ਕੌਮਾਂਤਰੀ ਮਹਿਲਾ ਦਿਵਸ: ਮਾਂ ਦੀ ਇਕ ਗੱਲ ਨੇ ਵਿਨੀ ਮਹਾਜਨ ਨੂੰ ਦਿੱਤੀ ਨਵੀਂ ਦਿਸ਼ਾ

Monday, Mar 08, 2021 - 11:12 AM (IST)

ਨਵੀਂ ਦਿੱਲੀ/ਜਲੰਧਰ- ਵਿਨੀ ਮਹਾਜਨ ਪੰਜਾਬ ਦੇ ਚੀਫ ਸੈਕ੍ਰੇਟਰੀ ਅਹੁਦੇ ’ਤੇ ਤਾਇਨਾਤ ਹੋ ਕੇ ਰਿਕਾਰਡ ਬਣਾਉਣ ਵਾਲੀ ਪੰਜਾਬ ਦੀ ਪਹਿਲੀ ਔਰਤ ਹੈ। ਇਸ ਤੋਂ ਪਹਿਲਾਂ ਕਦੇ ਵੀ ਕੋਈ ਮਹਿਲਾ ਅਧਿਕਾਰੀ ਇਸ ਅਹੁਦੇ ’ਤੇ ਨਿਯੁਕਤ ਨਹੀਂ ਹੋਈ। ਵਿਨੀ ਜੀ ਨੇ ਲੰਮਾ ਸਮਾਂ ਸੀਨੀਅਰ ਆਈ. ਏ. ਐੱਸ. ਅਧਿਕਾਰੀ ਦੇ ਤੌਰ ’ਤੇ ਸੇਵਾਵਾਂ ਦਿੱਤੀਆਂ ਹਨ ਅਤੇ ਇਸ ਸੇਵਾਕਾਲ ਵਿਚ ਉਹ ਕਈ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰ ਚੁੱਕੀ ਹੈ। 1987 ਬੈਚ ਦੀ ਆਈ. ਏ. ਐੱਸ. ਅਧਿਕਾਰੀ ਰਹੀ ਵਿਨੀ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੀ ਪਤਨੀ ਹੈ। ਕੌਮਾਂਤਰੀ ਮਹਿਲਾ ਦਿਵਸ ’ਤੇ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਜੀ ਨੇ ‘ਜਗ ਬਾਣੀ’ ਨਾਲ ਖਾਸ ਗੱਲਬਾਤ ਕੀਤੀ ਅਤੇ ਆਪਣੇ ਜੀਵਨ ਨਾਲ ਜੁੜੀਆਂ ਪ੍ਰੇਰਣਾਦਾਇਕ ਗੱਲਾਂ ਸਾਂਝੀਆਂ ਕੀਤੀਆਂ।

PunjabKesari

ਦਿਨਕਰ ਗੁਪਤਾ
ਵਿਨੀ ਦੇ ਪਤੀ ਦਿਨਕਰ ਗੁਪਤਾ ਵੀ ਵੱਡੇ ਅਹੁਦੇ ’ਤੇ ਹਨ। ਉਹ ਪੰਜਾਬ ਦੇ ਡੀ. ਜੀ. ਪੀ. ਹਨ। 1987 ਦੇ ਬੈਚ ਦੇ ਆਈ. ਪੀ. ਐੱਸ. ਗੁਪਤਾ ਆਪਣੇ ਪਿਛਲੇ ਕਾਰਜਕਾਲ ’ਚ ਪੰਜਾਬ ਦੇ ਡੀ. ਜੀ. ਪੀ. ਰਹੇ ਹਨ। ਉਨ੍ਹਾਂ ਗ੍ਰਹਿ ਮੰਤਰਾਲਾ ਨਾਲ 8 ਸਾਲ ਕੇਂਦਰੀ ਡੈਪੂਟੇਸ਼ਨ ’ਤੇ ਵੀ ਕੰਮ ਕੀਤਾ ਹੈ।

