ਮਣੀਪੁਰ ’ਚ ਭੜਕੀ ਭੀੜ ਨੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਲਾਹ ਕੇ ਸਾੜ ਦਿੱਤੀ ਬੱਸ

Wednesday, Jun 19, 2024 - 05:01 PM (IST)

ਇੰਫਾਲ, (ਇੰਟ.)- ਮਣੀਪੁਰ ਦੇ ਪਹਾੜੀ ਜ਼ਿਲੇ ਕੰਗਪੋਕਪੀ ’ਚ ਸੋਮਵਾਰ ਰਾਤ ਭੜਕੀ ਭੀੜ ਨੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਇਕ ਬੱਸ ’ਚੋਂ ਲਾਹ ਕੇ ਬੱਸ ਨੂੰ ਸਾੜ ਦਿੱਤਾ।

ਪੁਲਸ ਨੇ ਮੰਗਲਵਾਰ ਕਿਹਾ ਕਿ ਭੀੜ ਨੇ ਪਹਿਲਾਂ ਜਵਾਨਾਂ ਨੂੰ ਬੱਸ ’ਚੋਂ ਉਤਰਨ ਲਈ ਕਿਹਾ । ਫਿਰ ਉਨ੍ਹਾਂ ਬੱਸ ਸਾੜ ਦਿੱਤੀ। ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਰਿਪੋਰਟਾਂ ਮੁਤਾਬਕ ਰਾਜਧਾਨੀ ਇੰਫਾਲ ਤੋਂ 45 ਕਿਲੋਮੀਟਰ ਦੂਰ ਕੰਗਪੋਕਪੀ ਥਾਣੇ ’ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਰਾਤ 9 ਵਜੇ ਦੀ ਹੈ। ਸੀ. ਆਰ. ਪੀ. ਐਫ. ਦੇ ਜਵਾਨਾਂ ਨੂੰ ਲਿਜਾਣ ਜਾਣ ਵਾਲੀ ਬੱਸ ਕਿਰਾਏ ’ਤੇ ਲਈ ਗਈ ਸੀ । ਬੱਸ ਘਾਟੀ ਦੇ ਪ੍ਰਮੁੱਖ ਮੇਈਤੀ ਭਾਈਚਾਰੇ ਦੇ ਇਕ ਵਿਅਕਤੀ ਦੇ ਨਾਂ ’ਤੇ ਰਜਿਸਟਰਡ ਸੀ।

3 ਅੱਤਵਾਦੀ ਗ੍ਰਿਫਤਾਰ, ਹਥਿਆਰ ਜ਼ਬਤ

ਸੁਰੱਖਿਆ ਫੋਰਸਾਂ ਨੇ ਮਣੀਪੁਰ ਦੇ ਟੇਂਗਨੋਪਾਲ ਜ਼ਿਲੇ ’ਚ 3 ਅਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਕੰਗਪੋਕਪੀ ਜ਼ਿਲੇ ’ਚ ਕਈ ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਹਨ। ਸੂਬਾਈ ਪੁਲਸ ਦੇ ਇਕ ਬਿਆਨ ਅਨੁਸਾਰ ਸੁਰੱਖਿਆ ਫੋਰਸਾਂ ਨੇ ਲਾਮਲੋਂਗ ਪਿੰਡ ਨੇੜੇ ਸ਼ਾਂਤੋਂਗ ਤੋਂ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਸੋਮਵਾਰ ਦੇਰ ਰਾਤ ਜਾਰੀ ਬਿਆਨ ਮੁਤਾਬਕ ਸੂਬੇ ’ਚ ਸਥਿਤੀ ਕਾਬੂ ਹੇਠ ਹੈ । ਜਵਾਨ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੇ ਹਨ।


Rakesh

Content Editor

Related News