ਮਹਰੌਲੀ ''ਚ ਸਬਜੀ ਵੇਚਣ ਵਾਲੇ ਨੂੰ ਹੋਇਆ ਕੋਰੋਨਾ, ਇਲਾਕਾ ਸੀਲ
Thursday, Apr 23, 2020 - 11:38 PM (IST)

ਨਵੀਂ ਦਿੱਲੀ - ਰਾਜਧਾਨੀ ਦਿੱਲੀ ਦੇ ਮਹਰੌਲੀ 'ਚ ਇੱਕ ਸਬਜੀ ਵੇਚਣ ਵਾਲੇ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਭਾਜੜ ਮੱਚ ਗਈ। ਸਥਾਨਕ ਪ੍ਰਸ਼ਾਸਨ ਹੁਣ ਉਸ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਦੀ ਜਾਂਚ ਕਰ ਰਿਹਾ ਹੈ। ਉਥੇ ਹੀ ਸਾਵਧਾਨੀ ਦੇ ਤੌਰ 'ਤੇ ਮੰਡੀ ਦੇ ਸਾਰੇ ਸਬਜੀ ਵੇਚਣ ਵਾਲਿਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ।
ਸਾਊਥ ਦਿੱਲੀ ਦੇ ਜ਼ਿਲ੍ਹਾ ਅਧਿਕਾਰੀ ਬੀ.ਐਮ. ਮਿਸ਼ਰਾ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਕੋਰੋਨਾ ਦੇ ਲੱਛਣ ਵਿਕਸਿਤ ਹੋਣ ਤੋਂ ਬਾਅਦ ਉਸ ਨੇ ਆਪਣੀ ਦੁਕਾਨ 'ਚ ਬੈਠਣਾ ਬੰਦ ਕਰ ਦਿੱਤਾ ਸੀ। ਉਹ ਡੀ.ਟੀ.ਸੀ. ਟਰਮਿਲਨ 'ਚ ਸ਼ਿਫਟ ਕੀਤੇ ਗਏ ਮੰਡੀ 'ਚ ਸ਼ਾਮਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸਬਜੀ ਵੇਚਣ ਵਾਲੇ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ ਸੈਂਪਲ ਨੂੰ ਜਾਂਚ ਲਈ ਭੇਜਿਆ ਗਿਆ ਹੈ। ਹਾਲਾਂਕਿ ਉਸ ਦੇ ਨਤੀਜੇ ਦੀ ਉਡੀਕ ਹੈ।
ਇਸ ਤੋਂ ਪਹਿਲਾਂ ਦਿੱਲੀ ਦੇ ਮਹਰੌਲੀ ਇਲਾਕੇ ਦੇ ਲੇਕ ਵਿਊ ਅਪਾਰਟਮੈਂਟ ਨੂੰ ਸੀਲ ਕਰ ਦਿੱਤਾ ਗਿਆ। ਇੱਥੇ ਰਹਿਣ ਵਾਲੀ ਇੱਕ ਸਿਹਤ ਕਰਮਚਾਰੀ ਅਤੇ ਉਨ੍ਹਾਂ ਦਾ ਸਹੁਰਾ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਨ੍ਹਾਂ ਦੇ ਪਰਿਵਾਰ ਦੇ 9 ਲੋਕਾਂ 'ਚ ਕੋਰੋਨਾ ਦੇ ਲੱਛਣ ਹਨ। ਕੋਰੋਨਾ ਪਾਜ਼ੀਟਿਵ ਪਾਏ ਗਏ ਦੋਵੇਂ ਲੋਕ ਕੋਰੋਨਾ ਦੇ ਲੱਛਣ ਹੋਣ ਤੋਂ ਬਾਅਦ ਵੀ ਰੋਜ ਦੇ ਕੰਮ ਕਰ ਰਹੇ ਸਨ। ਅਪਾਰਟਮੇਂਟ 'ਚ ਕਰੀਬ 250 ਲੋਕ ਰਹਿੰਦੇ ਹਨ।
ਦੱਸ ਦਈਏ ਕਿ ਦਿੱਲੀ 'ਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 128 ਨਵੇਂ ਮਾਮਲੇ ਸਾਹਮਣੇ ਆਏ ਹਨ। ਦਿੱਲੀ 'ਚ ਪਿਛਲੇ 24 ਘੰਟੇ 'ਚ 1953 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 128 ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਰਾਜਧਾਨੀ 'ਚ ਕੋਰੋਨਾ ਦੇ ਕੁਲ 2376 ਮਾਮਲੇ ਹੋ ਗਏ ਹਨ। ਪਿਛਲੇ 24 ਘੰਟਿਆਂ 'ਚ 2 ਵਿਅਕਤੀਆਂ ਦੀ ਮੌਤ ਹੋਈ ਹੈ। ਹੁਣ ਤੱਕ ਕੁਲ 50 ਲੋਕਾਂ ਦੀ ਮੌਤ ਹੋਈ ਹੈ।