ਅਮਿਤ ਸ਼ਾਹ ਦਾ ਸਾਬਕਾ ਰਾਜਪਾਲ ’ਤੇ ਭੜਕਣ ਦਾ ਵੀਡੀਓ ਵਾਇਰਲ, DMK ਨੇ ਕਿਹਾ ਇਹ ਕਿਸ ਤਰ੍ਹਾਂ ਦੀ ਸਿਆਸਤ

06/14/2024 1:31:56 PM

ਨੈਸ਼ਨਲ ਡੈਸਕ- ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ ਨੇ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕ ਲਈ। ਇਸੇ ਦਰਮਿਆਨ ਮੰਚ ’ਤੇ ਇਕ ਅਜਿਹੀ ਘਟਨਾ ਵਾਪਰੀ ਜਿਸ ਦੀ ਹੁਣ ਹਰ ਪਾਸੇ ਚਰਚਾ ਹੋ ਰਹੀ ਹੈ। ਐੱਨ. ਚੰਦਰਬਾਬੂ ਨਾਇਡੂ ਦੇ ਸਹੁੰ ਚੁੱਕ ਸਮਾਰੋਹ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਨੇਤਾ ਅਤੇ ਤੇਲੰਗਾਨਾ ਦੀ ਸਾਬਕਾ ਰਾਜਪਾਲ ਤਮਿਲਸਾਈ ਸੌਂਦਰਿਆਰਾਜਨ ’ਤੇ ਕਿਸੇ ਗੱਲ ਨੂੰ ਲੈ ਕੇ ਭੜਕ ਗਏ ਅਤੇ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਹੋਏ ਨਜ਼ਰ ਆਏ। ਝਾੜ ਪਾਉਣ ਵਾਲਾ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਿਵਾਦ ਅਤੇ ਅਟਕਲਾਂ ਨੂੰ ਜਨਮ ਦੇ ਰਿਹਾ ਹੈ। ਇਸ ਵਿਵਾਦ ਨੇ ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਡੀ. ਐੱਮ. ਕੇ. ਦਾ ਧਿਆਨ ਖਿੱਚਿਆ ਹੈ। ਡੀ. ਐੱਮ. ਕੇ. ਦੇ ਬੁਲਾਰੇ ਸਰਵਨਨ ਅੰਨਾਦੁਰਈ ਨੇ ‘ਐਕਸ’ ਤੋਂ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਸਿਆਸਤ ਹੈ? ਕੀ ਤਾਮਿਲਨਾਡੂ ਦੀ ਇਕ ਮੁਖੀ ਮਹਿਲਾ ਰਾਜਨੇਤਾ ਨੂੰ ਜਨਤਕ ਤੌਰ ’ਤੇ ਝਾੜ ਪਾਉਣੀ ਸ਼ਿਸ਼ਟਾਚਾਰ ਹੈ? ਅਮਿਤ ਸ਼ਾਹ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਰ ਕੋਈ ਇਸ ਨੂੰ ਦੇਖੇਗਾ। ਇਹ ਬਹੁਤ ਗਲਤ ਉਦਾਹਰਣ ਹੈ।