ਅਜਿਹੀਆਂ ਬੀਬੀਆਂ ਦਾ ਸਤਿਕਾਰ ਕਰਦੀ ਹਾਂ, ਜੋ ਪਰਿਵਾਰ ਨੂੰ ਸੰਜੋ ਕੇ ਰੱਖਦੀਆਂ ਹਨ-
ਸਮਾਜ ਦੇ ਵਿਕਾਸ ’ਚ ਔਰਤਾਂ ਦਾ ਖਾਸ ਯੋਗਦਾਨ ਰਿਹਾ ਹੈ। ਔਰਤਾਂ ਨੇ ਵੱਖ-ਵੱਖ ਖੇਤਰਾਂ ਵਿਚ ਛਾਪ ਛੱਡੀ ਹੈ। ਇਨ੍ਹਾਂ ਵਿਚ ਹੀ ਸੂਬੇ ਦੇ ਮੁੱਖ ਸਕੱਤਰ ਅਹੁਦੇ ਤਕ ਪਹੁੰਚ ਕੇ ਰਿਕਾਰਡ ਬਣਾਉਣ ਵਾਲੀ ਵਿਨੀ ਮਹਾਜਨ ਵੀ ਸ਼ਾਮਲ ਹੈ। ਉਹ ਲੰਮੇ ਸਮੇਂ ਤੋਂ ਬਤੌਰ ਆਈ. ਏ. ਐੱਸ. ਅਫਸਰ ਸੇਵਾਵਾਂ ਦੇ ਰਹੀ ਹੈ। ਇਸ ਤੋਂ ਪਹਿਲਾਂ ਕੋਈ ਵੀ ਮਹਿਲਾ ਅਧਿਕਾਰੀ ਇਸ ਅਹੁਦੇ ਤਕ ਨਹੀਂ ਪਹੁੰਚ ਸਕੀ। ਆਪਣੇ ਕਾਰਜਕਾਲ ਵਿਚ ਉਨ੍ਹਾਂ ਕਈ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ। 1987 ਬੈਚ ਦੀ ਆਈ. ਪੀ. ਐੱਸ. ਅਧਿਕਾਰੀ ਰਹੀ ਵਿਨੀ ਮਹਾਜਨ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੀ ਪਤਨੀ ਹੈ। ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਉਨ੍ਹਾਂ ‘ਜਗ ਬਾਣੀ’ ਨਾਲ ਖਾਸ ਗੱਲਬਾਤ ਕੀਤੀ ਅਤੇ ਆਪਣੇ ਜੀਵਨ ਨਾਲ ਜੁੜੀਆਂ ਪ੍ਰੇਰਣਾਦਾਇਕ ਗੱਲਾਂ ਸਾਂਝੀਆਂ ਕੀਤੀਆਂ।

-ਵਿਨੀ ਜੀ ਉਸ ਵੇਲੇ ਆਈ. ਪੀ. ਐੱਸ. ਬਣੇ ਜਦੋਂ ਕੁੜੀਆਂ ਦੀ ਐਜੂਕੇਸ਼ਨ ਬਾਰੇ ਲੋਕਾਂ ਵਿਚ ਇੰਨਾ ਜਾਗਰੂਕਤਾ ਨਹੀਂ ਸੀ, ਕੀ ਕਹਿਣਾ ਚਾਹੋਗੇ?
ਹਾਂ, ਉਸ ਵੇਲੇ ਕੁੜੀਆਂ ਦੀ ਸਿੱਖਿਆ ਨੂੰ ਲੈ ਕੇ ਲੋਕਾਂ ਵਿਚ ਇੰਨੀ ਜਾਗਰੂਕਤਾ ਨਹੀਂ ਸੀ ਪਰ ਮੇਰੇ ਘਰ ਵਿਚ ਅਜਿਹਾ ਨਹੀਂ ਸੀ। ਮੇਰੇ ਇਸ ਮੁਕਾਮ ਤਕ ਪਹੁੰਚਣ ਵਿਚ ਮਾਤਾ-ਪਿਤਾ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਦੇ ਵੀ ਮੁੰਡੇ-ਕੁੜੀ ’ਚ ਫਰਕ ਨਹੀਂ ਕੀਤਾ ਅਤੇ ਸਾਨੂੰ ਆਤਮਨਿਰਭਰ ਤੇ ਆਜ਼ਾਦ ਤੌਰ ’ਤੇ ਖੁਦ ਨੂੰ ਅੱਗੇ ਵਧਣ ਲਈ ਹਮੇਸ਼ਾ ਉਤਸ਼ਾਹਿਤ ਕੀਤਾ।

