ਕਦੇ ਨਹੀਂ ਭੁੱਲਣਾ ਪਾਤਰ

Sunday, May 12, 2024 - 10:10 AM (IST)

ਕਦੇ ਨਹੀਂ ਭੁੱਲਣਾ ਪਾਤਰ

11 ਮਈ 2024 ਦੀ ਸਵੇਰ ਨੂੰ ਮਾਂ ਬੋਲੀ ਪੰਜਾਬੀ ਨੂੰ ਉਦਾਸ ਕਰਕੇ ਪੰਜਾਬੀ ਕਵਿਤਾ ਦਾ ਸੂਰਜ ਸਦਾ-ਸਦਾ ਛੁਪ ਗਿਆ ਹੈ। ਸਾਡੇ ਸਿਰਮੌਰ ਸ਼ਾਇਰ ਪਦਮ ਸ਼੍ਰੀ ਸੁਰਜੀਤ ਪਾਤਰ ਪੰਜਾਬ ਸਰਕਾਰ ਦੀ ਆਰਟਸ ਕੌਂਸਲ ਚੰਡੀਗੜ੍ਹ ਦੇ ਮੌਜੂਦਾ ਚੇਅਰਮੈਨ ਵੀ ਸਨ। ਡਾ. ਪਾਤਰ ਲੰਬਾ ਸਮਾਂ ਖੇਤੀਬਾੜੀ ਯੂਨੀਵਰਸਿਟੀ ਵਿਚ ਅਧਿਆਪਕ ਰਹੇ। ਬਹੁਤ ਵੱਡਾ ਨਾਂ ਸੀ ਵਿਸ਼ਵ ਭਰ ਵਿਚ ਡਾ. ਪਾਤਰ ਦਾ। ਉਹ ਪੰਜਾਬੀ ਸ਼ਾਇਰੀ ਨੂੰ ਬੜੀ ਦੂਰ ਤੱਕ ਲੈ ਕੇ ਗਏ। ਲਗਭਗ ਸਭਨਾਂ ਭਾਰਤੀ ਭਾਸ਼ਾਵਾਂ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਦਾ ਅਨੁਵਾਦ ਹੋਇਆ। ਉਹ ਲੋਕਾਂ ਦੇ ਮਨਾਂ ਅੰਦਰ ਵੱਸੇ ਹੋਏ ਸ਼ਾਇਰ ਸਨ। ਜਲੰਧਰ ਜ਼ਿਲੇ ਦਾ ਪਿੰਡ ਪੱਤੜ ਕਲਾਂ ਉਨ੍ਹਾਂ ਦਾ ਜੱਦੀ ਪਿੰਡ ਸੀ। ਉਨ੍ਹਾਂ ਦੀਆਂ ਸਾਰੀਆਂ ਕਿਤਾਬਾਂ ਹੀ ਮਕਬੂਲ ਹੋਈਆਂ। ਕਵਿਤਾ ਦੇ ਨਾਲ-ਨਾਲ ਗੀਤ ਵੀ ਲਿਖੇ ਤੇ ਹੰਸ ਰਾਜ ਹੰਸ ਜਿਹੇ ਫਨਕਾਰ ਸਮੇਤ ਹੋਰਨਾਂ ਕਈਆਂ ਨੇ ਉਨ੍ਹਾਂ ਦੇ ਗੀਤ ਗਾਏ। ਭਾਰਤੀ ਸਾਹਿਤ ਅਕਾਦਮੀ ਐਵਾਰਡ ਵੀ ਮਿਲਿਆ ਤੇ ਭਾਰਤ ਸਰਕਾਰ ਵਲੋਂ ‘ਪਦਮ ਸ਼੍ਰੀ’ ਨਾਲ ਵੀ ਨਿਵਾਜਿਆ ਗਿਆ ਸੀ ਉਨ੍ਹਾਂ ਨੂੰ।

ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ 1994 ਵਿਚ ਹੋਈ, ਲਗਾਤਾਰ ਤੀਹ ਸਾਲ ਦਾ ਅਰਸਾ ਸਾਹਿਤਕ ਸਾਂਝ ਬਣੀ ਰਹੀ। ਪੰਜ ਸਾਲ ਤੋਂ ਵੱਧ ਸਮਾਂ ਉਨ੍ਹਾਂ ਨਾਲ ਪੰਜਾਬ ਆਰਟਸ ਕੌਂਸਲ ਵਿਚ ਬਤੌਰ ਮੀਡੀਆ ਅਧਿਕਾਰੀ ਵਜੋਂ ਕੰਮ ਕੀਤਾ। ਉਹ ਕਵੀ ਤਾਂ ਕਮਾਲ ਦੇ ਸਨ ਹੀ ਪਰ ਇਕ ਨੇਕ ਇਨਸਾਨ ਦੇ ਤੌਰ ’ਤੇ ਵੀ ਕੋਈ ਘਾਟ ਨਹੀਂ ਸੀ ਉਨ੍ਹਾਂ ਵਿਚ। ਬਹੁਤ ਘੱਟ ਵੇਲੇ ਅਜਿਹੇ ਆਏ, ਜਦ ਉਨ੍ਹਾਂ ਨੂੰ ਗੁੱਸੇ ਵਿਚ ਵੇਖਿਆ। ਸਾਊ ਸੁਭਾਓ ਵਾਲੇ ਪਾਤਰ ਜੀ ਸ਼ਾਂਤ ਚਿਤ ਰਹਿ ਕੇ ਲਗਾਤਾਰ ਸਾਹਿਤ ਸਿਰਜਣਾ ਕਰਦੇ ਰਹਿੰਦੇ ਸਨ। ਖਾਣਾ ਹਿਸਾਬ ਸਿਰ ਤੇ ਬਹੁਤ ਘੱਟ ਖਾਂਦੇ ਸਨ। ਉਹ ਅਕਸਰ ਹੀ ਸਫਰ ਵਿਚ ਰਹਿੰਦੇ। ਆਪਣੇ ਦਿਹਾਂਤ ਤੋਂ ਇਕ ਦਿਨ ਪਹਿਲਾਂ ਹੀ ਬਰਨਾਲਾ ਵਿਖੇ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਕਰਕੇ ਆਏ। ਕੁਝ ਦੇਰ ਪਹਿਲਾਂ ਸਟੈਂਟ ਵੀ ਪਏ ਸਨ ਤੇ ਬਾਈਪਾਸ ਸਰਜਰੀ ਵੀ ਹੋਈ ਸੀ। ਅੱਜਕਲ ਉਨ੍ਹਾਂ ਦਾ ਸਰੀਰ ਕਮਜ਼ੋਰ ਪੈਣ ਲੱਗ ਪਿਆ ਸੀ।

