ਵਿਸ਼ਾਖਾਪਟਨਮ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਕਈ ਲੋਕ ਬੀਮਾਰ, 7 ਦੀ ਮੌਤ

05/07/2020 11:00:29 AM

ਵਿਸ਼ਾਖਾਪਟਨਮ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਇੱਕ ਫਾਰਮਾ ਕੰਪਨੀ ਵਿਚ ਵੀਰਵਾਰ ਸਵੇਰੇ ਗੈਸ ਲੀਕ ਹੋ ਗਈ। ਸਥਾਨਕ ਪ੍ਰਸ਼ਾਸਨ ਅਤੇ ਨੇਵੀ ਨੇ ਫੈਕਟਰੀ ਦੇ ਨੇੜਲੇ ਪਿੰਡਾਂ ਨੂੰ ਖਾਲੀ ਕਰਵਾ ਲਿਆ ਹੈ। ਇਸ ਜ਼ਹਿਰੀਲੀ ਗੈਸ ਕਾਰਨ ਫੈਕਟਰੀ ਦੇ ਤਿੰਨ ਕਿਲੋਮੀਟਰ ਦੇ ਇਲਾਕੇ ਪ੍ਰਭਾਵਿਤ ਹਨ। ਫਿਲਹਾਲ, ਪੰਜ ਪਿੰਡ ਖਾਲੀ ਕਰਵਾ ਲਏ ਗਏ ਹਨ। ਸੈਂਕੜੇ ਲੋਕ ਸਿਰ ਦਰਦ, ਉਲਟੀਆਂ ਅਤੇ ਸਾਹ ਲੈਣ ਵਿਚ ਮੁਸ਼ਕਲ ਹੋਣ ਕਾਰਨ ਹਸਪਤਾਲ ਪਹੁੰਚ ਰਹੇ ਹਨ।

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਘਟਨਾ ਬਾਰੇ ਜਾਣਕਾਰੀ ਲਈ ਹੈ ਅਤੇ ਜ਼ਿਲ੍ਹਾ ਕਲੈਕਟਰ ਨੂੰ ਇਹ ਸੁਨਿਸ਼ਚਿਤ ਕਰਨ ਦਾ ਹੁਕਮ ਦਿੱਤਾ ਹੈ ਕਿ ਪ੍ਰਭਾਵਿਤ ਲੋਕਾਂ ਨੂੰ ਚੰਗਾ ਇਲਾਜ ਮਿਲ ਸਕੇ। 

ਜਾਣਕਾਰੀ ਮੁਤਾਬਕ ਇਕ ਵਿਅਕਤੀ ਨੇ ਗੈਸ ਤੋਂ ਬਚਣ ਲਈ ਖੂਹ ਵਿਚ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹੁਣ ਤੱਕ ਕੁੱਲ 7 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਤੇ ਵੱਡੀ ਗਿਣਤੀ ਵਿਚ ਲੋਕ ਹਸਪਤਾਲਾਂ ਵਿਚ ਭਰਤੀ ਹਨ। ਇਨ੍ਹਾਂ ਵਿਚ ਜ਼ਿਆਦਾਤਰ ਬਜ਼ੁਰਗ ਅਤੇ ਬੱਚੇ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ 100 ਤੋਂਂ ਵੱਧ ਵਿਅਕਤੀਆਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। 

PunjabKesari

ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋ ਰਹੀ ਹੈ, ਉਨ੍ਹਾਂ ਨੂੰ ਆਕਸੀਜਨ ਸਪੋਰਟ ਦਿੱਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਤੜਕੇ ਆਰ.ਆਰ. ਵੈਂਕਟਪੁਰਮ ਵਿਚ ਸਥਿਤ ਵਿਸ਼ਾਖਾ ਐੱਲ. ਜੀ. ਪਾਲਿਮਰ ਕੰਪਨੀ ਵਿਚੋਂ ਜ਼ਹਿਰੀਲੀ ਗੈਸ ਲੀਕ ਹੋਈ। ਰਾਹਤ ਤੇ ਬਚਾਅ ਕਾਰਜ ਲਈ ਮੌਕੇ 'ਤੇ ਐੱਨ. ਡੀ. ਆਰ. ਐੱਫ. ਅਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ ਲਗਾਈਆਂ ਗਈਆਂ ਹਨ।


Lalita Mam

Content Editor

Related News