ਅਰੁਣਾਚਲ ’ਚ ਭੜਕੀ ਹਿੰਸਾ, ਡਿਪਟੀ ਸੀ. ਐੱਮ. ਦਾ ਸਾੜਿਆ ਘਰ; ਕਰਫਿਊ ਲਾਗੂ
Monday, Feb 25, 2019 - 09:59 AM (IST)

ਈਟਾਨਗਰ-ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਵਿਖੇ ਐਤਵਾਰ ਭੜਕੀ ਹਿੰਸਾ ਦੌਰਾਨ ਵਿਖਾਵਾਕਾਰੀਆਂ ਨੇ ਉਪ ਮੁੱਖ ਮੰਤਰੀ ਚਾਉਨਾ ਮੇਨ ਦੇ ਨਿੱਜੀ ਨਿਵਾਸ ਨੂੰ ਅੱਗ ਲਾ ਕੇ ਸਾੜ ਦਿੱਤਾ ਅਤੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਚ ਤੋੜ-ਭੰਨ ਕੀਤੀ। ਇਸ ਦੌਰਾਨ ਪੁਲਸ ਗੋਲੀਬਾਰੀ ’ਚ 2 ਨੌਜਵਾਨ ਮਾਰੇ ਗਏ।
6 ਭਾਈਚਾਰਿਆਂ ਨੂੰ ਸਥਾਈ ਨਿਵਾਸ ਸਰਟੀਫਿਕੇਟ ਦਿੱਤੇ ਜਾਣ ਦੀਆਂ ਸਿਫਾਰਸ਼ਾਂ ਵਿਰੁੱਧ ਲੋਕ ਸੜਕਾਂ ’ਤੇ ਉੱਤਰ ਆਏ। ਸ਼ੁੱਕਰਵਾਰ ਨੂੰ ਪੁਲਸ ਫਾਇਰਿੰਗ ਵਿਚ ਜ਼ਖਮੀ ਹੋਏ 1 ਨੌਜਵਾਨ ਨੇ ਐਤਵਾਰ ਹਸਪਤਾਲ ਵਿਚ ਦਮ ਤੋੜ ਦਿੱਤਾ। ਉਸ ਪਿੱਛੋਂ ਹਾਲਾਤ ਬੇਕਾਬੂ ਹੋ ਗਏ ਅਤੇ ਹਿੰਸਾ ਫੈਲ ਗਈ। ਅਹਿਤਿਆਤ ਵਜੋਂ ਸ਼ਹਿਰ ਵਿਚ ਕਰਫਿਊ ਲਾ ਦਿੱਤਾ ਗਿਆ ਅਤੇ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ।
ਅਮਨ ਕਾਨੂੰਨ ਬਣਾਈ ਰੱਖਣ ਲਈ ਇੰਡੋ-ਤਿੱਬਤ ਬਾਰਡਰ ਪੁਲਸ ਦੀਆਂ 6 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ। ਪੁਲਸ ਮੁਤਾਬਕ ਵਿਖਾਵਾਕਾਰੀਆਂ ਨੇ ਪੁਲਸ ਅਤੇ ਫਾਇਰ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ। ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਸੜਕਾਂ ’ਤੇ ਖੜ੍ਹੀਆਂ ਵੱਖ-ਵੱਖ ਮੋਟਰ-ਗੱਡੀਆਂ ਨੂੰ ਸਾੜ ਦਿੱਤਾ। ਭੀੜ ਨੇ ਰੇਲਵੇ ਸਟੇਸ਼ਨ ਵੱਲ ਜਾਣ ਵਾਲੇ ਰਾਹ ਜਾਮ ਕਰ ਦਿੱਤੇ। ਇਸ ਕਾਰਨ ਸੈਂਕੜੇ ਮੁਸਾਫਰ ਸਟੇਸ਼ਨ ’ਤੇ ਫਸ ਗਏ। ਸ਼ਨੀਵਾਰ ਭੀੜ ਵਲੋਂ ਕੀਤੇ ਗਏ ਪਥਰਾਅ ਕਾਰਨ 24 ਪੁਲਸ ਮੁਲਾਜ਼ਮਾਂ ਸਮੇਤ 35 ਵਿਅਕਤੀ ਜ਼ਖਮੀ ਹੋ ਗਏ । ਉਸ ਤੋਂ ਬਾਅਦ ਫੌਜ ਨੇ ਈਟਾਨਗਰ ਅਤੇ ਨਾਹਰਲਾਗੁਨ ਵਿਖੇ ਫਲੈਗ ਮਾਰਚ ਕੀਤਾ।
ਅਭਿਨੇਤਾ ਸਤੀਸ਼ ਕੌਸ਼ਿਕ ਦੇ 5 ਥਿਏਟਰ ਸਾੜ ਦਿੱਤੇ
ਈਟਾਨਗਰ ਵਿਚ ਭੜਕੀ ਹਿੰਸਾ ਨੇ ਫਿਲਮ ਮੇਕਰ ਅਤੇ ਅਭਿਨੇਤਾ ਸਤੀਸ਼ ਕੌਸ਼ਿਕ ਦੇ 5 ਥਿਏਟਰ ਸਾੜ ਦਿੱਤੇ। ਘਟਨਾ ਸਮੇਂ ਸਤੀਸ਼ ਈਟਾਨਗਰ ਵਿਖੇ ਹੀ ਸਨ ਪਰ ਉਹ ਉਥੋਂ ਸੁਰੱਖਿਅਤ ਨਿਕਲਣ ਵਿਚ ਸਫਲ ਰਹੇ।
ਸ਼ਾਂਤੀ ਬਣਾਈ ਰੱਖਣ ਲੋਕ : ਰਾਜਨਾਥ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵਿਖਾਵਿਆਂ ਨੂੰ ਧਿਆਨ ਵਿਚ ਰੱਖਦਿਆਂ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਪੇਮਾ ਖਾਂਡੂ ਨਾਲ ਵੀ ਗੱਲਬਾਤ ਕੀਤੀ ਅਤੇ ਸੂਬੇ ਦੀ ਸਥਿਤੀ ਬਾਰੇ ਜਾਣਕਾਰੀ ਲਈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ-
ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿਖੇ ਪੁਲਸ ਦੀ ਫਾਇਰਿੰਗ ਵਿਚ ਇਕ ਨਿਰਦੋਸ਼ ਨੌਜਵਾਨ ਦੀ ਮੌਤ ਬਾਰੇ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ ਹਨ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜ਼ਖਮੀ ਵਿਅਕਤੀ ਜਲਦੀ ਹੀ ਤੰਦਰੁਸਤ ਹੋ ਜਾਣ ਅਤੇ ਅਰੁਣਾਚਲ ਵਿਚ ਸ਼ਾਂਤੀ ਪਰਤ ਆਏ।