ਭਾਰਤ ''ਚ ਲੋਕਪ੍ਰਿਅ ਹੋ ਰਹੇ ਵੀਡੀਓ ਕਾਨਫਰੰਸਿੰਗ ਐਪ ''ਜੂਮ'' ''ਤੇ ਚੀਨ ਤੋਂ ਖਤਰਾ!
Tuesday, Apr 07, 2020 - 05:16 PM (IST)

ਨਵੀਂ ਦਿੱਲੀ— ਸੋਸ਼ਲ ਮੀਡੀਆ ਤੋਂ ਬਿਨਾਂ ਇਨਸਾਨ ਨੂੰ ਆਪਣੀ ਜ਼ਿੰਦਗੀ ਅਧੂਰੀ ਜਿਹੀ ਜਾਪਦੀ ਹੈ। ਫੇਸਬੁੱਕ, ਟਵਿੱਟਰ, ਸਕਾਈਪ, ਵਟਸਐਪ ਆਦਿ ਸੋਸ਼ਲ ਮੀਡੀਆ ਦਾ ਹਿੱਸਾ ਹਨ, ਜਿਨ੍ਹਾਂ ਦੀ ਅੱਜ ਦੇ ਸਮੇਂ 'ਚ ਇਨਸਾਨ ਨੂੰ ਵਧੇਰੇ ਲੋੜ ਹੈ। ਇਹ ਸੋਸ਼ਲ ਮੀਡੀਆ ਐਪ ਦੀ ਜ਼ਿਆਦਾ ਵਰਤੋਂ ਕਰ ਕੇ ਕਈ ਵਾਰ ਸਾਡੇ ਲਈ ਖਤਰਨਾਕ ਵੀ ਸਾਬਤ ਹੋ ਜਾਂਦੇ ਹਨ। ਅਸੀਂ ਅੱਜ ਗੱਲ ਕਰ ਰਹੇ ਹਾਂ ਲੋਕਪ੍ਰਿਅ ਵੀਡੀਓ ਕਾਨਫਰੰਸਿੰਗ ਐਪ 'ਜੂਮ' ਬਾਰੇ। ਜੂਮ ਬਾਰੇ ਖ਼ਬਰਾਂ ਆ ਰਹੀਆਂ ਹਨ ਕਿ ਇਸ ਵਿਚ ਹੈਕਿੰਗ ਦਾ ਖਤਰਾ ਹੈ ਅਤੇ ਹਾਲ 'ਚ ਇਕ ਜਾਂਚ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਕੰਪਨੀ ਕੁਝ ਗੁਪਤ ਜਾਣਕਾਰੀ ਚੀਨ ਭੇਜਦੀ ਹੈ। ਭਾਰਤ ਅਜੇ ਇਸ ਤੋਂ ਬੇਖ਼ਬਰ ਹੈ ਅਤੇ ਇਸ ਐਪ ਦੀ ਲੋਕਪ੍ਰਿਅਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ।ਬੀਤੇ ਦਿਨੀਂ ਕੈਨੇਡਾ ਦੀ ਇਕ ਸੁਤੰਤਰ ਸੋਧ ਸੰਸਥਾ ਸਿਟੀਜ਼ਨ ਲੈਬਸ ਨੇ ਖੁਲਾਸਾ ਕੀਤਾ ਕਿ ਜੂਮ 'ਤੇ ਵੀਡੀਓ ਕਾਨਫਰੰਸਿੰਗ ਲਈ ਐਨਕ੍ਰਿਪਸ਼ਨ ਅਤੇ ਡਿਕ੍ਰਿਪਸ਼ਨ ਦੀ ਵੰਡ ਲਈ ਚੀਨ ਦੇ ਸਰਵਰਾਂ ਦਾ ਇਸਤੇਮਾਲ ਕੀਤਾ ਗਿਆ। ਸਿਟੀਜ਼ਨ ਲੈਬਸ ਦੇ ਸੋਧਕਰਤਾਵਾਂ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਚੀਨ ਦੇ ਸਰਵਰਾਂ ਜ਼ਰੀਏ ਜਾਣਕਾਰੀ ਵੰਡੀ ਜਾ ਰਹੀ ਹੈ। ਇਹ ਇਕ ਚਿੰਤਾ ਦਾ ਵਿਸ਼ਾ ਹੈ।
