ਪਾਸਵਾਨ, ਗੋਗੋਈ ਅਤੇ ਕੇਸ਼ੁਭਾਈ ਪਟੇਲ ਸਮੇਤ 61 ਸ਼ਖਸੀਅਤਾਂ ਪਦਮ ਐਵਾਰਡ ਨਾਲ ਸਨਮਾਨਤ
Tuesday, Nov 09, 2021 - 04:15 PM (IST)
ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਬਕਾ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਅਸਾਮ ਦੇ ਸਾਬਕਾ ਮੁੱਖ ਮੰਤਰੀ ਤੁਰਣ ਗੋਗੋਈ ਅਤੇ ਸਾਬਕਾ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਸਮੇਤ 60 ਸ਼ਖ਼ਸੀਅਤਾਂ ਨੂੰ ਪਦਮ ਐਵਾਰਡ ਨਾਲ ਸਨਮਾਨਤ ਕੀਤਾ। ਰਾਸ਼ਟਰਪਤੀ ਭਵਨ ਦੇ ਵੱਡੇ ਦਰਬਾਰ ਹਾਲ ’ਚ ਮੰਗਲਵਾਰ ਨੂੰ ਆਯੋਜਿਤ ਸਮਾਰੋਹ ਦੇ ਪਹਿਲਾਂ ਪੜਾਅ ਵਿਚ 4 ਸ਼ਖ਼ਸੀਅਤਾਂ ਪਦਮ ਵਿਭੂਸ਼ਣ, 5 ਨੂੰ ਪਦਮ ਭੂਸ਼ਣ ਅਤੇ 51 ਸ਼ਖ਼ਸੀਅਤਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ। ਇਸ ਮੌਕੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰ ਮਾਣਯੋਗ ਸ਼ਖ਼ਸੀਅਤਾਂ ਮੌਜੂਦ ਸਨ।
ਸੁਮਿੱਤਰਾ ਮਹਾਜਨ, ਸ਼੍ਰੀ ਪਾਸਵਾਨ, ਸ਼੍ਰੀ ਗੋਗੋਈ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੁਭਾਈ ਪਟੇਲ ਨੂੰ ਤੀਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਗੋੋਗੋਈ, ਕੇਸ਼ੁਭਾਈ ਪਟੇਲ ਅਤੇ ਪਾਸਵਾਨ ਨੂੰ ਇਹ ਐਵਾਰਡ ਮਰਨ ਉਪਰੰਤ ਪ੍ਰਦਾਨ ਕੀਤਾ ਗਿਆ ਹੈ। ਪਾਸਵਾਨ ਦੇ ਪੁੱਤਰ ਅਤੇ ਗੋੋਗੋਈ ਦੀ ਪਤਨੀ ਡੋਲੀ ਗੋਗੋਈ ਨੇ ਇਹ ਐਵਾਰਡ ਲਿਆ।
ਇਸ ਤੋਂ ਇਲਾਵਾ ਸਾਬਕਾ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਇਸ ਪਦਮ ਭੂਸ਼ਣ ਐਵਾਰਡ ਨੂੰ ਲੈ ਲਈ ਉੱਚੇਚੇ ਤੌਰ ’ਤੇ ਰਾਸ਼ਟਰਪਤੀ ਭਵਨ ਪੁੱਜੀ। ਉਨ੍ਹਾਂ ਕਿਹਾ ਕਿ ਅੱਜ ਸਫ਼ਲਤਾ ਨੂੰ ਬਹੁਤ ਵੱਡਾ ਮੁਕਾਮ ਮਿਲ ਗਿਆ ਹੈ। ਬਹੁਤ ਚੰਗਾ ਲੱਗਾ ਕਿ ਇੰਨੇ ਸਾਲ ਜੋ ਕੰਮ ਕੀਤਾ ਹੈ, ਉਸ ਨੂੰ ਕਿਤੇ ਨਾ ਕਿਤੇ ਪਹਿਚਾਣ ਮਿਲ ਗਈ ਹੈ।
ਦੱਸ ਦੇਈਏ ਕਿ ਪਦਮ ਐਵਾਰਡ ਕਲਾ, ਸਮਾਜ ਸੇਵਾ, ਜਨਤਕ ਜੀਵਨ, ਵਿਗਿਆਨ, ਕਾਰੋਬਾਰ, ਮੈਡੀਕਲ, ਸਿੱਖਿਆ, ਖੇਡ, ਸਾਹਿਤ ਅਤੇ ਹੋਰ ਖੇਤਰਾਂ ਵਿਚ ਜ਼ਿਕਰਯੋਗ ਸੇਵਾ ਲਈ ਦਿੱਤੇ ਜਾਂਦੇ ਹਨ। ਐਵਾਰਡ ਤਿੰਨ ਸ਼੍ਰੇਣੀਆਂ ’ਚ ਦਿੱਤੇ ਜਾਂਦੇ ਹਨ- ਪਦਮ ਵਿਭੂਸ਼ਣ (ਅਸਾਧਾਰਣ ਅਤੇ ਵਿਲੱਖਣ ਸੇਵਾ ਲਈ), ਪਦਮ ਭੂਸ਼ਣ (ਉੱਚ ਕ੍ਰਮ ਦੀ ਵਿਲੱਖਣ ਸੇਵਾ) ਅਤੇ ਪਦਮ ਸ਼੍ਰੀ (ਵਿਸ਼ੇਸ਼ ਸੇਵਾ)। ਐਵਾਰਡ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿਚ ਉਪਲੱਬਧੀਆਂ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਕਰਦਾ ਹੈ, ਜਿੱਥੇ ਜਨਤਕ ਸੇਵਾ ਦਾ ਇਕ ਹਿੱਸਾ ਸ਼ਾਮਲ ਹੁੰਦਾ ਹੈ।