ਬਦਮਾਸ਼ ਵਿਕਾਸ ਦੁਬੇ ਦੀ ਮੌਤ ਨੂੰ ਲੈ ਕੇ ਪੋਸਟਮਾਰਟਮ ਰਿਪੋਰਟ 'ਚ ਹੋਇਆ ਇਹ ਖੁਲਾਸਾ

7/20/2020 4:08:59 PM

ਕਾਨਪੁਰ (ਭਾਸ਼ਾ)— ਕਾਨਪੁਰ ਦੇ ਬਿਕਰੂ ਪਿੰਡ 'ਚ 8 ਪੁਲਸ ਮੁਲਾਜ਼ਮਾਂ ਦੇ ਕਤਲ ਦਾ ਮੁੱਖ ਦੋਸ਼ੀ ਬਦਮਾਸ਼ ਵਿਕਾਸ ਦੁਬੇ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਇਸ ਪੋਸਟਮਾਰਟਮ ਰਿਪੋਰਟ ਵਿਚ ਪੁਸ਼ਟੀ ਹੋਈ ਹੈ ਕਿ ਉਸ ਦੀ ਮੌਤ ਵਧੇਰੇ ਖੂਨ ਵਹਿਣ ਅਤੇ ਸਦਮੇ ਕਾਰਨ ਹੋਈ। ਦਰਅਸਲ ਵਿਕਾਸ ਦੁਬੇ ਦੀ ਪੋਸਟਮਾਰਟਮ ਰਿਪੋਰਟ ਸੋਮਵਾਰ ਯਾਨੀ ਕਿ ਅੱਜ ਜਨਤਕ ਹੋਈ। ਇਸ ਵਿਚ ਪੁਸ਼ਟੀ ਹੋਈ ਹੈ ਕਿ ਖੂੰਖਾਰ ਬਦਮਾਸ਼ ਨੂੰ 3 ਗੋਲੀਆਂ ਲੱਗੀਆਂ ਸਨ ਅਤੇ ਤਿੰਨੋਂ ਗੋਲੀਆਂ ਉਸ ਦੇ ਸਰੀਰ ਦੇ ਆਰ-ਪਾਰ ਹੋ ਗਈਆਂ ਸਨ। ਵਿਕਾਸ ਦੀ ਲਾਸ਼ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦੀ ਟੀਮ ਨੇ ਕੀਤਾ ਅਤੇ ਪੂਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕਰਵਾਈ ਗਈ। 

ਇਹ ਵੀ ਪੜ੍ਹੋ: ਖੁਲਾਸਾ; ਵਿਕਾਸ ਦੁਬੇ ਤੇ ਸਾਥੀਆਂ ਨੇ ਪੁਲਸ ਮੁਲਾਜ਼ਮਾਂ ਦਾ ਬੇਰਹਿਮੀ ਨਾਲ ਕੀਤਾ ਸੀ ਕਤਲ

ਪੋਸਟਮਾਰਟਮ ਰਿਪੋਰਟ ਮੁਤਾਬਕ ਵਿਕਾਸ ਦੇ ਸਰੀਰ ਵਿਚ ਕੁੱਲ 10 ਜ਼ਖ਼ਮ ਪਾਏ ਗਏ, ਜਿਨ੍ਹਾਂ 'ਚ 6 ਜ਼ਖ਼ਮ ਗੋਲੀਆਂ ਦੇ ਹਨ, ਜਦਕਿ ਹੋਰ 4 ਜ਼ਖ਼ਮ ਸਰੀਰ ਦੇ ਸੱਜੇ ਹਿੱਸੇ ਵਿਚ ਹਨ, ਜੋ ਗੋਲੀ ਲੱਗਣ ਤੋਂ ਬਾਅਦ ਵਿਕਾਸ ਦੇ ਡਿੱਗਣ ਕਾਰਨ ਹੋਏ। ਰਿਪੋਰਟ ਵਿਚ ਦੱਸਿਆ ਕਿ ਪਹਿਲੀ ਗੋਲੀ ਉਸ ਦੇ ਸੱਜੇ ਮੋਢੇ 'ਤੇ ਲੱਗੀ, ਜਦਕਿ ਬਾਕੀ ਦੋ ਗੋਲੀਆਂ ਉਸ ਦੇ ਸੀਨੇ 'ਤੇ ਖੱਬੇ ਪਾਸੇ ਵੱਲ ਲੱਗੀਆਂ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਕਾਸ ਦੀ ਮੌਤ ਵਧੇਰੇ ਖੂਨ ਵਹਿਣ ਕਾਰਨ ਹੋਈ ਹੈ। ਰਿਪੋਰਟ ਮੁਤਾਬਕ ਸਰੀਰ ਦੇ ਸੱਜੇ ਹਿੱਸੇ ਵਿਚ ਸਿਰ, ਕੋਹਣੀ, ਪਸਲੀਆਂ ਅਤੇ ਢਿੱਡ 'ਚ ਜ਼ਖ਼ਮ ਦੇ ਨਾਲ ਹਲਕੀ ਸੋਜ ਪਾਈ ਗਈ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਪੁਲਸ ਮੁਕਾਬਲੇ 'ਚ ਮਾਰਿਆ ਗਿਆ ਗੈਂਗਸਟਰ 'ਵਿਕਾਸ ਦੁਬੇ', ਗ੍ਰਿਫ਼ਤਾਰੀ ਦੇ 24 ਘੰਟੇ ਅੰਦਰ ਢੇਰ

ਦੱਸਣਯੋਗ ਹੈ ਕਿ ਪੁਲਸ ਦੀ ਟੀਮ 2-3 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਾਨਪੁਰ ਦੇ ਬਿਕਰੂ ਪਿੰਡ ਵਿਚ ਦਬਿਸ਼ ਦੇਣ ਗਈ ਸੀ। ਵਿਕਾਸ ਦੁਬੇ ਦੇ ਸਾਥੀਆਂ ਨੇ ਪੁਲਸ 'ਤੇ ਘਾਤ ਲਾ ਕੇ ਹਮਲਾ ਕੀਤਾ। ਉਸ ਹਮਲੇ ਵਿਚ 8 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ। ਪੁਲਸ ਟੀਮ 'ਤੇ ਹਮਲੇ ਮਗਰੋਂ ਵਿਕਾਸ ਅਤੇ ਉਸ ਦੇ ਸਾਥੀ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ ਸਨ। ਬਾਅਦ 'ਚ ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਅਤੇ ਕਾਨਪੁਰ ਪੁਲਸ ਨਾਲ 10 ਜੁਲਾਈ ਨੂੰ ਐਨਕਾਊਂਟਰ 'ਚ ਵਿਕਾਸ ਮਾਰਿਆ ਗਿਆ। ਐੱਸ. ਟੀ. ਐੱਫ. ਦਾ ਕਹਿਣਾ ਹੈ ਕਿ ਜਿਸ ਵਾਹਨ ਤੋਂ ਵਿਕਾਸ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਕਾਨਪੁਰ ਲਿਆਂਦਾ ਜਾ ਰਿਹਾ ਸੀ, ਭਾਰੀ ਮੀਂਹ ਕਾਰਨ ਉਹ ਕਾਨਪੁਰ ਸ਼ਹਿਰ ਦੇ ਬਾਹਰੀ ਹਿੱਸੇ 'ਚ ਪਲਟ ਗਿਆ। ਵਿਕਾਸ ਨੇ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਐਨਕਾਊਂਟਰ ਵਿਚ ਮਾਰਿਆ ਗਿਆ।


Tanu

Content Editor Tanu