'ਤੇ ਟੇਪ ਚਿਪਕਾਉਣ ਵਰਗੀਆਂ ਗੰਭੀਰ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਚੋਣ ਕਮਿਸ਼ਨ ਨੇ ਇਨ੍ਹਾਂ ਘਟਨਾਵਾਂ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਮੰਨਦਿਆਂ ਇਹ ਸਖ਼ਤ ਕਦਮ ਚੁੱਕਿਆ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਨਿਰਦੇਸ਼ਾਂ 'ਤੇ ਸਪੈਸ਼ਲ ਆਬਜ਼ਰਵਰ ਸੁਬਰਤ ਗੁਪਤਾ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਇਹ ਫੈਸਲਾ ਲਿਆ ਗਿਆ ਹੈ।
ਚੋਣ ਕਮਿਸ਼ਨ ਅਨੁਸਾਰ, ਸੂਬੇ ਦੀਆਂ ਬਾਕੀ 293 ਸੀਟਾਂ ਲਈ ਵੋਟਾਂ ਦੀ ਗਿਣਤੀ ਪਹਿਲਾਂ ਤੋਂ ਤੈਅ ਸਮੇਂ ਅਨੁਸਾਰ 4 ਮਈ ਨੂੰ ਹੀ ਹੋਵੇਗੀ। ਹਾਲਾਂਕਿ, ਫਲਤਾ ਸੀਟ 'ਤੇ ਦੁਬਾਰਾ ਵੋਟਿੰਗ ਹੋਣ ਕਾਰਨ ਇੱਥੇ ਵੋਟਾਂ ਦੀ ਗਿਣਤੀ 24 ਮਈ 2026 ਨੂੰ ਹੋਵੇਗੀ। 21 ਮਈ ਨੂੰ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।
Election Comission of India (ECI) directs that fresh polls shall be conducted in all the 285 polling stations, including Auxiliary polling stations, in 144-Falta Assembly Constituency, between 7 AM and 6 PM on 21st May 2026, and counting of votes will take place on 24th May 2026:… pic.twitter.com/lMZsfuPbdZ
— ANI (@ANI) May 2, 2026
ਫਲਤਾ ਵਿੱਚ ਚੋਣਾਂ ਦੌਰਾਨ ਅਤੇ ਉਸ ਤੋਂ ਬਾਅਦ ਵੀ ਕਾਫ਼ੀ ਤਣਾਅ ਦੇਖਣ ਨੂੰ ਮਿਲਿਆ। ਭਾਜਪਾ ਵਰਕਰਾਂ ਨੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਜਹਾਂਗੀਰ ਖਾਨ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਵੋਟਰਾਂ ਨੂੰ ਡਰਾਉਣ-ਧਮਕਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ। ਇਸ ਮਾਮਲੇ ਵਿੱਚ ਕਮਿਸ਼ਨ ਦੇ ਸਖ਼ਤ ਰੁਖ਼ ਤੋਂ ਬਾਅਦ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਈਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ।