-ਤੁਸੀਂ ਇਕੋਨਾਮਿਕਸ ’ਚ ਗ੍ਰੈਜੂਏਸ਼ਨ ਤੇ ਐੱਮ. ਬੀ. ਏ. ਕੀਤਾ। ਸਿਵਲ ਸਰਵਿਸ ਵਿਚ ਆਉਣ ਦਾ ਵਿਚਾਰ ਕਿਵੇਂ ਆਇਆ?
ਮੈਂ ਦਿੱਲੀ ਦੇ ਸ਼੍ਰੀਰਾਮ ਕਾਲਜ ਤੋਂ ਇਕੋਨਾਮਿਕਸ ਵਿਚ ਗ੍ਰੈਜੂਏਸ਼ਨ ਅਤੇ ਆਈ. ਆਈ. ਐੱਮ. ਕੋਲਕਾਤਾ ਤੋਂ ਐੱਮ. ਬੀ. ਏ. ਦੀ ਡਿਗਰੀ ਹਾਸਲ ਕੀਤੀ ਪਰ ਸੁਪਨਾ ਸ਼ੁਰੂ ਤੋਂ ਹੀ ਪਿਤਾ ਜੀ ਵਾਂਗ ਇਕ ਆਈ. ਏ. ਐੱਸ. ਅਫਸਰ ਬਣਨ ਦਾ ਰਿਹਾ। ਮੈਨੇਜਮੈਂਟ ਵਿਚ ਵੀ ਦਿਲਚਸਪੀ ਸੀ। ਇਸੇ ਨੂੰ ਧਿਆਨ ਵਿਚ ਰੱਖਦਿਆਂ ਸਿਵਲ ਸਰਵਿਸ ਵਿਚ ਆਪਣਾ ਸੁਪਨਾ ਪੂਰਾ ਕਰਨ ਬਾਰੇ ਸੋਚਿਆ।

-ਤੁਹਾਡੇ ਪਿਤਾ ਵੀ ਆਈ. ਏ. ਐੱਸ. ਅਫਸਰ ਰਹੇ ਸਨ। ਜਦੋਂ ਬੇਟੀ ਵੀ ਉਸੇ ਅਹੁਦੇ ’ਤੇ ਪਹੁੰਚੀ ਤਾਂ ਪਿਤਾ ਜੀ ਦੀ ਪਹਿਲੀ ਪ੍ਰਤੀਕਿਰਿਆ ਕਿਹੋ ਜਿਹੀ ਸੀ?
ਉਹ ਖੁਦ ਅਫਸਰ ਸਨ। ਜਦੋਂ ਉਨ੍ਹਾਂ ਨੂੰ ਮੇਰੇ ਉਸੇ ਅਹੁਦੇ ’ਤੇ ਨਿਯੁਕਤ ਹੋਣ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਸਨ। ਇਕ ਪਿਤਾ ਦੇ ਤੌਰ ’ਤੇ ਉਹ ਮਾਣ ਮਹਿਸੂਸ ਕਰ ਰਹੇ ਸਨ।