ਹਾਲ ਦੇ ਦਿਨਾਂ ਵਿਚ ਜੂਮ ਬੇਹੱਦ ਲੋਕਪ੍ਰਿਅ ਬਣ ਕੇ ਉੱਭਰਿਆ ਹੈ, ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਜ਼ਿਆਦਾਤਰ ਦੇਸ਼ਾਂ ਵਿਚ ਲਾਕਡਾਊਨ ਦੀ ਸਥਿਤੀ ਹੈ ਅਤੇ ਲੋਕ ਘਰਾਂ ਤੋਂ ਕੰਮ ਕਰ ਰਹੇ ਹਨ। ਪਿਛਲੇ ਹਫਤੇ ਗੂਗਲ ਪਲੇਅ ਤੋਂ ਡਾਊਨਲੋਡ ਦੇ ਮਾਮਲੇ ਵਿਚ ਇਸ ਨੇ ਵਟਸਐਪ ਅਤੇ ਟਿਕ-ਟਾਕ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਹਾਲਾਂਕਿ ਭਾਰਤ 'ਚ ਜੂਮ ਲੋਕਪ੍ਰਿਅ ਹੋ ਰਿਹਾ ਹੈ ਅਤੇ ਇਨ੍ਹਾਂ ਖੁਲਾਸਿਆਂ ਦਾ ਉਸ ਦੇ ਕਾਰੋਬਾਰ 'ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਵੱਡੀ ਗਿਣਤੀ 'ਚ ਕੰਪਨੀਆਂ ਅਤੇ ਸਰਕਾਰਾਂ ਲਗਾਤਾਰ ਇਸ ਪਲੇਟਫਾਰਮ ਦਾ ਇਸਤੇਮਾਲ ਕਰ ਰਹੀਆਂ ਹਨ। ਦਰਅਸਲ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਜੂਨ ਵੀਡੀਓ ਕਾਨਫਰੰਸਿੰਗ ਐਪ ਦੇ ਸੁਰੱਖਿਅਤ ਇਸਤੇਮਾਲ ਬਾਰੇ 30 ਮਾਰਚ ਨੂੰ ਇਕ ਸਲਾਹ ਜਾਰੀ ਕੀਤੀ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਆਪਣੇ ਡਾਟਾ ਦੀ ਸੁਰੱਖਿਆ ਲਈ ਯੂਜ਼ਰ ਨੂੰ ਕੀ-ਕੀ ਕਦਮ ਚੁੱਕਣੇ ਚਾਹੀਦੇ ਹਨ।
ਇੰਝ ਕਰੋ ਜੂਮ ਦੀ ਸੁਰੱਖਿਅਤ ਵਰਤੋਂ—
ਜੂਮ ਸਾਫਟਵੇਅਰ ਨੂੰ ਹਰ ਵਾਰ ਅਪਡੇਟ ਕਰੋ।
ਮਜ਼ਬੂਤ ਅਤੇ ਮੁਸ਼ਕਲ ਪਾਸਵਰਡ ਲਗਾਓ।
ਜ਼ਿਆਦਾ ਸੁਰੱਖਿਅਤ ਮੀਟਿੰਗ ਲਈ ਵੇਟਿੰਗ ਰੂਮ ਫੀਚਰ ਨੂੰ ਸਰਗਰਮ ਕਰੋ।
ਸੰਭਵ ਹੋ ਸਕੇ ਤਾਂ ਫਾਈਲ ਟਰਾਂਸਫਰ ਨੂੰ ਨਾਕਾਰ ਦਿਓ।
ਸਾਰੇ ਲੋਕਾਂ ਦੇ ਸ਼ਾਮਲ ਹੋਣ ਤੋਂ ਬਾਅਦ ਮੀਟਿੰਗ ਨੂੰ ਲਾਕ ਕਰ ਦਿਓ।