ਕੈਮਰੇ ਵਿਚ ਕੈਦ ਹੋਈ ਇਸ ਸੰਖੇਪ ਗੱਲਬਾਤ ਵਿਚ ਤਮਿਲਸਾਈ ਅਮਿਤ ਸ਼ਾਹ ਦਾ ਅਭਿਵਾਦਨ ਕਰਦੀ ਹੋਈ ਦਿਖਾਈ ਦਿੰਦੀ ਹੈ ਪਰ ਅਮਿਤ ਸ਼ਾਹ ਉਸ ਨੂੰ ਵਾਪਸ ਸੱਦਦੇ ਹਨ ਅਤੇ ਉਸ ਨੂੰ ਕੁਝ ਕਹਿੰਦੇ ਹਨ ਜਦਕਿ ਸਾਬਕਾ ਉਪ ਰਾਸ਼ਟਰਪਤੀ ਇਹ ਸਭ ਦੇਖਦੇ ਰਹਿੰਦੇ ਹਨ। ਸੌਂਦਰਿਆਰਾਜਨ ਨੇ ਸਿਰ ਹਿਲਾ ਕੇ ਸਹਿਮਤੀ ਦਿਖਾਈ ਪਰ ਇਸ ਤੋਂ ਬਾਅਦ ਅਮਿਤ ਸ਼ਾਹ ਦੇ ਹਾਵ-ਭਾਵ ਬਦਲ ਗਏ। ਵੀਡੀਓ ਦੇਖਣ ’ਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਤਮਿਲਸਾਈ ਨੂੰ ‘ਚਿਤਾਵਨੀ’ ਦਿੱਤੀ ਹੈ। ਕੁਝ ਲੋਕਾਂ ਨੇ ਇਸ ਘਟਨਾ ਨੂੰ ਖਾਸ ਕਰ ਕੇ ਸੂਬਾ ਪ੍ਰਧਾਨ ਕੇ. ਅੰਨਾਮਲਾਈ ਅਤੇ ਤਮਿਲਸਾਈ ਸੌਂਦਰਿਆਰਾਜਨ ਦੇ ਸਮਰਥਕਾਂ ਦਰਮਿਆਨ ਤਾਮਿਲਨਾਡੂ ਭਾਜਪਾ ਦੇ ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਨਾਲ ਜੋੜਿਆ ਹੈ। ਅਜਿਹਾ ਲਗਦਾ ਹੈ ਕਿ ਮੂਲ ਮੁੱਦਾ ਤਾਮਿਲਨਾਡੂ ਭਾਜਪਾ ਪ੍ਰਧਾਨ ਕੇ. ਅੰਨਾਮਲਾਈ ਅਤੇ ਤਮਿਲਸਾਈ ਸੌਂਦਰਿਆਰਾਜਨ ਦਰਮਿਆਨ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਪੈਦਾ ਹੋਈ ਤਰੇੜ ਹੈ। ਵਿਵਾਦ ਓਦੋਂ ਸ਼ੁਰੂ ਹੋਇਆ ਜਦੋਂ ਭਾਜਪਾ ਸੂਬੇ ਵਿਚ ਲੋਕ ਸਭਾ ਚੋਣਾਂ ਵਿਚ ਇਕ ਵੀ ਸੀਟ ਨਹੀਂ ਜਿੱਤ ਸਕੀ, ਪਾਰਟੀ ਅਹੁਦੇਦਾਰਾਂ ਨੇ ਕਥਿਤ ਤੌਰ ’ਤੇ ਹਾਰ ਲਈ ਅੰਨਾਮਲਾਈ ਨੂੰ ਜ਼ਿੰਮੇਵਾਰ ਠਹਿਰਾਇਆ।

ਹਾਰ ਲਈ ਅੰਨਾਮਲਾਈ ’ਤੇ ਕੀਤਾ ਤੰਜ਼

ਉਨ੍ਹਾਂ ਨੇ ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਚੋਣਾਂ ਵਿਚ ਹਾਰ ਲਈ ਅੰਨਾਮਲਾਈ ’ਤੇ ਤੰਜ਼ ਵੀ ਕੀਤਾ। ਇਹ ਅੰਨਾਮਲਾਈ ਦੇ ਸਮਰਥਕਾਂ ਨੂੰ ਪਸੰਦ ਨਹੀਂ ਆਇਆ, ਜਿਨ੍ਹਾਂ ਨੇ ਆਨਲਾਈਨ ਤਮਿਲਸਾਈ ਦੀ ਨਿੰਦਾ ਕੀਤੀ। ਉਨ੍ਹਾਂ ਦੇ ਸਮਰਥਕਾਂ ਨੇ ਵੀ ਇਹੋ ਕੀਤਾ ਅਤੇ ਸੋਸ਼ਲ ਮੀਡੀਆ ’ਤੇ ਇਕ ਭਿਆਨਕ ਟਕਰਾਅ ਸ਼ੁਰੂ ਹੋ ਗਿਆ। ਤਮਿਲਸਾਈ ਸੌਂਦਰਿਆਰਾਜਨ ਨੇ ਅਜੇ ਤੱਕ ਵੀਡੀਓ ਕਲਿੱਪ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਜੋ ਇਕ ਗਰਮਾ-ਗਰਮ ਬਹਿਸ ਦਾ ਵਿਸ਼ਾ ਬਣ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News