-ਤੁਹਾਡੇ ਪਤੀ ਵੀ ਇਕ ਪ੍ਰਮੁੱਖ ਅਹੁਦੇ ’ਤੇ ਹਨ। ਉਨ੍ਹਾਂ ਦੀਆਂ ਵੀ ਆਪਣੀਆਂ ਜ਼ਿੰਮੇਵਾਰੀਆਂ ਹੋਣਗੀਆਂ। ਅਜਿਹੀ ਹਾਲਤ ’ਚ ਕੱਪਲ ਦੇ ਤੌਰ ’ਤੇ ਇਕ-ਦੂਜੇ ਲਈ ਸਮਾਂ ਕਿਵੇਂ ਕੱਢਦੇ ਹੋ?
ਹਾਂ, ਇਹ ਗੱਲ ਸਹੀ ਹੈ ਕਿ ਸਾਡੇ ਦੋਵਾਂ ਦੀ ਹੀ ਨੌਕਰੀ ਕਾਫੀ ਬਿਜ਼ੀ ਰਹੀ ਹੈ। ਅਸੀਂ ਇਸ ਤਰ੍ਹਾਂ ਖੁਸ਼ਕਿਸਮਤ ਰਹੇ ਹਾਂ ਕਿ ਸਾਨੂੰ ਆਪਣੇ ਮਨਪਸੰਦ ਅਹੁਦੇ ’ਤੇ ਸੇਵਾਵਾਂ ਦੇਣ ਦਾ ਮੌਕਾ ਮਿਲਿਆ। ਹਾਲਾਂਕਿ ਕੰਮ ਦੇ ਰੁਝੇਵਿਆਂ ਦਰਮਿਆਨ ਸਾਨੂੰ ਲੰਮਾ ਸਮਾਂ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਪਰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਅਸੀਂ ਇਕ-ਦੂਜੇ ਨਾਲ ਚੰਗਾ ਸਮਾਂ ਬਿਤਾਉਂਦੇ ਹਾਂ। ਵਿਚਾਰ-ਵਟਾਂਦਰੇ ਅਤੇ ਅਹਿਮ ਮੁੱਦਿਆਂ ’ਤੇ ਇਕ-ਦੂਜੇ ਦੀ ਰਾਏ ਵੀ ਲੈਂਦੇ ਹਾਂ। ਮੇਰੇ ਖਿਆਲ ਨਾਲ ਕੁਆਂਟਿਟੀ ਟਾਈਮ ਦੀ ਬਜਾਏ ਇਕ-ਦੂਜੇ ਨਾਲ ਕੁਆਲਟੀ ਟਾਈਮ ਬਿਤਾਉਣਾ ਬਹੁਤ ਜ਼ਰੂਰੀ ਹੈ।

-ਵਿਨੀ ਜੀ, ਕੁਕਿੰਗ ਵਿਚ ਕਿਹੋ ਜਿਹੇ ਹੋ? ਅਜਿਹੀ ਕਿਹੜੀ ਡਿਸ਼ ਹੈ, ਜਿਸ ਨਾਲ ਪਰਿਵਾਰ ਖੁਸ਼ ਹੁੰਦਾ ਹੈ?
ਮੈਨੂੰ ਕੁਕਿੰਗ ਨਹੀਂ ਆਉਂਦੀ। ਇਸ ਪਾਸੇ ਮੇਰੀ ਜ਼ਿਆਦਾ ਦਿਲਚਸਪੀ ਨਹੀਂ ਰਹੀ। ਮੈਨੂੰ ਯਾਦ ਹੈ ਕਿ ਜਦੋਂ ਮੈਂ ਪਰਿਵਾਰ ਨਾਲ ਅਮਰੀਕਾ ਵਿਚ ਫੈਲੋਸ਼ਿਪ ਲਈ ਗਈ ਸੀ। ਬੱਚਿਆਂ ਨੂੰ ਜਦੋਂ ਅਸੀਂ ਦੱਸਿਆ ਕਿ ਅਸੀਂ ਹੁਣ ਅਮਰੀਕਾ ਵਿਚ ਰਹਾਂਗੇ, ਉਹ ਉੱਥੇ ਪੜ੍ਹਨਗੇ, ਅਸੀਂ ਵੀ ਪੜ੍ਹਾਂਗੇ ਤਾਂ ਉਨ੍ਹਾਂ ਇਹੀ ਸਵਾਲ ਕੀਤਾ ਕਿ ਉਹ ਖਾਣਾ ਕਿਵੇਂ ਖਾਣਗੇ ਕਿਉਂਕਿ ਮੇਰੀ ਖਾਣਾ ਬਣਾਉਣ ਦੀ ਸਕਿਲ ਕਾਫੀ ਕਮਜ਼ੋਰ ਸੀ।