ਡਾ. ਸੁਰਜੀਤ ਪਾਤਰ ਦੀ ਕਵਿਤਾ ਸਮੇਂ ਦਾ ਸੱਚ ਪੇਸ਼ ਕਰਦੀ ਸੀ ਤੇ ਉਹ ਡੂੰਘੀ ਟਕੋਰ ਵੀ ਸਮਾਜ ਦੇ ਵੱਖ-ਵੱਖ ਭੈੜ ਭਰੇ ਵਰਤਾਰਿਆਂ ’ਤੇ ਕਰਦੇ ਰਹੇ। ਉਨ੍ਹਾਂ ਵਿਚ ਵੱਡਾ ਗੁਣ ਇਹ ਵੀ ਸੀ ਕਿ ਉਹ ਹਰ ਨਵੇਂ ਲੇਖਕ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਵੀ ਕਰਦੇ ਸਨ ਤੇ ਇਓਂ ਉਨ੍ਹਾਂ ਨੇ ਅਣਗਿਣਤ ਨਵੀਨ ਲੇਖਕਾਂ ਦੀਆਂ ਕਿਤਾਬਾਂ ਦੀਆਂ ਭੂਮਿਕਾਵਾਂ ਲਿਖ ਕੇ ਉਨ੍ਹਾਂ ਨੂੰ ਹੌਸਲਾ ਤੇ ਵਡਿਆਈ ਦਿੱਤੀ। ਡਾ. ਪਾਤਰ ਬਹੁਤ ਸਾਰੇ ਮੁਲਕਾਂ ਵਿਚ ਗਏ ਤੇ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਯੋਗਦਾਨ ਦਿੰਦੇ ਰਹੇ। ਡਾ. ਪਾਤਰ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਹਨ ਤੇ ਦੋ ਬੇਟੇ ਹਨ, ਅੰਕੁਰ ਪਾਤਰ ਵੱਡਾ ਬੇਟਾ ਆਸਟ੍ਰੇਲੀਆ ਵਿਚ ਰਹਿ ਰਿਹਾ ਹੈ ਤੇ ਛੋਟਾ ਮਨਰਾਜ ਸਿੰਘ ਅਧਿਆਪਕ ਹੈ ਤੇ ਗਾਇਕ ਵੀ ਵਧੀਆ ਹੈ। ਡਾ. ਪਾਤਰ ਨੇ ਆਪਣੇ ਸਾਰੇ ਪਰਿਵਾਰ ਨੂੰ ਕਲਾ ਤੇ ਸਾਹਿਤ ਨਾਲ ਨੇੜਿਓਂ ਜੋੜ ਕੇ ਰੱਖਿਆ ਸੀ। ਸਮੇਂ-ਸਮੇਂ ਦੀਆਂ ਸਰਕਾਰਾਂ ਡਾ. ਪਾਤਰ ਪਾਸੋਂ ਸਾਹਿਤ ਤੇ ਸੱਭਿਆਚਾਰ ਬਾਰੇ ਸਲਾਹਾਂ ਵੀ ਲੈਂਦੀਆਂ ਰਹੀਆਂ। ਹਰ ਸਿਆਸੀ ਪਾਰਟੀ ਦਾ ਛੋਟਾ-ਵੱਡਾ ਨੇਤਾ ਉਨ੍ਹਾਂ ਦੀ ਦਿਲੋਂ ਕਦਰ ਕਰਦਾ ਸੀ। ਉਹ ਤਰੰਨਮ ਵਿਚ ਆਪਣੀ ਸ਼ਾਇਰੀ ਪੇਸ਼ ਕਰਕੇ ਪੰਡਾਲ ਵਿਚ ਬੈਠੇ ਅਣਗਿਣਤ ਸਰੋਤਿਆਂ ਨੂੰ ਮੋਹ ਲੈਂਦੇ ਸਨ। ਵੱਡੀਆਂ-ਵੱਡੀਆਂ ਸਾਹਿਤਕ ਮਹਿਫਿਲਾਂ, ਕਾਨਫਰੰਸਾਂ ਤੇ ਸੈਮੀਨਾਰਾਂ ਦਾ ਸ਼ਿੰਗਾਰ ਪਾਤਰ ਕਿਸੇ ਅਜਨਬੀ ਨੂੰ ਵੀ ਓਪਰਾ ਨਹੀਂ ਸੀ ਲੱਗਦਾ। ਹਮੇਸ਼ਾ ਨੀਵੀਂ ਸੁਰ ਵਿਚ ਤਹੰਮਲ ਨਾਲ ਗੱਲ ਕਰਦੇ ਸਨ। ਡਾ. ਸੁਰਜੀਤ ਪਾਤਰ ਦਾ ਵਿਛੋੜਾ ਹਰ ਪਾਠਕ, ਸਮੂਹ ਕਲਮਕਾਰਾਂ ਤੇ ਕਲਾਕਾਰਾਂ ਨੂੰ ਬੇਹੱਦ ਉਦਾਸ ਕਰ ਗਿਆ ਹੈ। ਲੱਗਦਾ ਹੈ ਕਿ ਉਹ ਕਿਤੇ ਨਹੀਂ ਗਏ, ਹੁਣੇ ਸਾਡੇ ਕੋਲ ਵਾਪਸ ਆ ਜਾਣਗੇ।

 ਨਿੰਦਰ ਘੁਗਿਆਣਵੀ


author

Tanu

Content Editor

Related News