5,00,000 ਰੁਪਏ ਰਿਸ਼ਵਤ ਲੈਂਦਾ ਵੱਡਾ ਅਫ਼ਸਰ ਗ੍ਰਿਫ਼ਤਾਰ! ਹਰਿਆਣਾ ਵਿਜੀਲੈਂਸ ਦਾ ਵੱਡਾ ਐਕਸ਼ਨ
Sunday, Sep 20, 2026 - 08:19 PM (IST)
ਕੁਰੂਕਸ਼ੇਤਰ (ਭਾਸ਼ਾ): ਹਰਿਆਣਾ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਐਤਵਾਰ ਨੂੰ CID ਦੇ ਇਕ ਇੰਸਪੈਕਟਰ ਨੂੰ ਕਥਿਤ ਤੌਰ 'ਤੇ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਅਫ਼ਸਰ ਦੀ ਪਛਾਣ ਹਰਿਆਣਾ ਸੀ.ਆਈ.ਡੀ. ਵਿਚ ਤਾਇਨਾਤ ਇੰਸਪੈਕਟਰ ਰਾਜੇਸ਼ ਕੁਮਾਰ ਵਜੋਂ ਹੋਈ ਹੈ। ਇੰਸਪੈਕਟਰ 'ਤੇ ਇਲਜ਼ਾਮ ਹੈ ਕਿ ਉਸ ਨੇ ਯਮੁਨਾਨਗਰ ਅਤੇ ਕਰਨਾਲ ਵਿਚਕਾਰ ਮਾਈਨਿੰਗ ਸਮੱਗਰੀ ਲੈ ਕੇ ਜਾਣ ਵਾਲੇ ਵਾਹਨਾਂ ਦੀ ਬਿਨਾਂ ਕਿਸੇ ਰੁਕਾਵਟ ਆਵਾਜਾਈ ਦੇ ਬਦਲੇ ਇਕ ਟਰਾਂਸਪੋਰਟਰ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਅਨੁਸਾਰ, ਇੰਸਪੈਕਟਰ ਨੇ ਸ਼ੁਰੂ ਵਿਚ ਪ੍ਰਤੀ ਵਾਹਨ 10,000 ਰੁਪਏ ਮਹੀਨਾ ਮੰਗੇ ਸਨ। ਬਾਅਦ ਵਿਚ 19 ਸਤੰਬਰ ਨੂੰ ਮੁਲਜ਼ਮ ਲਗਭਗ 70 ਵਾਹਨਾਂ ਲਈ ਪ੍ਰਤੀ ਵਾਹਨ 7,000 ਰੁਪਏ ਲੈਣ 'ਤੇ ਸਹਿਮਤ ਹੋ ਗਿਆ ਅਤੇ ਕੁੱਲ ਮਹੀਨਾਵਾਰ ਰਿਸ਼ਵਤ 5 ਲੱਖ ਰੁਪਏ ਤੈਅ ਕੀਤੀ ਗਈ।
ਸ਼ਿਕਾਇਤ ਦੀ ਪੁਸ਼ਟੀ ਕਰਨ ਤੋਂ ਬਾਅਦ, ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਕੁਰੂਕਸ਼ੇਤਰ ਦੇ ਉਮਰੀ ਚੌਕ 'ਤੇ ਇੰਸਪੈਕਟਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਵਿਜੀਲੈਂਸ ਵੱਲੋਂ ਮੁਲਜ਼ਮ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