ਵਿਨੀ ਜੀ, ਆਪਣਾ ਰੋਲ ਮਾਡਲ ਕਿਸ ਨੂੰ ਮੰਨਦੇ ਹੋ?
ਇਕ ਔਰਤ ਦੇ ਤੌਰ ’ਤੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਇਮੇਜ ਮੇਰੀ ਮਾਤਾ ਜੀ ਦੀ ਰਹੀ ਹੈ। ਇਕ ਤਰੀਕੇ ਨਾਲ ਮੇਰੇ ਮਾਤਾ ਜੀ ਇਕ ਮਾਹਿਰ ਹਾਊਸਵਾਈਫ ਰਹੇ ਹਨ। ਪੂਰਾ ਘਰ ਉਹੀ ਸੰਭਾਲਦੇ ਹਨ। ਘਰ-ਪਰਿਵਾਰ ਦਾ ਕੰਮ-ਕੁਕਿੰਗ ਉਹ ਖੁਦ ਕਰਦੇ ਹਨ। ਸਾਡੀ ਪਰਵਰਿਸ਼ ਉਨ੍ਹਾਂ ਬਾਖੂਬੀ ਕੀਤੀ। ਭਾਵੇਂ ਉਹ ਹਾਊਸਵਾਈਫ ਰਹੇ ਪਰ ਦੂਜੇ ਨਜ਼ਰੀਏ ਨਾਲ ਦੇਖੀਏ ਤਾਂ ਉਹ ਬਹੁਤ ਹੀ ਜਾਗਰੂਕ ਤੇ ਆਧੁਨਿਕ ਵਿਚਾਰਧਾਰਾ ਵਾਲੀ ਔਰਤ ਰਹੇ ਹਨ। ਘਰ ਦੀ ਜ਼ਿੰਮੇਵਾਰੀ ਤੇ ਬੱਚਿਆਂ ਦੇ ਪਾਲਣ-ਪੋਸ਼ਣ ’ਚ ਉਨ੍ਹਾਂ ਖੁਦ ਦੀ ਸ਼ਖਸੀਅਤ ਕਿਤੇ ਗੁਆਚਣ ਨਹੀਂ ਦਿੱਤੀ। ਮੈਂ ਅਜਿਹੀਆਂ ਔਰਤਾਂ ਦੀ ਧੰਨਵਾਦੀ ਹਾਂ ਅਤੇ ਉਨ੍ਹਾਂ ਦਾ ਸਤਿਕਾਰ ਕਰਦੀ ਹਾਂ ਜੋ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਸੰਭਾਲ ਕੇ ਪਰਿਵਾਰ ਨੂੰ ਸੰਜੋ ਕੇ ਰੱਖਣ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ। ਮੇਰੇ ਬੱਚਿਆਂ ਨੂੰ ਵੀ ਮੇਰੀ ਮਾਂ ਨੇ ਹੀ ਪਾਲਿਆ ਹੈ। ਮੈਂ ਖੁਦ ਨੂੰ ਬਹੁਤ ਖੁਸ਼ਕਿਸਮਤ ਮੰਨਦੀ ਹਾਂ ਕਿ ਮੇਰੇ ਜੀਵਨ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ।

