ਵਸੁੰਧਰਾ ਰਾਜੇ ਬਰਤਰਫ ਨਹੀਂ ਹੋਵੇਗੀ

02/08/2018 10:04:06 AM

ਨਵੀਂ ਦਿੱਲੀ— ਵਿਆਪਕ ਅਟਕਲਾਂ ਦੇ ਬਾਵਜੂਦ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਇਹ ਗੱਲ ਹੁਣ ਭੇਤ ਨਹੀਂ ਰਹੀ ਕਿ ਮੋਦੀ-ਸ਼ਾਹ ਦੀ ਜੋੜੀ ਉਨ੍ਹਾਂ ਨੂੰ ਪਸੰਦ ਨਹੀਂ ਕਰਦੀ ਅਤੇ ਉਹ ਹਮੇਸ਼ਾ ਹੀ ਉਨ੍ਹਾਂ ਦੋਵਾਂ ਤੋਂ ਕਿਸੇ ਇਕ ਨਾਲ ਮੁਲਾਕਾਤ ਕਰਨ ਲਈ ਹਰ ਸੰਭਵ ਯਤਨ ਕਰਦੀ ਰਹਿੰਦੀ ਹੈ। ਜਦੋਂ ਉਪ ਚੋਣਾਂ ਦਾ ਸਮਾਂ ਆਇਆ ਤਾਂ ਉਹ ਚਾਹੁੰਦੀ ਸੀ ਕਿ ਪਾਰਟੀ ਹਾਈਕਮਾਨ 2 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇ ਪਰ ਅਮਿਤ ਸ਼ਾਹ ਨੇ ਵਸੁੰਧਰਾ ਨੂੰ 'ਫ੍ਰੀ ਹੈਂਡ' ਦੇ ਦਿੱਤਾ। ਵਸੁੰਧਰਾ ਚਾਹੁੰਦੀ ਸੀ ਕਿ ਮੋਦੀ ਚੋਣ ਪ੍ਰਚਾਰ ਕਰਨ ਅਤੇ ਘੱਟੋ-ਘੱਟ ਇਕ ਰੈਲੀ ਨੂੰ ਸੰਬੋਧਨ ਕਰਨ। ਉਨ੍ਹਾਂ ਅਜਿਹਾ ਇਸ ਲਈ ਕੀਤਾ ਤਾਂ ਜੋ ਚੋਣਾਂ 'ਚ ਹਾਰ ਦਾ ਦੋਸ਼ ਉਨ੍ਹਾਂ 'ਤੇ ਨਾ ਆਏ। ਉਪ ਚੋਣਾਂ ਦੇ ਨਤੀਜਿਆਂ 'ਚ ਉਹ ਬੁਰੀ ਤਰ੍ਹਾਂ ਹਾਰ ਗਈ। ਇਸ ਸਬੰਧੀ ਹੁਣ ਡੂੰਘੀ ਚੁੱਪ ਛਾਈ ਹੋਈ ਹੈ। ਮੋਦੀ-ਸ਼ਾਹ ਦੀ ਜੋੜੀ ਦਾ ਦੋਸ਼ੀ ਮੁੱਖ ਮੰਤਰੀਆਂ ਨਾਲ ਨਜਿੱਠਣ ਦਾ ਆਪਣਾ ਹੀ ਤਰੀਕਾ ਹੈ। ਉਹ ਅਜਿਹੇ ਆਗੂਆਂ ਨੂੰ ਖੁਦ ਦੀ ਸਿਆਸੀ ਮੌਤ ਮਰਨ ਦੀ ਆਗਿਆ ਦਿੰਦੇ ਹਨ। ਉਦਾਹਰਣ ਵਜੋਂ ਮੋਦੀ ਹਿਮਾਚਲ ਦੇ ਭਾਜਪਾ ਨੇਤਾ ਪੀ. ਕੇ. ਧੂਮਲ ਨੂੰ ਪਸੰਦ ਨਹੀਂ ਕਰਦੇ, ਸਿੱਟਾ ਇਹ ਹੋਇਆ ਕਿ ਸੂਬੇ 'ਚ ਭਾਜਪਾ ਜਿੱਤ ਗਈ ਅਤੇ ਧੂਮਲ ਹਾਰ ਗਏ। ਇਸ ਲਈ ਜਦੋਂ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਤਾਂ ਹਰ ਇਕ ਨੂੰ ਆਪਣੀ ਸਥਿਤੀ ਨੂੰ ਧਿਆਨ ਨਾਲ ਦੇਖਣਾ ਹੋਵੇਗਾ।


Related News