ਉਪ ਰਾਸ਼ਟਰਪਤੀ ਚੋਣ : ਵੋਟਾਂ ਤੋਂ ਪਹਿਲਾਂ ਇੰਡੀਆ ਗੱਠਜੋੜ ਦੀ ‘ਮੌਕ ਪੋਲ’ ਕਰਾਉਣ ਦੀ ਯੋਜਨਾ

Thursday, Sep 04, 2025 - 12:45 AM (IST)

ਉਪ ਰਾਸ਼ਟਰਪਤੀ ਚੋਣ : ਵੋਟਾਂ ਤੋਂ ਪਹਿਲਾਂ ਇੰਡੀਆ ਗੱਠਜੋੜ ਦੀ ‘ਮੌਕ ਪੋਲ’ ਕਰਾਉਣ ਦੀ ਯੋਜਨਾ

ਨਵੀਂ ਦਿੱਲੀ,(ਯੂ. ਐੱਨ. ਆਈ.)- ‘ਇੰਡੀਆ’ ਗੱਠਜੋੜ ਉਪ ਰਾਸ਼ਟਰਪਤੀ ਚੋਣ ਨੂੰ ਲੈ ਕੇ ਵੋਟਿੰਗ ਤੋਂ ਪਹਿਲਾਂ ਨਵੇਂ ਸੰਸਦ ਮੈਂਬਰਾਂ ਨੂੰ ‘ਮੌਕ ਪੋਲ’ ਰਾਹੀਂ ਵੋਟਿੰਗ ਪ੍ਰਕਿਰਿਆ ਸਮਝਾਉਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਸੰਸਦ ਮੈਂਬਰਾਂ ਨੂੰ ਵੋਟਿੰਗ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਸੂਤਰਾਂ ਅਨੁਸਾਰ, ਉਪ ਰਾਸ਼ਟਰਪਤੀ ਚੋਣ ਤੋਂ ਠੀਕ ਇਕ ਦਿਨ ਪਹਿਲਾਂ 8 ਸਤੰਬਰ ਨੂੰ ਇੰਡੀਆ ਅਲਾਇੰਸ ਦੇ ਸੰਸਦ ਮੈਂਬਰ ਦਿੱਲੀ ਵਿਚ ਇਕ ਮੀਟਿੰਗ ਕਰਨਗੇ। ਇਸ ਦੌਰਾਨ ਉਨ੍ਹਾਂ ਨੂੰ ਵੋਟਿੰਗ ਪ੍ਰਕਿਰਿਆ ਸਮਝਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਸੰਵਿਧਾਨ ਦੀ ਧਾਰਾ 66(1) ਮੁਤਾਬਕ ਉਪ ਰਾਸ਼ਟਰਪਤੀ ਦੀ ਚੋਣ ਸਿੰਗਲ ਟ੍ਰਾਂਸਫਰੇਬਲ ਵੋਟਿੰਗ ਸਿਸਟਮ ਰਾਹੀਂ ਹੁੰਦੀ ਹੈ। ਇਸ ਵਿਚ ਸੰਸਦ ਮੈਂਬਰ ਉਮੀਦਵਾਰਾਂ ਦੇ ਨਾਵਾਂ ਦੇ ਅੱਗੇ ਆਪਣੀ ਪਸੰਦ ਨੂੰ ਚਿੰਨ੍ਹਿਤ ਕਰਦੇ ਹਨ। ਪਹਿਲੀ ਪਸੰਦ ਲਾਜ਼ਮੀ ਹੈ, ਜਦੋਂ ਕਿ ਬਾਕੀ ਤਰਜੀਹਾਂ ਵਿਕਲਪ ਹਨ। ਪਹਿਲੀ ਤਰਜੀਹ ਜੇਕਰ ਨਹੀਂ ਦਿੱਤੀ ਗਈ ਹੈ ਤਾਂ ਵੋਟ ਅਵੈਧ ਹੋ ਜਾਂਦੀ ਹੈ। ਵੋਟਿੰਗ ਦੇ ਸਮੇਂ ਚੋਣ ਕਮਿਸ਼ਨ ਇਕ ਵਿਸ਼ੇਸ਼ ਪੈਨ ਦੇਵੇਗਾ ਅਤੇ ਕਿਸੇ ਹੋਰ ਪੈਨ ਤੋਂ ਪਾਈ ਗਈ ਵੋਟ ਵੈਧ ਨਹੀਂ ਹੋਵੇਗੀ।

ਜ਼ਿਕਰਯੋਗ ਹੈ ਕਿ ਇਸ ਵਾਰ ਉਪ ਰਾਸ਼ਟਰਪਤੀ ਚੋਣ ਵਿਚ ਮੁਕਾਬਲਾ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ. ਸੁਦਰਸ਼ਨ ਰੈੱਡੀ ਅਤੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਸਾਬਕਾ ਰਾਜਪਾਲ ਸੀ. ਪੀ. ਰਾਧਾਕ੍ਰਿਸ਼ਨਨ ਵਿਚਕਾਰ ਹੈ। ਰੈੱਡੀ ਨੇ ਸੰਸਦ ਮੈਂਬਰਾਂ ਨੂੰ ਇਕ ਪੱਤਰ ਲਿਖ ਕੇ ਉਨ੍ਹਾਂ ਦਾ ਸਮਰਥਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਸਿਰਫ਼ 2 ਵਿਅਕਤੀਆਂ ਵਿਚਕਾਰ ਨਹੀਂ ਹੈ, ਸਗੋਂ ਇਕ ਵਿਚਾਰਧਾਰਕ ਚੋਣ ਹੈ। ਉਨ੍ਹਾਂ ਵਾਅਦਾ ਕੀਤਾ ਹੈ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਹਨ, ਤਾਂ ਉਹ ਨਿਰਪੱਖਤਾ, ਮਾਣ ਅਤੇ ਸੰਵਾਦ ਦੀ ਪ੍ਰੇਪਰਾ ਨੂੰ ਕਾਇਮ ਰੱਖਦੇ ਹੋਏ ਆਪਣੇ ਫਰਜ਼ ਨਿਭਾਉਣਗੇ। ਉਹ ਵਿਰੋਧੀ ਧਿਰ ਦੇ ਸਾਰੇ ਵੱਡੇ ਨੇਤਾਵਾਂ ਨਾਲ ਲਗਾਤਾਰ ਗੱਲਬਾਤ ਅਤੇ ਮੁਲਾਕਾਤ ਵੀ ਕਰ ਰਹੇ ਹਨ।


author

Rakesh

Content Editor

Related News