-ਮਾਂ ਦੇ ਸਾਥ ਵਾਲਾ ਕੋਈ ਯਾਦਗਾਰ ਪਲ, ਜਿਸ ਨੂੰ ਸ਼ੇਅਰ ਕਰਨਾ ਚਾਹੋਗੇ...
ਮਾਂ ਦੇ ਨਾਲ ਧੀਆਂ ਦੀਆਂ ਬਹੁਤ ਸਾਰੀਆਂ ਯਾਦਾਂ ਜੁਡ਼ੀਆਂ ਹੁੰਦੀਆਂ ਹਨ। ਇਸ ਨੂੰ ਬਿਆਨ ਕਰ ਸਕਣਾ ਮੁਸ਼ਕਿਲ ਹੈ। ਜਦੋਂ ਮੇਰੇ ਮਨ ਵਿਚ ਆਈ. ਏ. ਐੱਸ. ਬਣਨ ਦਾ ਵਿਚਾਰ ਆਇਆ, ਉਸ ਸਮੇਂ ਮੈਂ ਇਕਨਾਮਿਕਸ ਵਿਚ ਗ੍ਰੈਜੂਏਸ਼ਨ ਕੰਪਲੀਟ ਕਰ ਰਹੀ ਸੀ। ਮੈਂ ਚਾਹੁੰਦੀ ਸੀ ਕਿ ਇਸ ਸਬਜੈਕਟ ਵਿਚ ਮਾਸਟਰਸ ਕਰਾਂ। ਉਸ ਸਮੇਂ ਮਾਂ ਨੇ ਬੜੀ ਸਮਝਦਾਰੀ ਨਾਲ ਮੇਰੇ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਪੁੱਛਿਆ ਕਿ ਅੱਗੇ ਮੈਂ ਕੀ ਕਰਨਾ ਚਾਹੁੰਦੀ ਹਾਂ। ਕਿਸੇ ਕਾਰਨ ਆਈ. ਏ. ਐੱਸ. ਵਿਚ ਕਾਮਯਾਬ ਨਾ ਹੋ ਸਕੀ ਤਾਂ ਅਗਲਾ ਟੀਚਾ ਕੀ ਰਹੇਗਾ? ਫਿਰ ਦੂਜੇ ਨਜ਼ਰੀਏ ਨਾਲ ਸਮਝਾਇਆ ਕਿ ਇਹ ਜ਼ਰੂਰੀ ਨਹੀਂ ਕਿ ਜਿਹੋ ਜਿਹਾ ਤੁਸੀਂ ਸੋਚਦੇ ਹੋ, ਉਹੋ ਜਿਹਾ ਹੀ ਹੋਵੇ। ਮਾਂ ਦੀ ਸਮਝਦਾਰੀ ਅਤੇ ਉਨ੍ਹਾਂ ਦੇ ਸਲਾਹ-ਮਸ਼ਵਰੇ ਨਾਲ ਸਹਿਮਤ ਹੁੰਦੇ ਹੋਏ ਮੈਂ ਐੱਮ. ਬੀ. ਏ. ਕਰਨ ਦਾ ਫੈਸਲਾ ਕੀਤਾ ਕਿਉਂਕਿ ਮੈਨੂੰ ਮੈਨੇਂਜਮੇਂਟ ਰੋਲ ਹੀ ਪਸੰਦ ਸੀ। ਮੈਂ ਖੁਦ ਹੈਰਾਨ ਸੀ ਮੈਂ ਖੁਦ ਨੂੰ ਸਮਝਦਾਰ ਸਮਝਦੀ ਸੀ ਪਰ ਮਾਂ ਦੇ ਦੱਸੇ ਇਕ ਨਜ਼ਰੀਏ ਨੇ ਮੈਨੂੰ ਪੁਆਇੰਟ ਆਊਟ ਕਰ ਦਿੱਤਾ। ਮੇਰੇ ਲਈ ਉਨ੍ਹਾਂ ਦਾ ਫੈਸਲਾ ਬਹੁਤ ਵਧੀਆ ਰਿਹਾ ।

