ਬਦਲ ਜਾਵੇਗੀ ਇਸ ਸ਼ਹਿਰ ''ਚ ਗੱਡੀਆਂ ਦੀ ਪਛਾਣ, 37 ਸਾਲਾਂ ਬਾਅਦ ਬਦਲੇਗਾ ਕੋਡ
Saturday, Aug 29, 2026 - 11:59 PM (IST)
ਪੁਣੇ : ਮਹਾਰਾਸ਼ਟਰ ਦੇ ਪ੍ਰਸਿੱਧ ਸ਼ਹਿਰ ਪੁਣੇ ਦੇ ਵਾਹਨਾਂ ਦੀ ਪਛਾਣ ਅਗਲੇ ਕੁਝ ਦਿਨਾਂ ਵਿੱਚ ਬਦਲਣ ਜਾ ਰਹੀ ਹੈ। ਸ਼ਹਿਰ ਵਿੱਚ ਪਿਛਲੇ ਲਗਭਗ 37 ਸਾਲਾਂ ਤੋਂ ਨਵੇਂ ਵਾਹਨਾਂ ਦੇ ਰਜਿਸਟ੍ਰੇਸ਼ਨ ਲਈ ਵਰਤਿਆ ਜਾ ਰਿਹਾ 'MH-12' ਕੋਡ ਹੁਣ ਇਤਿਹਾਸ ਬਣ ਜਾਵੇਗਾ ਅਤੇ ਇਸ ਦੀ ਜਗ੍ਹਾ ਨਵਾਂ 'MH-61' ਕੋਡ ਲਾਗੂ ਕੀਤਾ ਜਾਵੇਗਾ।
ਪੁਣੇ ਆਰ.ਟੀ.ਓ. (RTO) ਵਿੱਚ ਮੌਜੂਦਾ ਅਲਫ਼ਾਨਿਊਮੈਰਿਕ ਰਜਿਸਟ੍ਰੇਸ਼ਨ ਨੰਬਰਾਂ ਦੇ ਕੋਮਬੀਨੇਸ਼ਨ ਪੂਰੀ ਤਰ੍ਹਾਂ ਖ਼ਤਮ ਹੋ ਗਏ ਹਨ। ਅਧਿਕਾਰੀਆਂ ਅਨੁਸਾਰ, 'MH-12' ਕੋਡ ਦੇ ਤਹਿਤ ਆਖਰੀ 'ZZ' ਸੀਰੀਜ਼ ਦੇ ਸਾਰੇ 9999 ਨੰਬਰ ਇਸ ਹਫ਼ਤੇ ਖ਼ਤਮ ਹੋ ਚੁੱਕੇ ਹਨ। ਭਾਰਤ ਦੇ ਵਾਹਨ ਰਜਿਸਟ੍ਰੇਸ਼ਨ ਸਿਸਟਮ ਵਿੱਚ 'I' (ਆਈ) ਅਤੇ 'O' (ਓ) ਅੱਖਰਾਂ ਨੂੰ ਛੱਡ ਕੇ ਅਲਫ਼ਾਨਿਊਮੈਰਿਕ ਕੋਮਬੀਨੇਸ਼ਨ ਰਾਹੀਂ ਵੱਧ ਤੋਂ ਵੱਧ 59 ਲੱਖ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਨੰਬਰ ਬਣਾਏ ਜਾ ਸਕਦੇ ਹਨ, ਪਰ ਪੁਣੇ ਵਿੱਚ ਵਾਹਨਾਂ ਦੀ ਗਿਣਤੀ ਇਸ ਸੀਮਾ ਨੂੰ ਪਾਰ ਕਰ ਚੁੱਕੀ ਹੈ।
ਟਰਾਂਸਪੋਰਟ ਕਮਿਸ਼ਨਰ ਦਫ਼ਤਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਵੇਂ ਵਾਹਨਾਂ ਦਾ 'MH-61' ਕੋਡ ਤਹਿਤ ਰਜਿਸਟ੍ਰੇਸ਼ਨ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ। ਇਸ ਵੇਲੇ ਨੈਸ਼ਨਲ ਇਨਫਾਰਮੇਸ਼ਨ ਸੈਂਟਰ (NIC) ਦਾ ਸਿਸਟਮ ਬੈਕਐਂਡ ਟੈਸਟਿੰਗ ਵਿੱਚ ਰੁੱਝਿਆ ਹੋਇਆ ਹੈ। ਆਮ ਲੋਕਾਂ ਲਈ ਰਜਿਸਟ੍ਰੇਸ਼ਨ ਖੋਲ੍ਹਣ ਤੋਂ ਪਹਿਲਾਂ ਫੈਂਸੀ (ਵੀ.ਆਈ.ਪੀ.) ਨੰਬਰਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ, ਜਿਨ੍ਹਾਂ ਲਈ ਵਾਹਨ ਮਾਲਕਾਂ ਨੂੰ ਵਾਧੂ ਫੀਸ ਦੇਣੀ ਪੈਂਦੀ ਹੈ। ਫੈਂਸੀ ਨੰਬਰਾਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਆਮ ਵਾਹਨਾਂ ਲਈ ਨਵੀਂ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋਵੇਗੀ।
ਪੁਣੇ ਆਰ.ਟੀ.ਓ. ਕੋਲ ਇਸ ਸਮੇਂ 44.88 ਲੱਖ ਤੋਂ ਵੱਧ ਲਾਈਵ ਰਜਿਸਟਰਡ ਵਾਹਨ ਮੌਜੂਦ ਹਨ। ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਾਹਨਾਂ ਦੀ ਰਜਿਸਟ੍ਰੇਸ਼ਨ ਸਾਲ 2011 ਤੋਂ ਬਾਅਦ ਹੋਈ ਹੈ। ਦੱਸ ਦੇਈਏ ਕਿ ਪੁਣੇ ਵਿੱਚ 1 ਜੁਲਾਈ 1989 ਤੋਂ ਵਾਹਨਾਂ ਲਈ 'MH-12' ਕੋਡ ਦੀ ਵਰਤੋਂ ਕੀਤੀ ਜਾ ਰਹੀ ਸੀ।