-ਤੁਸੀ ਲੰਬੇ ਸਮੇਂ ਤੋਂ ਸਿਵਲ ਸਰਵਿਸ ਵਿਚ ਹੋ। ਕੋਈ ਅਜਿਹਾ ਕੰਮ, ਜਿਸ ਨੂੰ ਤੁਸੀਂ ਆਪਣੇ ਲਈ ਚੁਣੌਤੀ ਭਰਪੂਰ ਮੰਨਿਆ?
ਮੈਨੂੰ ਤਾਂ ਹਰ ਦਿਨ ਇੱਕ ਚੁਣੌਤੀ ਲੱਗਦਾ ਹੈ। ਚੁਣੌਤੀ ਇਸ ਤਰ੍ਹਾਂ ਕਿ ਰੱਬ ਨੇ, ਸਮਾਜ ਨੇ ਮੈਨੂੰ ਇਹ ਵਧੀਆ ਮੌਕਾ ਪ੍ਰਦਾਨ ਕੀਤਾ ਹੈ ਕਿ ਮੈਂ ਕੁਝ ਚੰਗਾ ਕਰ ਸਕਾਂ। ਹਰ ਰੋਲ ਵਿਚ ਮੈਨੂੰ ਕੁਝ ਚੰਗਾ, ਕੁਝ ਬਿਹਤਰ ਕਰਨ ਦਾ ਮੌਕਾ ਮਿਲਿਆ ਹੈ। ਰੋਜ਼ਾਨਾ ਲਿਸਟਾਂ ਬਣਦੀਆਂ ਹਨ। ਅਵਾਰਾ ਕੁੱਤੇ ਵਲੋਂ ਬੱਚੇ ਨੂੰ ਕੱਟਣ ਤੋਂ ਲੈ ਕੇ ਰੇਪ ਤਕ ਦੀਆਂ ਘਟਨਾਵਾਂ ਤਕ ਦੀ ਲਿਸਟ ਮੇਰੇ ਧਿਆਨ ਵਿਚ ਰਹਿੰਦੀ ਹੈ। ਅਜਿਹੇ ਕੇਸਾਂ ’ਤੇ ਕਿਵੇਂ ਤੁਰੰਤ ਐਕਸ਼ਨ ਹੋਵੇ, ਨਿਆਂ ਮਿਲੇ, ਰੋਜ ਇੰਨੀਆਂ ਚੁਣੌਤੀਆਂ ਹਨ ਕਿ ਹਰ ਪਲ ਮੇਰੇ ਲਈ ਇਕ ਚੈਲੰਜ ਹੈ ।

-ਪੰਜਾਬ ’ਚ ਔਰਤਾਂ ਦੀ ਹਾਲਤ ਬਾਰੇ ਕੀ ਕਹਿਣਾ ਚਾਹੋਗੇ?
ਪੰਜਾਬ ’ਚ ਬੜੀ ਵੱਖਰੀ ਤਰ੍ਹਾਂ ਦੀ ਹਾਲਤ ਹੈ। ਸਾਡੇ ਗੁਰੂਆਂ ਨੇ ਕਿਹਾ ਕਿ ਔਰਤਾਂ ਮਰਦਾਂ ਦੇ ਬਰਾਬਰ ਹਨ। ਵੇਖੋ ਸਿੱਖ ਧਰਮ ਵਿਚ ਕਿੰਨੀ ਵੱਡੀ ਕਹੀ ਗਈ ਗੱਲ ਹੈ। ਕਿੰਨਾ ਵੱਡਾ ਮੈਸੇਜ ਹੈ ਸਮਾਨਤਾ ਦਾ। ਔਰਤਾਂ ਅਤੇ ਮਰਦਾਂ ਦੇ ਨਾਂ ਇੱਕੋ ਜਿਹੇ ਹਨ। ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀਆਂ ਅਨੇਕਾਂ ਔਰਤਾਂ ਨੇ ਕਲਾ, ਸਿਵਲ ਸਰਵਿਸਿਜ, ਸੱਭਿਆਚਾਰ ਵਰਗੇ ਵੱਖ-ਵੱਖ ਖੇਤਰਾਂ ਵਿਚ ਨਾਮ ਕਮਾਇਆ ਹੈ। ਇਸਦੇ ਬਾਵਜੂਦ ਸੱਚਾਈ ਇਹ ਵੀ ਹੈ ਕਿ ਇੱਥੇ ਔਰਤਾਂ ਨੂੰ ਉਹ ਰੁਤਬਾ ਨਹੀਂ ਮਿਲਿਆ, ਜੋ ਅਸੀਂ ਵੇਖਣਾ ਚਾਹੁੰਦੇ ਹਾਂ । . . . ਪਰ ਪੰਜਾਬ ’ਚ ਚੰਗੀ ਗੱਲ ਇਹ ਹੈ ਕਿ ਇੱਥੋਂ ਦੀ ਲੀਡਰਸ਼ਿਪ ਔਰਤਾਂ ਨੂੰ ਲੈ ਕੇ ਪਾਜ਼ੇਟਿਵ ਰਹੀ ਹੈ । ਮੈਨੂੰ ਭਰੋਸਾ ਹੈ ਕਿ ਨਵੀਂ ਪੀੜ੍ਹੀ ਨਵੀਂ ਸੋਚ ਲਿਆਵੇਗੀ...।

-ਮਹਿਲਾ ਦਿਵਸ ਦੇ ਮੌਕੇ ’ਤੇ ਤੁਹਾਡਾ ਸੰਦੇਸ਼?
ਔਰਤਾਂ ਲਈ ਮੈਂ ਇੱਥੇ ਇਹ ਕਹਿਣਾ ਚਹਾਂਗੀ ਕਿ ਖੁਦ ’ਤੇ ਪੂਰਾ ਭਰੋਸਾ ਰੱਖੋ । ਤੁਸੀਂ ਹਿੰਮਤ ਰੱਖਣੀ ਚਾਹੀਦੀ ਹੈ। ਖੁਦ ’ਤੇ ਭਰੋਸਾ ਰੱਖਣਾ ਹੈ। ਪਰਿਵਾਰ ਦੇ ਨਾਲ-ਨਾਲ ਸਮਾਜ ਦੀ ਜ਼ਿੰਮੇਦਾਰੀ ਚੁੱਕਣੀ ਹੈ। ਸਮਾਜ ਵਿੱਚ ਔਰਤ ਅਤੇ ਮਰਦ ਗੱਡੀ ਦੇ ਦੋ ਪਹੀਏ ਹਨ। ਇਨ੍ਹਾਂ ਦੋਵਾਂ ਦੀ ਬਰਾਬਰ ਹਿੱਸੇਦਾਰੀ ਦੇ ਬਿਨਾਂ ਜ਼ਿੰਦਗੀ ਦੀ ਗੱਡੀ ਅੱਗ ਨਹੀਂ ਵਧ ਸਕਦੀ। ਜੇਕਰ ਮਰਦ ਇਹ ਗੱਲ ਸਮਝਣਗੇ ਕਿ ਔਰਤ ਬਰਾਬਰ ਦੀ ਹਿੱਸੇਦਾਰ ਹੈ ਤਾਂ ਅਸੀਂ ਅੱਗੇ ਤੇਜ਼ੀ ਨਾਲ ਤਰੱਕੀ ਕਰਾਂਗੇ ।


Tanu

Content Editor

Related News